ਛੋਲਿਆਂ ਦੀ ਇਹ ਨਵੀਂ ਕਿਸਮ ਦੇਵੇਗੀ 30 ਕੁਇੰਟਲ ਤੱਕ ਪੈਦਾਵਾਰ

ਕਿਸਾਨ ਵੀਰੋ ਅੱਜ ਅਸੀ ਤੁਹਾਨੂੰ ਛੋਲਿਆਂ ਦੀ ਇੱਕ ਨਵੀਂ ਕਿਸਮ ਬਾਰੇ ਜਾਣਕਾਰੀ ਦੇਵਾਂਗੇ ਜੋ ਕਿ ਲਗਭਗ 30 ਕੁਇੰਟਲ ਤੱਕ ਦੀ ਪੈਦਾਵਾਰ ਦੇਵੇਗੀ ਅਤੇ ਇਸਦੀ ਸਭਤੋਂ ਵੱਡੀ ਖਾਸਿਅਤ ਇਹ ਹੈ ਕਿ ਇਹ ਸਾਰਾ ਸਾਲ ਇੱਕੋ ਜਿਹਾ ਸਵਾਦ ਦੇਵੇਗੀ। ਯਾਨੀ ਇਸਦੇ ਸੁੱਕੇ ਹੋਏ ਛੋਲੇ ਵੀ ਹਰੇ ਛੋਲਿਆਂ ਵਰਗਾ ਸਵਾਦ ਦੇਣਗੇ।

ਤੁਹਾਨੂੰ ਦੱਸ ਦੇਈਏ ਕਿ ਰਾਜਮਾਤਾ ਵਿਜਯਾਰਾਜੇ ਸਿੰਧਿਆ ਖੇਤੀਬਾੜੀ ਯੂਨੀਵਰਸਿਟੀ, ਗਵਾਲੀਅਰ ਦੇ ਵਿਗਿਆਨੀਆਂ ਨੇ 10 ਸਾਲ ਦੀ ਮਿਹਨਤ ਤੋਂ ਬਾਅਦ ਛੋਲਿਆਂ ਦੀ ਨਵੀਂ ਕਿੱਸਮ ਦਾ ਬੀਜ ਤਿਆਰ ਕੀਤਾ ਹੈ।

ਕਿਸਾਨਾਂ ਤੱਕ ਇਹ 2021 ਦੇ ਸੀਜਨ ਤੋਂ ਪਹਿਲਾਂ ਪਹੁਂਚ ਜਾਵੇਗੀ। ਛੋਲਿਆਂ ਦੀ ਇਹ ਕਿਸਮ ਕਿਸਾਨਾਂ ਦੀ ਆਮਦਨ ਨੂੰ ਵੀ ਵਧਾਏਗੀ ਕਿਉਂਕਿ ਇਹ ਬਾਕੀ ਕਿਸਮਾਂ ਨਾਲੋਂ 4 ਗੁਣਾ ਤੱਕ ਜ਼ਿਆਦਾ ਝਾੜ ਦੇਵੇਗੀ। ਹਰੇ ਛੋਲਿਆਂ ਦੀ ਇਸ ਕਿੱਸਮ ਨੂੰ ਰਾਜ ਵਿਜਯ ਗਰਾਮ ( ਆਰਵੀਜੀ – 205 ) ਨਾਮ ਦਿੱਤਾ ਗਿਆ ਹੈ।

ਇਸਨ੍ਹੂੰ ਅਕਤੂਬਰ ਤੋਂ ਮਾਰਚ ਦੇ ਵਿੱਚ ਬੀਜਿਆ ਜਾ ਸਕੇਗਾ ਅਤੇ ਇਹ ਫਸਲ 110 ਦਿਨ ਵਿੱਚ ਤਿਆਰ ਹੋਵੇਗੀ। ਇਸ ਕਿਸਮ ਦੇ ਸੁੱਕੇ ਛੋਲਿਆਂ ਨੂੰ ਪਾਣੀ ਵਿੱਚ ਭਿਉਂ ਕੇ ਰੱਖਿਆ ਜਾਵੇ ਤਾਂ ਇਸਦਾ ਸਵਾਦ ਹਰੇ ਛੋਲਿਆਂ ਦੀ ਤਰ੍ਹਾਂ ਹੀ ਆਵੇਗਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕਿਸਾਨ ਇੱਕ ਹੈਕਟੇਅਰ ਵਿੱਚ ਆਰਵੀਜੀ-205 ਦਾ 80 ਕਿੱਲੋ ਬੀਜ ਪਾਕੇ ਲਗਭਗ ਸਾਢੇ ਤਿੰਨ ਤੋਂ ਚਾਰ ਲੱਖ ਬੂਟੇ ਤਿਆਰ ਕਰ ਸਕਣਗੇ।

ਇਹ ਬੂਟੇ ਘੱਟ ਤੋਂ ਘੱਟ 25 ਤੋਂ 30 ਕੁਇੰਟਲ ਝਾੜ ਦੇਣਗੇ। ਆਮ ਤੌਰ ਉੱਤੇ ਛੋਲਿਆਂ ਦੀ ਔਸਤ ਪੈਦਾਵਾਰ 6 ਤੋਂ 8 ਕੁਇੰਟਲ ਪ੍ਰਤੀ ਹੈਕਟੇਅਰ ਹੁੰਦੀ ਹੈ ਪਰ ਇੰਨੀ ਜ਼ਿਆਦਾ ਪੈਦਵਾਰ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਮਿਲੇਗਾ।

ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ ਗੁਣਵੱਤਾ ਲਈ ਆਰਵੀਜੀ-205 ਦੇ ਪ੍ਰਜਨਕ ਬੀਜ ਤਿਆਰ ਕਰਨ ਦੀ ਪ੍ਰਕਿਰਿਆ ਰਿਸਰਚ ਸੈਂਟਰ ਵਿੱਚ ਪੂਰੀ ਹੋ ਜਾਣ ਤੋਂ ਬਾਅਦ ਇਸਨੂੰ ਬੀਜ ਨਿਗਮ ਨੂੰ ਭੇਜ ਦਿੱਤਾ ਗਿਆ ਹੈ। ਹੁਣ ਬੀਜ ਨਿਗਮ ਆਧਾਰ ਬੀਜ ਤਿਆਰ ਕਰਕੇ ਕਿਸਾਨਾਂ ਨੂੰ ਛੇਤੀ ਉਪਲੱਬਧ ਕਰਾਏਗਾ। ਉਮੀਦ ਹੈ ਕਿ ਇਹ ਕੰਮ ਅਗਲੇ ਸੀਜਨ ਤੋਂ ਪਹਿਲਾਂ ਪੂਰਾ ਹੋ ਜਾਵੇਗਾ।