ਜਾਣੋ ਕਿਵੇਂ ਹੁਣ ਡੀਜ਼ਲ ਕਾਰ ਲੈਣ ਵਾਲਿਆਂ ਨੂੰ ਹੋਵੇਗੀ 1.50 ਲੱਖ ਦੀ ਬਚਤ

ਜੇਕਰ ਤੁਸੀਂ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਸਮਾਂ ਕਾਰ ਖਰੀਦਣ ਲਈ ਸਭ ਤੋਂ ਵਧੀਆ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਨਵੇਂ BS-6 ਨਿਯਮ ਲਾਗੂ ਹੋ ਚੁੱਕੇ ਹਨ, ਜੇਕਰ ਤੁਸੀਂ ਬੀ. ਐੱਸ.-6 ਡੀਜ਼ਲ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਇਸ ਗੱਡੀ ਉੱਤੇ ਵੱਡੀ ਰਾਹਤ ਮਿਲ ਸਕਦੀ ਹੈ। ਦੱਸ ਦੇਈਏ ਕਿ ਬੀ.ਐੱਸ.-6 ਡੀਜ਼ਲ ਮਾਡਲ ਦੀਆਂ ਕਾਰਾਂ ਦੀ ਕੀਮਤ ਵਿਚ ਭਾਰੀ ਵਾਧੇ ਦੇ ਅਨੁਮਾਨ ਲਗਾਏ ਜਾ ਰਹੇ ਸਨ, ਪਰ ਇਨ੍ਹਾਂ ਦੀਆਂ ਕੀਮਤਾਂ ਉਮੀਦਾਂ ਤੋਂ ਘੱਟ ਹੀ ਵਧਦੀਆਂ ਦਿਖ ਰਹੀਆਂ ਹਨ।

ਕਾਰ ਨਿਰਮਾਤਾ ਕੰਪਨੀ Toyota ਨੇ ਆਪਣੀਆਂ BS-6 ਡੀਜ਼ਲ ਕਾਰਾਂ ਦੀਆਂ ਕੀਮਤਾਂ ‘ਚ 39,000 ਰੁਪਏ ਤੋਂ ਲੈ ਕੇ 1,12,000 ਰੁਪਏ ਤੱਕ ਦਾ ਵਾਧਾ ਕੀਤਾ ਹੈ, ਹਾਲਾਂਕਿ ਮਾਹਿਰਾਂ ਵੱਲੋਂ ਬੀ. ਐੱਸ.-6 ‘ਚ ਸ਼ਿਫਟ ਹੋਣ ਕਾਰਨ ਇਹ ਕਿਹਾ ਜਾ ਰਿਹਾ ਸੀ ਕਿ ਕੀਮਤਾਂ ‘ਚ 2.50 ਲੱਖ ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ। ਟੋਇਟਾ ਦੇ ਇਸ ਫੈਸਲੇ ਕਾਰਨ ਬਾਕੀ ਕਾਰ ਬਣਾਉਣ ਵਾਲਿਆਂ ਕੰਪਨੀਆਂ ਜਿਵੇਂ ਟਾਟਾ ਮੋਟਰਜ਼ ਤੇ ਮਹਿੰਦਰਾ ਵਰਗੇ ਦਿੱਗਜ ਵੀ ਬੀ. ਐੱਸ.-6 ਮਾਡਲ ਦੀਆਂ ਕਾਰਾਂ ਲਾਂਚ ਕਰਦੇ ਸਮੇਂ ਮਾਰਕੀਟ ਵਿਚ ਮੁਕਾਬਲਾ ਬਣਾਉਣ ਲਈ ਇਹੀ ਰਣਨੀਤੀ ਆਪਣਾ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫਤੇ ਹੀ ਟੋਇਟਾ ਵੱਲੋਂ ਬੀ. ਐੱਸ.-6 ਇਨੋਵਾ ਕ੍ਰਿਸਟਾ ਉਤਾਰਨ ਦਾ ਐਲਾਨ ਕੀਤਾ ਗਿਆ ਸੀ, ਇਸ ਦੀ ਸਭ ਤੋਂ ਖਾਸ ਗੱਲ ਹੈ ਇਸ ਗੱਡੀ ਦੀ ਕੀਮਤ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਪਾਸੇ ਜਿੱਥੇ ਕੀਮਤਾਂ ਵਿਚ ਘੱਟੋ ਘੱਟ 2.50 ਲੱਖ ਰੁਪਏ ਤਕ ਦੇ ਵਾਧੇ ਦੇ ਅਨੁਮਾਨ ਲਗਾਏ ਜਾ ਰਹੇ ਸਨ ਉਥੇ ਹੀ ਟੋਇਟਾ ਨੇ ਸਿਰਫ 39,000 ਰੁਪਏ ਤੋਂ ਲੈ ਕੇ 1,12,000 ਰੁਪਏ ਤਕ ਦੇ ਵਾਧੇ ਨਾਲ ਸਭ ਨੂੰ ਹੈਰਾਨ ਕੀਤਾ ਹੈ।

ਹਾਲਾਂਕਿ, ਟੋਇਟਾ ਕਿਰਲੋਸਕਰ ਦੇ ਉੱਚ ਉਪ ਮੁਖੀ (ਵਿਕਰੀ ਤੇ ਗਾਹਕ ਸੇਵਾ) ਨਵੀਨ ਸੋਨੀ ਨੇ ਇਸ ਫੈਸਲੇ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਕਿਹਾ ਕਿ ”ਜੇਕਰ ਇਨੋਵਾ ਕ੍ਰਿਸਟਾ ਡੀਜ਼ਲ ਨੂੰ ਬੀ. ਐੱਸ.-4 ਤੋਂ ਬੀ. ਐੱਸ.-6 ‘ਚ ਕਰਨ ਦੀ ਪੂਰੀ ਲਾਗਤ ਟਰਾਂਸਫਰ ਕੀਤੀ ਗਈ ਹੁੰਦੀ ਤਾਂ ਇਹ ਗੱਡੀ ਘੱਟੋ ਘੱਟ 2 ਲੱਖ ਰੁਪਏ ਤੋਂ 2.50 ਰੁਪਏ ਤਕ ਮਹਿੰਗੀ ਹੋ ਜਾਂਦੀ ਅਤੇ ਗਾਹਕ ਇਸਨੂੰ ਖਰੀਦਣ ਬਾਰੇ ਸ਼ਾਇਦ ਨਾ ਸੋਚਦੇ ।

ਇਸੇ ਕਾਰਨ ਕੰਪਨੀ ਨੇ ਆਪਣੇ ਮੁੱਖ ਦਫਤਰ ਤੋਂ ਇਜਾਜ਼ਤ ਮੰਗੀ ਕਿ ਸਾਨੂੰ ਆਪਣੀ ਬੈਲੰਸ ਸ਼ੀਟ ‘ਤੇ ਥੋੜ੍ਹਾ ਝਟਕਾ ਝੱਲਣ ਦੀ ਮਨਜ਼ੂਰੀ ਦਿੱਤੀ ਜਾਵੇ।” ਇਸੇ ਤਰਾਂ ਉਹ ਕੀਮਤਾਂ ਨੂੰ ਵਾਜਿਬ ਰੱਖਣ ਵਿਚ ਸਫਲ ਹੋਏ, ਹਾਲਾਂਕਿ ਇਸੇ ਵਿਚਕਾਰ ਉਨ੍ਹਾਂ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਇਹ ਘੱਟ ਕੀਮਤਾਂ ਵਾਲੀ ਪੇਸ਼ਕਸ਼ ਸਿਰਫ ਸੀਮਤ ਸਮੇਂ ਲਈ ਹੈ। ਇਸ ਲਈ ਜੇਕਰ ਤੁਸੀਂ ਨਵੀਂ ਡੀਜ਼ਲ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਜਲਦ ਤੋਂ ਜਲਦ ਖਰੀਦ ਕੇ ਘੱਟ ਕੀਮਤਾਂ ਦਾ ਫਾਇਦਾ ਲੈ ਸਕਦੇ ਹੋ।