ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨ ਇਹ ਖ਼ਬਰ ਜਰੂਰ ਪੜ੍ਹਨ

ਇਨ੍ਹਾਂ ਦਿਨਾਂ ਵਿਚ ਕਿਸਾਨ ਕਣਕ ਦੀ ਫਸਲ ਨੂੰ ਲੈ ਕੇ ਜਿਆਦਾ ਚਿੰਤਾ ਵਿਚ ਰਹਿੰਦੇ ਹਨ, ਕਿਉਂਕਿ ਜਿਆਦਾਤਰ ਇਸ ਸਮੇਂ ਦੌਰਾਨ ਹੀ ਕਣਕ ਵਿਚ ਬਿਮਾਰੀਆਂ ਅਤੇ ਨਦੀਨਾਂ ਦੀ ਸਮੱਸਿਆ ਆਉਂਦੀ ਹੈ। ਇਸੇ ਕਾਰਨ ਜਲੰਧਰ ਦੀ ਜ਼ਿਲਾ ਪੱਧਰੀ ਪੈਸਟ ਸਰਵੈਲੈਸ ਅਤੇ ਮੋਨੀਟਰਿੰਗ ਕਮੇਟੀ ਦੀ ਇੱਕ ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਨਾਜਰ ਸਿੰਘ ਨੇ ਕਣਕ ਦੀ ਫਸਲ ਬਾਰੇ ਕਿਸਾਨਾਂ ਨੂੰ ਕੁਝ ਜਰੂਰੀ ਸੁਝਾਅ ਦਿੱਤੇ। ਉਨ੍ਹਾਂ ਕਿਹਾ ਕਿ ਖਾਦਾਂ ਦੀ ਸਹੀ ਵਰਤੋਂ ਕਰਨ ਲਈ ਅਤੇ ਜ਼ਮੀਨ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਕਿਸਾਨ 55 ਦਿਨਾਂ ਦੀ ਜਾਂ ਇਸ ਤੋਂ ਉਪਰ ਹੋ ਚੁੱਕੀ ਕਣਕ ‘ਚ ਯੂਰੀਆ ਦੀ ਵਰਤੋਂ ਬਿਲਕੁੱਲ ਨਾ ਕਰਨ।

ਉਨ੍ਹਾਂ ਕਿਹਾ ਕਿ ਕਣਕ ਦੀ ਫਸਲ 55 ਦਿਨਾਂ ਦੀ ਹੋਣ ਦੇ ਅੰਦਰ ਹੀ ਆਪਣੀ ਲੋੜ ਮੁਤਾਬਕ ਯੂਰੀਆ ਖਾਦ ਦੀ ਵਰਤੋਂ ਕਰ ਲੈਂਦੀ ਹੈ ਜਿਸ ਕਰਕੇ ਇਸ ਤੋਂ ਬਾਅਦ ਫਸਲ ਨੂੰ ਯੂਰੀਆ ਦੀ ਲੋੜ ਨਹੀਂ ਹੁੰਦੀ। ਇਸ ਲਈ ਜੋ ਕਿਸਾਨ ਇਸ ਸਮੇਂ ਤੋਂ ਬਾਅਦ ਯੂਰੀਆ ਖਾਦ ਪਾਉਂਦੇ ਹਨ ਉਸਦਾ ਕਣਕ ਦੀ ਫਸਲ ਲਈ ਕੋਈ ਫਾਇਦਾ ਨਹੀਂ ਹੈ, ਉਲਟਾ ਅਜਿਹਾ ਕਰਨ ਨਾਲ ਇੱਕ ਤਾਂ ਕਿਸਾਨਾਂ ਦਾ ਖਰਚ ਵੱਧਦਾ ਹੈ ਅਤੇ ਨਾਲ ਹੀ ਕੀੜੇ-ਮਕੌੜਿਆਂ ਸਮੇਤ ਬੀਮਾਰੀਆਂ ਪੈਦ ਹੋਣ ਦਾ ਡਰ ਪੈਦਾ ਹੁੰਦਾ ਹੈ।

