ਜਾਣੋ ਕਿਸ ਤਰਾਂ ਰਹੇਗਾ ਆਉਣ ਵਾਲੇ ਦਿਨਾਂ ਦਾ ਮੌਸਮ

ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਜਿਆਦਾਤਰ ਇਲਾਕਿਆਂ ਵਿੱਚ ਚੰਗੀ ਅਤੇ ਕਾਫੀ ਤਿੱਖੀ ਧੁੱਪ ਦੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਰਾਤ ਅਤੇ ਦਿਨ ਦੇ ਤਾਪਮਾਨ ਵਿੱਚ ਚੰਗਾ ਵਾਧਾ ਹੋਇਆ ਹੈ ਅਤੇ ਸਮੇਂ ਤੋਂ ਪਹਿਲਾਂ ਹੀ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਰ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਹੁਣ ਇੱਕ ਵਾਰ ਫਿਰ ਪੰਜਾਬ ਦਾ ਮੌਸਮ ਬਦਲੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਉੱਤਰੀ ਭਾਰਤ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੇ ਅਤੇ ਦਰਮਿਆਨੇ ਅਤੇ ਕੁਝ ਥਾਈਂ ਭਾਰੀ ਮੀਹ ਦੀ ਸੰਭਾਵਨਾ ਹੈ।

ਸੂਬੇ ਚ ਵੱਧਦੇ ਪਾਰੇ ਕਾਰਨ ਬਣੀ ਗਰਮਾਹਟ ਨਾਲ ਅਗਲੇ ਸਿਸਟਮ ਦੇ ਆਉਣ ਦੇ ਸੰਕੇਤ ਮਿਲ ਚੁੱਕੇ ਹਨ। ਜਾਣਕਾਰੀ ਦੇ ਅਨੁਸਾਰ 26 ਫਰਵਰੀ ਨੂੰ ਯਾਨੀ ਅੱਜ ਇੱਕ ਤਾਜਾ ਐਕਟਿਵ ਪੱਛਮੀ ਸਿਸਟਮ ਪੰਜਾਬ ਦੇ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ, ਜਿਸ ਨਾਲ ਗਰਜ-ਚਮਕ ਵਾਲੇ ਬੱਦਲਾਂ ਦੇ ਬਣਨ ਦੇ ਨਾਲ ਨਾਲ ਬਹੁਤੇ ਹਿੱਸਿਆਂ ਵਿੱਚ ਹਲਕੇ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ।

ਇਸ ਦੌਰਾਨ ਦੋ-ਚਾਰ ਖੇਤਰਾਂ ਚ ਦਰਮਿਆਨੇ ਜਾਂ ਮੋਟੇ ਅਕਾਰ ਦੀ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ। ਮੇਨ ਕਾਰਵਾਈ ਅੱਜ ਸ਼ਾਮ ਤੋਂ ਟੁੱਟਵੇਂ ਖੇਤਰਾਂ ਚ ਸੁਰੂ ਹੋਵੇਗੀ ਅਤੇ ਅੱਜ ਦੇਰ ਰਾਤ ਸਿਸਟਮ ਦਾ ਅਸਰ ਮੁੱਖ ਰਹੇਗਾ। ਇਸ ਦੌਰਾਨ ਜਿਆਦਾਤਰ ਖੇਤਰਾਂ ਵਿੱਚ ਚੰਗੇ ਮੀਹ ਦੀ ਸੰਭਾਵਨਾ ਹੈ।

ਇਸ ਮੌਸਮੀ ਤਬਦੀਲੀ ਦੇ ਚਲਦੇ ਅਤੇ ਠੰਡੀਆਂ ਹਵਾਵਾਂ ਕਾਰਨ ਦਿਨ ਦੇ ਪਾਰੇ ਚ ਮੁੜ ਹਲਕੀ ਗਿਰਾਵਟ ਆਵੇਗੀ। ਹਨੂੰਮਾਨਗੜ, ਗੰਗਾਨਗਰ ਅਤੇ ਸਿਰਸਾ ਖੇਤਰਾਂ ‘ਚ ਵੀ ਮੌਸਮ ਇਸੇ ਤਰਾਂ ਰਹੇਗਾ। ਕੱਲ ਦੁਪਿਹਰ ਬਾਅਦ ਪੰਜਾਬ ਚ, ਕਿਤੇ-ਕਿਤੇ ਬੱਦਲ ਬਨਣ ਨਾਲ ਨਿੱਕੀ-ਮੋਟੀ ਕਾਰਵਾਈ ਸੰਭਵ ਹੈ।

ਇਸ ਸਿਸਟਮ ਦਾ ਅਸਰ ਕੱਲ ਸਵੇਰੇ ਹਰਿਆਣਾ ‘ਚ ਕੁਝ ਥਾਵਾਂ ‘ਤੇ ਵੇਖਣ ਨੂੰ ਮਿਲ ਸਕਦਾ ਹੈ। ਇਸਤੋਂ ਬਾਅਦ 2-3 ਦਿਨ ਮੌਸਮ ਬਾਰਿਸ਼ ਪੱਖੋਂ ਸਾਫ਼ ਰਹੇਗਾ ਅਤੇ ਕਿਤੇ ਕਿਤੇ ਮਾਮੂਲੀ ਬੱਦਲਵਾਈ ਜਰੂਰ ਦੇਖੀ ਜਾ ਸਕਦੀ ਹੈ। ਇਸਤੋਂ ਬਾਅਦ ਅਗਲਾ ਸਿਸਟਮ ਮਾਰਚ ਦੇ ਸ਼ੁਰੂਆਤ ‘ਚ ਆ ਰਿਹਾ, ਹੈ, ਜਿਹੜਾ ਕਿ ਕੋਈ ਖਾਸ ਅਸਰ ਕਰਦਾ ਨਹੀਂ ਜਾਪ ਰਿਹਾ।