ਮੌਸਮ: ਅਗਲੇ 24 ਘੰਟਿਆਂ ਦੌਰਾਨ ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ

ਮਾਰਚ ਦੇ ਮਹੀਨੇ ਤੋਂ ਪਹਿਲਾਂ ਹੀ ਪੰਜਾਬ ਦੇ ਜਿਆਦਾਤਰ ਇਲਾਕਿਆਂ ਵਿੱਚ ਚੰਗੀ ਅਤੇ ਕਾਫੀ ਤਿੱਖੀ ਧੁੱਪ ਦੇਖਣ ਨੂੰ ਮਿਲੀ ਜਿਸ ਨਾਲ ਰਾਤ ਅਤੇ ਦਿਨ ਦੇ ਤਾਪਮਾਨ ਵਿੱਚ ਚੰਗਾ ਵਾਧਾ ਹੋਇਆ ਹੈ ਅਤੇ ਸਮੇਂ ਤੋਂ ਪਹਿਲਾਂ ਹੀ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਰ ਪਿਛਲੇ ਕੁਝ ਦਿਨਾਂ ਤੋਂ ਬਹੁਗਿਣਤੀ ਇਲਾਕਿਆਂ ਵਿੱਚ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਹੁਣ ਇੱਕ ਵਾਰ ਫਿਰ ਪੰਜਾਬ ਦਾ ਮੌਸਮ ਬਦਲੇਗਾ ਅਤੇ ਆਉਣ ਵਾਲੇ 12 ਤੋਂ 24 ਘੰਟਿਆਂ ਵਿੱਚ ਉੱਤਰੀ ਭਾਰਤ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੇ ਅਤੇ ਦਰਮਿਆਨੇ ਅਤੇ ਕੁਝ ਥਾਈਂ ਭਾਰੀ ਮੀਹ ਦੀ ਸੰਭਾਵਨਾ ਹੈ।

ਤੁਹਾਨੂੰ ਦੱਸ ਦੇਈਏ ਕਿ ਅਗਲੇ 12 ਤੋਂ 24 ਘੰਟਿਆਂ ਦੌਰਾਨ ਪੰਜਾਬ ‘ਚ ਤਕੜੀ ਗਰਜ-ਲਿਸ਼ਕ ਨਾਲ ਟੁੱਟਵੀਂ ਬਰਸਾਤੀ ਕਾਰਵਾਈ ਦੀ ਸੰਭਾਵਨਾ ਹੈ। ਕੱਲ ਤੋਂ ਲਹਿੰਦੇ ਪੰਜਾਬ ਦੇ ਕਈ ਜਿਲ੍ਹਿਆਂ ‘ਚ ਚੰਗਾ ਮੀਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਤਰਾਂ ਅੱਜ ਦੇਰ ਰਾਤ ਜਾਂ ਕੱਲ੍ਹ ਸਵੇਰੇ ਪਾਕਿ ਬਾਰਡਰ ਦੇ ਇਲਾਕਿਆਂ ‘ਚ ਠੰਡੀ ਹਨੇਰੀ ਅਤੇ ਤਕੜੀ ਗਰਕ-ਲਿਸ਼ਕ ਦੇ ਨਾਲ ਤੇਜ ਮੀਂਹ ਦੇ ਛਰਾਟੇ ਪੈ ਸਕਦੇ ਹਨ।

ਖਾਸਕਰ ਮਾਝੇ ਦੇ ਇਲਾਕਿਆਂ ਵਿੱਚ ਚੰਗੇ ਮੀਹ ਦੀ ਸੰਭਾਵਨਾ ਹੈ ਅਤੇ ਕਈ ਥਾਈਂ ਗੜ੍ਹੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ। ਇਸਤੋਂ ਬਾਅਦ ਕੱਲ੍ਹ ਯਾਨੀ 8 ਮਾਰਚ ਨੂੰ ਦਿਨ ਦੇ ਸਮੇਂ ਵੀ ਜਿਆਦਾਤਰ ਇਲਾਕਿਆਂ ਵਿੱਚ ਤਕੜੇ ਗਰਜ-ਲਿਸ਼ਕ ਵਾਲੇ ਬੱਦਲ ਬਣਦੇ ਰਹਿਣਗੇ ਅਤੇ ਕਿਤੇ ਕਿਤੇ ਹਲਕੇ ਮੀਹ ਦੇ ਨਾਲ ਨਾਲ ਕੁਝ ਇਲਾਕਿਆਂ ਵਿੱਚ ਤਕੜੀ ਕਾਰਵਾਈ ਦੀ ਉਮੀਦ ਵੀ ਹੈ।

ਇਸਤੋਂ ਬਾਅਦ 9-10 ਮਾਰਚ ਨੂੰ ਜਿਆਦਾਤਰ ਇਲਾਕਿਆਂ ਦਾ ਮੌਸਮ ਸਾਫ਼ ਰਹੇਗਾ, ਪਰ ਇਸ ਦਿਨ ਵੀ ਕਿਤੇ-ਕਿਤੇ ਕਾਰਵਾਈ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 10 ਮਾਰਚ ਤੋਂ ਬਾਅਦ ਪੰਜਾਬ ਦਾ ਮੌਸਮ ਮੁੱਖ ਤੌਰ ‘ਤੇ ਸਾਫ਼ ਤੇ ਗਰਮ ਰਹੇਗਾ। ਜਿਸ ਕਾਰਨ ਮਾਰਚ ਮਹੀਨੇ ਦੇ ਅੱਧ ਵਿੱਚ ਹੀ ਖਾਸੀ ਗਰਮੀ ਵੇਖੀ ਜਾਵੇਗੀ ਅਤੇ ਦਿਨ ਦਾ ਪਾਰਾ 35 ਡਿਗਤਰੀ ਤੱਕ ਜਾ ਸਕਦਾ ਹੈ।