ਕਣਕ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਭ ਤੋਂ ਪਹਿਲਾ ਨਦੀਨਾਂ ਦੀ ਪਛਾਣ ਮੁਤਾਬਕ ਹੀ ਕਿਸੇ ਵੀ ਤਰਾਂ ਦੀ ਸਪਰੇਅ ਕਣਕ ਦੀ ਬਿਜਾਈ ਤੋਂ 30-35 ਦਿਨਾਂ ਬਾਅਦ ਹੀ ਕਰਨੀ ਚਾਹੀਦੀ ਹੈ। ਪਰ ਧਿਆਨ ਰਹੇ ਕਿ ਜਿਸ ਦਵਾਈ ਦੀ ਸਪਰੇਅ ਕਿਸਾਨਾਂ ਨੇ ਪਿਛਲੇ ਸਾਲ ਨਦੀਨਾਂ ਦੀ ਰੋਕਥਾਮ ਲਈ ਕੀਤੀ ਸੀ, ਇਸ ਸਾਲ ਦੋਬਾਰਾ ਉਸ ਦੀ ਵਰਤੋਂ ਨਾ ਕਰਨ।

ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਕਣਕ ਦੀ ਫਸਲ ‘ਤੇ ਪੀਲੀ ਕੁੰਗੀ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਲਈ ਵੀ ਕਿਹਾ। ਕਿਸਾਨਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਇੱਕ ਕਿਸਾਨ ਕਣਕ ਦੇ ਖੇਤਾਂ ਵੱਲ ਹਰ ਰੋਜ਼ ਇੱਕ ਗੇੜਾ ਜਰੂਰ ਮਾਰਨ ਅਤੇ ਫਸਲ ਦਾ ਸਰਵੇਖਣ ਕਰਨ। ਜੇਕਰ ਤੁਹਾਨੂੰ ਕਣਕ ਦੇ ਬੂਟਿਆਂ ‘ਤੇ ਪੀਲਾ ਹਲਦੀ ਨੁਮਾ ਧੂੜਾ ਨਜ਼ਰ ਆਉਂਦਾ ਹੈ ਤਾਂ ਤੁਸੀਂ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਮੁਤਾਬਕ 200 ਗ੍ਰਾਮ 25 WG ਟੈਬੂਕੋਨਾਜ਼ੋਲ 200 ਮਿਲੀਲੀਟਰ ਜਾਂ ਉਪੇਰਾ 18.3 ਐੱਸ.ਈ. ਜਾਂ 120 ਗ੍ਰਾਮ ਨਟੀਵੋ 75 ਡਬਲਿਊ ਜੀ. ਜਾਂ 200 ਲੀਟਰ ਪ੍ਰੌਪੀਕੋਨਾਜ਼ੋਲ ਦਵਾਈ ਨੂੰ 200 ਲੀਟਰ ਪਾਣੀ ‘ਚ ਘੋਲ ਕੇ ਸਪਰੇਅ ਕਰ ਸਕਦੇ ਹੋ।

ਡਾ. ਨਾਜਰ ਸਿੰਘ ਨੇ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਕਣਕ ‘ਚ ਇਸ ਬੀਮਾਰੀ ਦਾ ਹਮਲਾ ਪਹਿਲਾਂ ਧੌੜੀਆਂ ‘ਚ ਨਜ਼ਰ ਆਉਂਦਾ ਹੈ ਅਤੇ ਕਿਸਾਨਾਂ ਨੂੰ ਧੌੜੀਆਂ ‘ਚ ਹੀ ਸਿਫਾਰਿਸ਼ ਕੀਤੀਆਂ ਉੱਲੀਨਾਸ਼ਕਾਂ ਦੀ ਸਪਰੇਅ ਕਰ ਦੇਣੀ ਚਾਹੀਦੀ ਹੈ। ਇਸਤੋਂ ਬਾਅਦ ਇੱਕ ਹੋਰ ਖੇਤੀਬੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੀ ਫਸਲ ਵਿੱਚ ਯੂਰੀਆ ਦੀ ਸੁੱਚਜੀ ਵਰਤੋਂ ਕਰਨੀ ਬੜੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਵਿਭਾਗ ਵੱਲੋਂ ਵੱਡੇ ਪੱਧਰ ‘ਤੇ ਕਿਸਾਨ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ।