1600 ਲੀਟਰ ਦੁੱਧ ਵੇਚਕੇ ਹਰ ਰੋਜ਼ 60 ਹਜ਼ਾਰ ਰੁਪਏ ਤੋਂ ਵੀ ਜਿਆਦਾ ਕਮਾ ਰਿਹਾ ਹਰਪ੍ਰੀਤ ਸਿੰਘ

ਪਿੰਡ ਥਾਬਲ (ਫਤਹਿਗੜ੍ਹ ਸਾਹਿਬ) ਦਾ ਪੜ੍ਹਿਆ ਲਿਖਿਆ ਨੌਜਵਾਨ ਹਰਪ੍ਰੀਤ ਸਿੰਘ ਡੇਅਰੀ ਫਾਰਮਿੰਗ ਵਿੱਚ ਇੱਕ ਸਫਲ ਕਿਸਾਨ ਹੈ। ਉਹ ਹਰ ਰੋਜ਼ ਲਗਭਗ 1600 ਲੀਟਰ ਦੁੱਧ 37 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲਕ ਫੇਡ ਮੋਹਾਲੀ ਨੂੰ ਵੇਚ ਕੇ ਚੰਗੀ ਕਮਾਈ ਕਰ ਰਿਹਾ ਹੈ। ਹਰਪ੍ਰੀਤ ਸਿੰਘ ਦੀ ਇੱਕ ਗਾਂ ਪ੍ਰੋਗੇਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਦੇ ਪਸ਼ੂ ਮੇਲੇ ਵਿੱਚ 43 ਲੀਟਰ ਦੁੱਧ ਦੇਕੇ ਪਹਿਲਾ ਸਥਾਨ ਹਾਸਿਲ ਕਰ ਚੁੱਕੀ ਹੈ। ਹਰਪ੍ਰੀਤ ਆਪ ਤਾਂ ਲੱਖਾਂ ਰੁਪਏ ਪ੍ਰਤੀ ਮਹੀਨਾ ਕਮਾ ਹੀ ਰਿਹਾ ਹੈ ਅਤੇ ਨਾਲ ਹੀ ਕਈ ਲੋਕਾਂ ਨੂੰ ਰੋਜ਼ਗਾਰ ਵੀ ਉਪਲੱਬਧ ਕਰਵਾ ਰਿਹਾ ਹੈ।

ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਦੁੱਧ ਦਾ ਕੰਮ ਕਰਿਆ ਕਰਦੇ ਸਨ ਅਤੇ ਉਹ ਉਸੇ ਕੰਮਕਾਰ ਨੂੰ ਸੰਭਾਲ ਕੇ ਅੱਗੇ ਵੱਧ ਰਿਹਾ ਹੈ। 2002 ਵਿੱਚ 20 ਗਾਵਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਨੇ ਡੇਅਰੀ ਦਾ ਕੰਮ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ 2009 ਵਿੱਚ ਉਸਨੇ ਡੇਅਰੀ ਦੀ ਟ੍ਰੇਨਿੰਗ ਲਈ ਅਤੇ ਬੈਂਕ ਤੋਂ ਕਰਜਾ ਲੈ ਮਾਡਲ ਕੈਟਲ ਸ਼ੈਡ ਬਣਾਇਆ। ਇਸ ਉੱਤੇ ਉਸਨੂੰ ਸਰਕਾਰ ਵੱਲੋਂ 1.50 ਲੱਖ ਰੁਪਏ ਸਬਸਿਡੀ ਵੀ ਮਿਲੀ ਸੀ। ਨਾਲ ਹੀ ਗਾਵਾਂ ਦਾ ਦੁੱਧ ਚੋਣ ਵਾਲੀਆਂ ਮਸ਼ੀਨਾਂ ਦੀ ਖਰੀਦ ਉੱਤੇ ਵੀ ਉਹ 20 ਹਜ਼ਾਰ ਦੀ ਸਬਸਿਡੀ ਹਾਸਲ ਕਰ ਚੁੱਕਿਆ ਹੈ।

ਹਰਪ੍ਰੀਤ ਸਿੰਘ ਨੇ ਹੌਲੀ-ਹੌਲੀ ਪਸ਼ੁਆਂ ਦੀ ਗਿਣਤੀ ਵਧਾਉਣੀ ਸ਼ੁਰੂ ਕੀਤੀ ਅਤੇ ਅੱਜ ਉਸਦੇ ਫਾਰਮ ਵਿੱਚ ਲਗਭਗ ਛੋਟੀਆਂ-ਵੱਡੀਆਂ 150 ਗਾਵਾਂ ਹਨ। ਇਸ ਵਿੱਚ HF ਨਸਲ ਦੀਆਂ ਗਾਵਾਂ ਜਿਆਦਾ ਹਨ ਜੋ ਜਿਆਦਾ ਦੁੱਧ ਦਿੰਦੀਆਂ ਹਨ। ਹਰਪ੍ਰੀਤ ਨੇ ਕਿਹਾ ਕਿ ਪੰਜਾਬ ਵਿੱਚ ਸਿਰਫ ਖੇਤੀ ਦੇ ਦਮ ਉੱਤੇ ਅੱਗੇ ਵਧਣ ਦਾ ਦੌਰ ਹੁਣ ਖਤਮ ਹੋ ਚੱਲਿਆ ਹੈ। ਇਸ ਮਾਹੌਲ ਵਿੱਚ ਸਿਰਫ ਸ਼ਾਹੂਕਾਰ ਕਿਸਾਨ ਹੀ ਆਪਣਾ ਪਰਿਵਾਰ ਪਾਲ ਸਕਦੇ ਹਨ। ਛੋਟੇ ਕਿਸਾਨਾਂ ਨੂੰ ਖੇਤੀ ਦੇ ਨਾਲ ਕੋਈ ਸਹਾਇਕ ਧੰਧਾ ਜਰੂਰ ਕਰਨਾ ਚਾਹੀਦਾ ਹੈ।

ਇਸ ਤਰਾਂ ਘਟਾਉਂਦੇ ਹਨ ਖਰਚਾ

ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਸ਼ੁਆਂ ਦੇ ਹਰੇ ਚਾਰੇ ਦੇ ਨਾਲ-ਨਾਲ ਉਹ ਫੀਡ ਵੀ ਆਪ ਹੀ ਤਿਆਰ ਕਰਦਾ ਹੈ। ਇਹ ਫੀਡ ਡੇਅਰੀ ਵਿਕਾਸ ਅਤੇ ਗੁਰੂ ਅੰਗਦ ਦੇਵ ਵੇਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਫਾਰਮੂਲੇ ਦੇ ਅਨੁਸਾਰ ਹੁੰਦੀ ਹੈ, ਤਾਂਕਿ ਉਸ ਵਿੱਚ ਪੌਸ਼ਟਿਕ ਤੱਤ ਜਿਆਦਾ ਹੋਣ। ਇਸਦੇ ਨਾਲ ਹੀ ਪਸ਼ੁਆਂ ਲਈ ਹਰੇ ਚਾਰੇ ਦਾ ਅਚਾਰ ਵੀ ਹਰ ਸਮੇਂ ਮੌਜੂੂਦ ਰਹਿੰਦਾ ਹੈ। ਪਸ਼ੁ ਨਿਰੋਗ ਰਹਿਣ, ਇਸਨ੍ਹੂੰ ਲੈ ਕੇ ਉਹ ਸਮੇਂ ਸਮੇਂ ਉੱਤੇ ਉਨ੍ਹਾਂ ਦੀ ਜਾਂਚ ਕਰਵਾਉਂਦਾ ਹੈ ਅਤੇ ਪਸ਼ੁਆਂ ਨੂੰ ਸਰਦੀ ਅਤੇ ਗਰਮੀ ਤੋਂ ਬਚਾਉਣ ਲਈ ਵੀ ਖਾਸ ਪ੍ਰਬੰਧ ਹਨ।

ਪਸ਼ੁਆਂ ਦੀ ਨਸਲ ਨੂੰ ਲੈ ਕੇ ਵੀ ਚੰਗੀ ਨਸਲ ਦੇ ਬੈਲਾਂ ਦਾ ਸੀਮਨ ਇਸਤੇਮਾਲ ਕੀਤਾ ਜਾਂਦਾ ਹੈ। ਇਸਦੇ ਨਾਲ ਹੀ ਉਹ ਵਿਦੇਸ਼ੀ ਮਾਹਿਰਾਂ ਅਤੇ ਇੰਟਰਨੈਟ ਦੇ ਮਾਧਿਅਮ ਨਾਲ ਵੀ ਨਵੀਂਆਂ ਜਾਣਕਾਰੀਆਂ ਲੈਂਦੇ ਰਹਿੰਦੇ ਹਨ। ਹਰਪ੍ਰੀਤ ਸਿੰਘ ਅਤੇ ਉਸਦੇ ਪਿਤਾ ਅਵਤਾਰ ਸਿੰਘ ਜੋਕਿ ਪ੍ਰਾਗਰੇਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਵੀ ਹਨ, ਨੇ ਕਿਹਾ ਕਿ ਜੇਕਰ ਡੇਅਰੀ ਦਾ ਕੰਮ ਪੂਰੀ ਮਿਹਨਤ ਅਤੇ ਲਗਨ ਨਾਲ ਕੀਤਾ ਜਾਵੇ ਤਾਂ ਇਸ ਵਿੱਚ ਝੋਨਾ-ਕਣਕ ਦੇ ਮੁਕਾਬਲੇ ਕਮਾਈ ਜਿਆਦਾ ਹੈ, ਕਿਉਂਕਿ ਦੁੱਧ ਦੀ ਮੰਗ ਸਾਰਾ ਸਾਲ ਰਹਿੰਦੀ ਹੈ। ਨੌਜਵਾਨ ਕਿਸਾਨਾਂ ਨੂੰ ਅਜਿਹੇ ਕੰਮਾਂ ਵਿੱਚ ਅੱਗੇ ਆਉਣਾ ਚਾਹੀਦਾ ਹੈ।