ਕਣਕ ਦੇ ਰੇਟ ਨੇ ਤੋੜੇ ਸਾਰੇ ਰਿਕਾਰਡ, ਜਾਣੋ ਅੱਜ ਦੇ ਭਾਅ

ਕਣਕ ਦਾ ਰੇਟ ਇਸ ਵਾਰ ਸਾਰੇ ਰਿਕਾਰਡ ਤੋੜ ਰਿਹਾ ਹੈ ਅਤੇ ਜਿਹੜੇ ਕਿਸਾਨਾਂ ਨੇ ਕਣਕ ਨੂੰ ਸਟੋਰ ਕਰਕੇ ਰਖਿਆ ਹੋਇਆ ਸੀ ਉਨ੍ਹਾਂ ਦੇ ਵਾਰੇ ਨਿਆਰੇ ਹੋ ਰਹੇ ਹਨ। ਜਾਣਕਾਰੀ ਦੇ ਅਨੁਸਾਰ ਰਾਜਧਾਨੀ ਦਿੱਲੀ ਦੀਆਂ ਮੰਡੀਆਂ ਵਿੱਚ ਕਣਕ 2500 ਰੁਪਏ ਪ੍ਰਤੀ ਕੁਇੰਟਲ ਦੇ ਰੇਟ ਨੂੰ ਪਾਰ ਕਰ ਚੁੱਕੀ ਹੈ। ਰੇਟ ਵਧਣ ਦਾ ਸਭਤੋਂ ਵੱਡਾ ਕਾਰਨ ਹੈ ਸਪਲਾਈ ਘੱਟ ਅਤੇ ਮੰਗ ਵੱਧ ਹੋਣਾ।

ਵਪਾਰੀਆਂ ਦਾ ਕਹਿਣਾ ਹੈ ਕਿ ਗਰਮੀ ਕਾਰਨ ਇਸ ਸਾਲ ਕਣਕ ਦਾ ਉਤਪਾਦਨ ਘੱਟ ਹੋਇਆ, ਜਿਸ ਨਾਲ ਖੇਤੀਬਾੜੀ ਉਪਜ ਦੀ ਘਰੇਲੂ ਸਪਲਾਈ ਪ੍ਰਭਾਵਿਤ ਹੋਈ। ਇਸੇ ਕਾਰਨ ਪਿਛਲੇ ਕੁਝ ਦਿਨਾਂ ਤੋਂ ਭਾਅ ਰੋਜ਼ਾਨਾ ਵੱਧ ਰਹੇ ਹਨ। ਜਾਣਕਾਰੀ ਦੇ ਅਨੁਸਾਰ ਸ਼ਨੀਵਾਰ ਨੂੰ ਭਾਅ 30 ਰੁਪਏ ਵਧ ਗਿਆ ਤੇ ਹੁਣ ਭਾਅ 2,550 ਰੁਪਏ ਪ੍ਰਤੀ ਕੁਇੰਟਲ ਹੈ। ਇਸੇ ਤਰਾਂ ਹਰਿਆਣਾ ਦੀਆਂ ਮੰਡੀਆਂ ਵਿੱਚ ਕਣਕ 2,400 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ।

ਜਦੋਂਕਿ ਰਾਜਸਥਾਨ ਵਿੱਚ ਇਹ ਕੀਮਤ 2,370 ਰੁਪਏ ਪ੍ਰਤੀ ਕੁਇੰਟਲ ਹੈ। ਇਸਦਾ ਇੱਕ ਵੱਡਾ ਕਾਰਨ ਸਰਕਾਰ ਵੱਲੋਂ ਸਹੀ ਸਮੇਂ ’ਤੇ ਬਰਾਮਦ ’ਤੇ ਰੋਕ ਨਾ ਲਗਾਉਣਾ ਵੀ ਹੈ। ਜਦੋਂ ਸਰਕਾਰ ਨੇ ਕਣਕ ਦੀ ਬਰਾਮਦ ‘ਤੇ ਪਾਬੰਦੀ ਲਗਾਈ, ਉਦੋਂ ਤੱਕ ਬਹੁਤ ਸਾਰੀ ਕਣਕ ਪਹਿਲਾਂ ਹੀ ਬਰਾਮਦ ਕੀਤੀ ਜਾ ਚੁੱਕੀ ਸੀ।

ਸਰਕਾਰੀ ਅੰਕੜਿਆਂ ਦੇ ਅਨੁਸਾਰ ਕਣਕ ਦੀ ਬਰਾਮਦ ਵਿੱਚ ਪਿਛਲੇ ਸਾਲਾਂ ਵਿੱਚ ਕਾਫੀ ਵਾਧਾ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਹੁਣ ਮੰਗ ਦੀ ਪੂਰਤੀ ਅਤੇ ਕਣਕ ਦੀਆਂ ਵਧ ਰਹੀਆਂ ਕੀਮਤਾਂ ’ਤੇ ਕਾਬੂ ਪਾਉਣ ਲਈ ਕੁਝ ਕਦਮ ਚੁੱਕ ਸਕਦੀ ਹੈ।

ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਕਣਕ ‘ਤੇ 40 ਫੀਸਦੀ ਦਰਾਮਦ ਡਿਊਟੀ ਖਤਮ ਕਰ ਸਕਦੀ ਹੈ। ਇਸਦੇ ਨਾਲ ਹੀ ਸਰਕਾਰ ਸਟਾਕਿਸਟਾਂ ਤੇ ਵਪਾਰੀਆਂ ਵੱਲੋਂ ਰੱਖੇ ਗਏ ਕਣਕ ਦੇ ਸਟਾਕ ਬਾਰੇ ਜਾਣਕਾਰੀ ਦੇਣ ‘ਤੇ ਕਣਕ ‘ਤੇ ਸਟਾਕ ਹੋਲਡਿੰਗ ਸੀਮਾ ਵੀ ਤੈਅ ਕਰ ਸਕਦੀ ਹੈ।