ਕੈਨੇਡਾ ਜਾਣ ਵਾਲੇ ਪੰਜਾਬੀਆਂ ਲਈ ਖੁਸ਼ਖਬਰੀ! ਹੁਣ ਨਹੀਂ ਹੋਵੇਗਾ ਇਹ ਧੱਕਾ

ਹਰ ਸਾਲ ਵੱਡੀ ਗਿਣਤੀ ਵਿੱਚ ਪੰਜਾਬੀ ਕੈਨੇਡਾ ਜਾਂਦੇ ਹਨ। ਇਸ ਵਿਚਕਾਰ ਹੁਣ ਕੈਨੇਡਾ ਜਾਣ ਵਾਲੇ ਪੰਜਾਬੀਆਂ ਵਾਸਤੇ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਤੋਂ ਕੈਨੇਡਾ ਵਿੱਚ ਕਾਮਿਆਂ ਨਾਲ ਧੱਕਾ ਨਹੀਂ ਹੋਵੇਗਾ। ਅਕਸਰ ਕੈਨੇਡਾ ‘ਚ ਕੰਮ ਕਰ ਰਹੇ ਵਿਦੇਸ਼ੀ ਕਾਮਿਆਂ ਵਲੋਂ ਇਹ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਉਨ੍ਹਾਂ ਤੋਂ ਕੰਮ ਤਾਂ ਕਰਵਾ ਲਿਆ ਜਾਂਦਾ ਪਰ ਤਨਖਾਹ ਨਹੀਂ ਦਿੱਤੀ ਜਾਂਦੀ।

ਇਸ ਸੋਸ਼ਣ ਦਾ ਸਭਤੋਂ ਜਿਆਦਾ ਸ਼ਿਕਾਰ ਖਾਸ ਕਰਕੇ ਵਿਦੇਸ਼ੀ ਵਿਦਿਆਰਥੀ, ਵਰਕ ਪਰਮਿਟ ਧਾਰਕ ਤੇ ਨਵੇਂ ਇਮਗ੍ਰਾਂਟ ਹੁੰਦੇ ਹਨ। ਪੱਕੇ ਹੋਣ ਦੇ ਫਿਕਰਾਂ ਵਿੱਚ ਵਿਦਿਆਰਥੀਆਂ ਤੇ ਕਾਮੇ ਚੁੱਪ ਕਰਕੇ ਘਾਟਾ ਜਰਦੇ ਰਹਿੰਦੇ ਹਨ ਅਤੇ ਉਨ੍ਹਾਂ ਨਾਲ ਧੱਕਾ ਹੁੰਦਾ ਰਹਿੰਦਾ ਹੈ। ਕੈਨੇਡਾ ਕਿਰਤ ਮੰਤਰਾਲੇ ਕੋਲ ਪੂਰੇ ਦੇਸ਼ ਭਰ ਤੋਂ ਸਾਰਾ ਸਾਲ ਤਨਖਾਹ ਮਾਰੇ ਜਾਣ ਦੀਆਂ ਸ਼ਿਕਾਇਤਾਂ ਪਹੁੰਚਦਿਆਂ ਰਹਿੰਦੀਆਂ ਹਨ।

ਹਾਲਾਂਕਿ ਇਨ੍ਹਾਂ ਸ਼ਿਕਾਇਤਾਂ ਉੱਤੇ ਜਲਦ ਅਮਲ ਕੀਤਾ ਜਾਂਦਾ ਹੈ ਅਤੇ ਜਿਆਦਾਤਰ ਕਾਮਿਆਂ ਦੇ ਹੱਕ ‘ਚ ਫੈਸਲਾ ਹੁੰਦਾ ਹੈ ਅਤੇ ਉਨ੍ਹਾਂ ਦੀ ਤਨਖਾਹ ਮਿਲ ਜਾਂਦੀ ਹੈ। ਕਸੂਰਵਾਰ ਮਾਲਕਾਂ ਨੂੰ ਤਨਖਾਹ ਦੇ ਨਾਲ ਨਾਲ ਜ਼ੁਰਮਾਨਾ ਵੀ ਭਰਨਾ ਪੈਂਦਾ ਹੈ। ਇਨ੍ਹਾਂ ਸ਼ਿਕਾਇਤਾਂ ਦੇ ਲਗਾਤਾਰ ਵਧਣ ਦੇ ਕਾਰਨ ਹੁਣ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿ ਕਾਮਿਆਂ ਦੀ ਤਨਖਾਹ ਮਾਰੀ ਨਹੀਂ ਜਾ ਸਕਦੀ।

ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ‘ਚ ਰਹਿ ਰਹੇ ਹਰ ਇੱਕ ਵਿਅਕਤੀ ਕੋਲ ਸੋਸ਼ਲ ਇੰਸ਼ੋਰੈਂਸ ਨੰਬਰ (ਸਿਨ) ਹੁੰਦਾ ਹੈ, ਜਿਸ ਤੋਂ ਬਿਨਾਂ ਕੋਈ ਵੀ ਨੌਕਰੀ ਨਹੀਂ ਕਰ ਸਕਦਾ। ਪਰ ਵਿਦੇਸ਼ੀ ਕਾਮਿਆਂ ਵੱਲੋਂ ਕੈਨੇਡਾ ‘ਚ ਜਾ ਕੇ ‘ਸਿਨ’ ਮਿਲਣ ਤੋਂ ਪਹਿਲਾਂ ਹੀ ਨੌਕਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਪਰ ਹੁਣ ਮੰਤਰਾਲੇ ਦੇ ਇਕ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਬਿਨਾ ‘ਸਿਨ’ ਤੋਂ ਕੰਮ ਕਰਨ ਵਾਲੇ ਕਾਮੇ ਦਾ ਮਿਹਨਤਾਨਾ ਦੇਣਾ ਵੀ ਜ਼ਰੂਰੀ ਹੈ।

ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਕੰਮ ਸ਼ੁਰੂ ਕਰਨ ਦੇ ਤਿੰਨ ਦਿਨਾਂ ਅੰਦਰ ਕਾਮੇ ਲਈ ‘ਸਿਨ’ ਅਪਲਾਈ ਕਰਨਾ ਜ਼ਰੂਰੀ ਹੈ ਅਤੇ ‘ਸਿਨ’ ਮਿਲ ਜਾਣ ਤੋਂ ਤਿੰਨ ਦਿਨਾਂ ‘ਚ ਉਹ ਨੰਬਰ ਇੰਪਲਾਇਰ ਨੂੰ ਦੇਣਾ ਲਾਜ਼ਮੀ ਹੈ। ਪਰ ‘ਸਿਨ’ ਮਿਲਣ ਤੋਂ ਪਹਿਲਾਂ ਕੰਮ ਸ਼ੁਰੂ ਕਰਨਾ ਗੈਰ-ਕਾਨੂੰਨੀ ਨਹੀਂ ਹੈ।