ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿੱਚ ਚੰਗੇ ਮੀਂਹ ਦੀ ਸੰਭਾਵਨਾ

ਚਿਪਚਿਪੀ ਅਤੇ ਉਮਸ ਭਰੀ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਲਈ ਮਾਨਸੂਨ ਦੀ ਉਡੀਕ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੇ ਦੋ ਦਿਨਾਂ ਤੋਂ ਮਾਨਸੂਨ ਮੁੰਬਈ ਸਣੇ ਪੂਰੇ ਮਹਾਰਾਸ਼ਟਰ, ਦੱਖਣੀ ਗੁਜਰਾਤ ਅਤੇ ਪੂਰਬੀ ਭਾਰਤ ਚ ਝਾਰਖੰਡ ਤੇ ਬਿਹਾਰ ਵਿਚ ਪਹੁੰਚ ਚੁੱਕਿਆ ਹੈ। ਇਸੇ ਵਿਚਕਾਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ 2-3 ਦਿਨਾਂ ਤੱਕ ਚਿਪਚਿਪੀ ਗਰਮੀ ਤੋਂ ਰਾਹਤ ਦੀ ਉਮੀਦ ਬਹੁਤ ਘੱਟ ਹੈ।

ਹਾਲਾਂਕਿ ਮੌਸਮ ਵਿਭਾਗ ਦੇ ਅਨੁਸਾਰ 18 ਜੂਨ ਤੋਂ ਮਾਨਸੂਨ ਪੂਰਬੀ ਉੱਤਰ ਪ੍ਰਦੇਸ਼ ਵਿਚ ਪਹੁੰਚ ਜਾਵੇਗਾ ਜਿਸ ਨਾਲ ਪੰਜਾਬ ‘ਚ ਵੀ ਪੀ੍-ਮਾਨਸੂਨ ਦੀਆਂ ਫੁਹਾਰਾਂ ਨਾਲ਼ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਇਨ੍ਹਾਂ ਫੁਹਾਰਾ ਸਦਕਾ ਉੱਤਰੀ ਪੰਜਾਬ ਅਤੇ ਹਿਮਾਚਲ ਦੇ ਨਾਲ਼ ਲਗਦੇ ਹਿੱਸਿਆਂ ਵਿਚ ਤੇਜ਼ ਹਵਾਂਵਾਂ ਨਾਲ਼ ਭਾਰੀ ਮੀਂਹ ਦੀ ਉਮੀਦ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਜੂਨ ਦੇ ਆਖਰੀ ਹਫਤੇ ਵਿਚ ਸੂਬੇ ਵਿਚ ਮਾਨਸੂਨ ਦੇ ਆਉਣ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ।

ਖ਼ਬਰਾਂ ਅਨੁਸਾਰ ਸੂਬੇ ਵਿਚ ਬੀਤੇ ਕੱਲ੍ਹ ਤੇ ਪਰਸੋਂ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਦੀਨਾਨਗਰ, ਪਠਾਨਕੋਟ, ਸੁਲਤਾਨਪੁਰ ਲੋਧੀ, ਬਟਾਲਾ, ਬਿਆਸ, ਜਲੰਧਰ, ਕਪੂਰਥਲਾ, ਨਕੋਦਰ, ਫਗਵਾੜਾ, ਫਿਲੌਰ, ਸ਼ਾਹਕੋਟ, ਹੁਸ਼ਿਆਰਪੁਰ, ਟਾਂਡਾ, ਮੁਕੇਰਿਆਂ , ਦਸੂਹਾ, ਕਾਦੀਆਂ, ਮਹਿਤਾ ਚੌਕ, ਸ੍ਰੀ ਹਰ ਗੋਬਿੰਦਪੁਰ ਮੱਖੂ, ਬਠਿੰਡਾ, ਮੁਕਤਸਰ, ਬਰਨਾਲਾ, ਰਾਏਕੋਟ, ਮੋਗਾ, ਜਗਰਾਓਂ, ਲੁਧਿਆਣਾ, ਮਾਨਸਾ ਦੇ ਇਲਾਕਿਆਂ ਚ ਹਨੇਰੀ ਨਾਲ਼ ਹਲਕਾ/ਦਰਮਿਆਨਾ ਮੀਂਹ ਜਰੂਰ ਪਿਆ ਪਰ ਬਰਸਾਤੀ ਗਤੀਵਿਧੀ ਟੁੱਟਵੀਂ ਸੀ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ 18 ਜੂਨ ਤੋਂ ਬਾਅਦ ਵੀ ਸੂਬੇ ਦੇ ਉੱਤਰੀ ਜਿਲਿਆਂ ਵਿਚ ਹਨੇਰੀ ਨਾਲ ਕੁਝ ਕੁ ਜਗ੍ਹਾ ਹਲਕੇ ਤੋਂ ਦਰਮਿਆਨ ਮੀਹ ਅਤੇ ਕਈ ਚੰਗਾ ਮੀਹ ਵੀ ਪੈ ਸਕਦਾ ਹੈ ਜਿਸ ਨਾਮ ਕੁਝ ਦਿਨਾਂ ਲਈ ਚਿਪਚਿਪੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਹਾਲਾਂਕਿ ਉਸਤੋਂ ਬਾਅਦ ਪੰਜਾਬ ਚ ਰਾਤਾਂ ਤੇ ਸਵੇਰ ਨੂੰ ਚੱਲਣ ਵਾਲੀਆਂ ਪੂਰਬੀ ਹਵਾਂਵਾਂ ਦੇ ਐਕਟਿਵ ਹੋਣ ਦੀ ਉਮੀਦ ਹੈ, ਜਿਸ ਨਾਲ ਨਮੀ ਚ ਹੋਰ ਵਾਧਾ ਹੋਵੇਗਾ ਤੇ ਰਾਤਾਂ ਦਾ ਪਾਰਾ ਵੀ 28 ਤੋਂ 31° ਵਿਚਕਾਰ ਪਹੁੰਚ ਸਕਦਾ ਹੈ।