ਪੰਜਾਬ ਵੱਲ ਵੱਧ ਰਿਹਾ ਭਾਰੀ ਟਿੱਡੀ ਦਲ, ਇਨ੍ਹਾਂ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ

ਹੁਣ ਤੱਕ ਇਸ ਸਾਲ ਵਿਚ ਕਿਸਾਨਾਂ ਅਤੇ ਆਮ ਲੋਕਾਂ ਨੂੰ ਕਾਫੀ ਕੁਦਰਤੀ ਕਰੋਪੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੁਣ ਪੰਜਾਬ ਵਾਸੀਆਂ ਲਈ ਇੱਕ ਹੋਰ ਵੱਡੀ ਮੁਸੀਬਤ ਸਾਹਮਣੇ ਆ ਗਈ ਹੈ। ਦਰਅਸਲ ਤੁਹਾਨੂੰ ਦੱਸ ਦੇਈਏ ਕਿ ਇੱਕ ਵੱਡਾ ਟਿੱਡੀ ਦਲ ਰਾਜਸਥਾਨ ਤੋਂ ਹੁੰਦਾ ਹੋਇਆ ਮੱਧਪ੍ਰਦੇਸ਼ ਵੱਲ ਜਾ ਚੁੱਕਿਆ ਹੈ ਅਤੇ ਇਸ ਨਾਲ ਇਨ੍ਹਾਂ ਸੂਬਿਆਂ ਵਿਚ ਕਾਫੀ ਨੁਕਸਾਨ ਹੋ ਰਿਹਾ ਹੈ। ਹੁਣ ਇਸ ਟਿੱਡੀ ਦਲ ਦੇ ਭਾਰਤ-ਪਾਕਿਸਤਾਨ ਸਰਹੱਦ ਦੇ ਇਲਾਕੇ ਵਿੱਚ ਮੰਡਰਾਉਣ ਕਾਰਨ ਪੰਜਾਬ ‘ਤੇ ਟਿੱਡੀ ਦਲ ਦੇ ਹਮਲੇ ਦਾ
ਖ਼ਤਰਾ ਬਣਿਆ ਹੋਇਆ ਹੈ।

ਬਹੁਤ ਭਾਰੀ ਗਿਣਤੀ ਵਿਚ ਟਿੱਡੀਆਂ ਦਾ ਦਲ ਪਾਕਿਸਤਾਨ ਦੇ ਭਾਰਤ ਨਾਲ ਲੱਗਦੇ ਇਲਾਕਿਆਂ ਵਿਚ ਮੰਡਰਾ ਰਿਹਾ ਹੈ ਅਤੇ ਜੇਕਰ ਹਵਾ ਦਾ ਰੁਖ਼ ਭਾਰਤ ਵੱਲ ਹੁੰਦਾ ਹੈ ਤਾਂ ਪੰਜਾਬ ਵਿੱਚ ਟਿੱਡੀ ਦਲ ਦਾ ਆਉਣਾ ਲਗਭਗ ਤੈਅ ਹੈ। ਟਿੱਡੀ ਦਲ ਦੇ ਹਮਲੇ ਦੇ ਭਾਰੀ ਖ਼ਤਰੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਤਿੰਨ ਸਰਹੱਦੀ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਦੇ ਅਨੁਸਾਰ ਜੇਕਰ ਟਿੱਡੀ ਦਲ ਦਾ ਹਮਲਾ ਹੁੰਦਾ ਹੈ ਤਾਂ ਸਰਕਾਰ ਵੱਲੋਂ ਇਸ ਨਾਲ ਨਜਿੱਠਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਵਿੱਚ ਇੱਕ ਕਰੋੜ ਤੋਂ ਜ਼ਿਆਦਾ ਦੀ ਰਾਸ਼ੀ ਨੂੰ ਦਵਾਈਆਂ ਦੀ ਖਰੀਦ ਲਈ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਖੇਤੀਬਾੜੀ ਮਾਹਿਰਾਂ ਦੇ ਅਨੁਸਾਰ ਜੂਨ ਵਿੱਚ ਪੰਜਾਬ ‘ਤੇ ਟਿੱਡੀ ਦਲ ਦਾ ਹਮਲਾ ਹੋ ਸਕਦਾ ਹੈ।

ਟਿੱਡੀ ਦਲ ਜਿਆਦਾਤਰ ਆਪਣੇ ਆਂਡੇ ਰੇਤੀਲੀ ਜ਼ਮੀਨ ਵਿੱਚ ਦਿੰਦਾ ਹੈ ਅਤੇ ਜਿਆਦਾ ਗਰਮੀ ਵਿਚ ਇਨ੍ਹਾਂ ਦੀ ਪ੍ਰਜਣਨ ਸਮਰੱਥਾ ਵੀ ਵੱਧ ਜਾਂਦੀ ਹੈ। ਇਸੇ ਕਾਰਨ ਪੰਜਾਬ ਦੇ ਰਾਜਸਥਾਨ ਦੀ ਸਰਹੱਦ ਦੇ ਨਾਲ ਲੱਗਣ ਵਾਲੇ ਜ਼ਿਲ੍ਹਿਆਂ ਫਾਜ਼ਿਲਕਾ, ਮੁਕਤਸਰ ਅਤੇ ਬਠਿੰਡਾ ਵਿੱਚ ਇਸਦਾ ਜ਼ਿਆਦਾ ਖ਼ਤਰਾ ਹੈ। ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਇਸ ਹਮਲੇ ਦੇ ਖ਼ਤਰੇ ਕਾਰਨ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸਰਕਾਰ ਨੇ ਫਰੀਦਕੋਟ, ਫਾਜ਼ਿਲਕਾ ਅਤੇ ਬਠਿੰਡਾ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ।