ਹੁਣ ਫੌਜ ਵਿੱਚ ਕਰੋ 4 ਸਾਲ ਦੀ ਨੌਕਰੀ, ਮਿਲੇਗੀ 7 ਲੱਖ ਤਨਖਾਹ, ਜਾਣੋ ਕੀ ਹੈ ਪੂਰੀ ਯੋਜਨਾ

ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਇੱਕ ਚੰਗੀ ਖਬਰ ਹੈ। ਹੁਣ ਨੌਜਵਾਨ ਫੌਜ ਵਿੱਚ ਸਿਰਫ 4 ਸਾਲ ਦੀ ਨੌਕਰੀ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਸਾਲ ਦੀ 7 ਲੱਖ ਤਨਖਾਹ ਮਿਲੇਗੀ। ਦੱਸ ਦੇਈਏ ਕਿ ਮੰਤਰੀ ਰਾਜਨਾਥ ਸਿੰਘ ਨੇ ਫੌਜ ‘ਚ ਭਰਤੀ ਪ੍ਰਕਿਰਿਆ ‘ਚ ਵੱਡੇ ਬਦਲਾਅ ਲਈ ‘ਅਗਨੀਪਥ ਭਰਤੀ ਯੋਜਨਾ’ ਦਾ ਐਲਾਨ ਕੀਤਾ ਹੈ। ਨੌਜਵਾਨ ਨੂੰ ਇਸ ਸਕੀਮ ਤਹਿਤ ਚਾਰ ਸਾਲ ਲਈ ਫੌਜ ‘ਚ ਭਰਤੀ ਕੀਤਾ ਜਾਵੇਗਾ।

ਇਨ੍ਹਾਂ ਨੌਜਵਾਨਾਂ ਨੂੰ ਨੌਕਰੀ ਛੱਡਣ ਸਮੇਂ ਸਰਵਿਸ ਫੰਡ ਪੈਕੇਜ ਵੀ ਮਿਲੇਗਾ। ਜਿਹੜੇ ਨੌਜਵਾਨ ਇਸ ਸਕੀਮ ਤਹਿਤ ਫੌਜ ‘ਚ ਭਰਤੀ ਹੋਣਗੇ, ਉਨ੍ਹਾਂ ਨੂੰ ਅਗਨੀਵੀਰ ਕਿਹਾ ਜਾਵੇਗਾ। ਖਾਸ ਗੱਲ ਇਹ ਹੈ ਕਿ ਚਾਰ ਸਾਲ ਦੀ ਫੌਜ ਦੀ ਨੌਕਰੀ ਤੋਂ ਬਾਅਦ ਨੌਜਵਾਨਾਂ ਨੂੰ ਭਵਿੱਖ ਲਈ ਹੋਰ ਮੌਕੇ ਵੀ ਦਿੱਤੇ ਜਾਣਗੇ। ਜਿਆਦਾਤਰ ਨੌਜਵਾਨਾਂ ਨੂੰ ਚਾਰ ਸਾਲ ਬਾਅਦ ਮੁਕਤ ਕਰ ਦਿੱਤਾ ਜਾਵੇਗਾ ਅਤੇ ਕੁਝ ਜਵਾਨ ਆਪਣੀ ਨੌਕਰੀ ਜਾਰੀ ਰੱਖਣ ਸਕਣਗੇ।

ਤੁਹਾਨੂੰ ਦੱਸ ਦੇਈਏ ਕਿ ਇਸ ਸਕੀਮ ਵਿੱਚ 17.5 ਸਾਲ ਤੋਂ 21 ਸਾਲ ਤੱਕ ਦੇ ਨੌਜਵਾਨਾਂ ਨੂੰ ਮੌਕਾ ਮਿਲੇਗਾ ਅਤੇ ਇਨ੍ਹਾਂ ਨੌਜਵਾਨ ਆ ਨੂੰ 10 ਹਫ਼ਤਿਆਂ ਤੋਂ 6 ਮਹੀਨਿਆਂ ਤੱਕ ਦੀ ਟਰੇਨਿੰਗ ਵੀ ਦਿੱਤੀ ਜਾਵੇਗੀ। ਇਸ ਸਕੀਮ ਵਿੱਚ 10/12ਵੀਂ ਦੇ ਵਿਦਿਆਰਥੀ ਅਪਲਾਈ ਕਰ ਸਕਦੇ ਹਨ।

ਇਸੇ ਤਰਾਂ ਜੇਕਰ ਦੇਸ਼ ਦੀ ਸੇਵਾ ਦੌਰਾਨ ਕਿਸੇ ਵੀ ਅਗਨੀਵੀਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੇਵਾ ਫੰਡ ਸਮੇਤ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਵਿਆਜ ਸਮੇਤ ਮਿਲੇਗੀ ਅਤੇ ਬਾਕੀ ਦੀ ਤਨਖਾਹ ਵੀ ਮਿਲੇਗੀ। ਜੇਕਰ ਕੋਈ ਅਗਨੀਵੀਰ ਡਿਸੇਬਿਲ ਹੋ ਜਾਂਦਾ ਹੈ ਤਾਂ ਉਸ ਨੂੰ 44 ਲੱਖ ਰੁਪਏ ਤੱਕ ਦੀ ਰਾਸ਼ੀ ਦਿੱਤੀ ਜਾਵੇਗੀ ਅਤੇ ਬਾਕੀ ਨੌਕਰੀ ਦੀ ਤਨਖਾਹ ਵੀ ਮਿਲੇਗੀ।

ਜਾਣਕਾਰੀ ਦੇ ਅਨੁਸਾਰ ਇਨ੍ਹਾਂ ਨੌਜਵਾਨਾਂ ਨੂੰ ਪੂਰੇ ਦੇਸ਼ ‘ਚ ਮੈਰਿਟ ਦੇ ਆਧਾਰ ‘ਤੇ ਭਰਤੀ ਕੀਤਾ ਜਾਵੇਗਾ। ਤਨਖਾਹ ਦੀ ਗੱਲ ਕਰੀਏ ਤਾਂ ਇਸ ਯੋਜਨਾ ਵਿੱਚ ਨੌਜਵਾਨਾਂ ਨੂੰ ਪਹਿਲੇ ਸਾਲ 4.76 ਲੱਖ ਦਾ ਸਾਲਾਨਾ ਪੈਕੇਜ ਮਿਲੇਗਾ ਅਤੇ ਇਸਨੂੰ ਚੌਥੇ ਸਾਲ ਤੱਕ ਵਧਾ ਕੇ 6.92 ਲੱਖ ਹੋ ਜਾਵੇਗੀ। ਨੌਜਵਾਨਾਂ ਨੂੰ ਚਾਰ ਸਾਲ ਦੀ ਸੇਵਾ ਪੂਰੀ ਹੋਣ ਤੋਂ ਬਾਅਦ 11.7 ਲੱਖ ਰੁਪਏ ਦਾ ਸਰਵਿਸ ਫੰਡ ਦਿੱਤਾ ਜਾਵੇਗਾ ਅਤੇ ਇਸ ‘ਤੇ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ।

ਇਸ ਯੋਜਨਾ ਦੀ ਇੱਕ ਹੋਰ ਖਾਸੀਅਤ ਇਹ ਵੀ ਹੈ ਕਿ ਚਾਰ ਸਾਲਾਂ ਦੇ ਅੰਤਰਾਲ ਤੋਂ ਬਾਅਦ ਫ਼ੌਜ ਦੀ ਨੌਕਰੀ ਤੋਂ ਮੁਕਤ ਹੋਣ ਵਾਲੇ ਨੌਜਵਾਨਾਂ ਨੂੰ ਕਿਤੇ ਹੋਰ ਨੌਕਰੀ ਵੀ ਦਵਾਈ ਜਾਵੇਗੀ। ਇਸ ਯੋਜਨਾ ਵਿੱਚ ਚੁਣੇ ਗਏ ਨੌਜਵਾਨਾਂ ਵਿੱਚੋਂ 25 ਫੀਸਦੀ ਸੈਨਿਕ ਫੌਜ ਦੀ ਨੌਕਰੀ ਜਾਰੀ ਰੱਖ ਸਕਣਗੇ ਜੋ ਹੁਨਰਮੰਦ ਅਤੇ ਕਾਬਲ ਹੋਣਗੇ।