ਤੁਹਾਡੀ ID ‘ਤੇ ਕਿੰਨੇ ਸਿਮ ਚੱਲ ਰਹੇ ਹਨ, ਇਸ ਤਰਾਂ ਘਰ ਬੈਠੇ ਕਰੋ ਪਤਾ

ਅੱਜ ਦੇ ਸਮੇਂ ਵਿੱਚ ਸਾਈਬਰ ਕ੍ਰਾਈਮ ਬਹੁਤ ਵੱਧ ਗਿਆ ਹੈ ਅਤੇ ਫੋਨ ਰਾਹੀਂ ਠੱਗੀ ਮਾਰਨ ਵਾਲੇ ਜ਼ਿਆਦਾਤਰ ਲੋਕ ਨਕਲੀ ਦਸਤਾਵੇਜ਼ਾਂ ਦੀ ਵਰਤੋਂ ਕਰਦੇ ਹਨ। ਅਜਿਹੇ ਲੋਕਾਂ ਵੱਲੋਂ ਕਿਸੇ ਦੂਸਰੇ ਦੇ ਨਿਜੀ ਦਸਤਾਵੇਜ ਜਾਂ ਕਿਸੇ ਦੇ ਪਛਾਣ ਪੱਤਰ (ID Proof) ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਜਿਸ ਕਰਕੇ ਬੇਕਸੂਰ ਵਿਅਕਤੀ ਵੀ ਕਈ ਵਾਰ ਵੱਡੀ ਮੁਸੀਬਤ ਵਿੱਚ ਫੱਸ ਜਾਂਦਾ ਹੈ। ਅਜਿਹੇ ਠੱਗ ਕਿਸੇ ਦੀ ID ‘ਤੇ ਸਿਮ ਕਾਰਡ ਖਰੀਦ ਕੇ ਇਸਦੀ ਦੁਰਵਰਤੋਂ ਕਰਦੇ ਹਨ।

ਜੇਕਰ ਤੁਹਾਨੂੰ ਵੀ ਇਹ ਲਗਦਾ ਹੈ ਕਿ ਤੁਹਾਡੀ ਆਈਡੀ ‘ਤੇ ਕਿਸੇ ਹੋਰ ਨੇ ਸਿਮ ਲਿਆ ਹੈ, ਤਾਂ ਤੁਸੀਂ ਇਸ ਬਾਰੇ ਸ਼ਿਕਾਇਤ ਕਰ ਸਕਦੇ ਹੋ ਅਤੇ ਇਸ ਨੂੰ ਬੰਦ ਕਰਵਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਦੂਰਸੰਚਾਰ ਵਿਭਾਗ ਨੇ ਇਸ ਸਮੱਸਿਆ ਦਾ ਹੱਲ ਕਰਨ ਲਈ ਇੱਕ ਪੋਰਟਲ ਲਾਂਚ ਕੀਤਾ ਹੈ। ਜਿੱਥੇ ਤੁਸੀਂ ਆਪਣੀ ਆਈਡੀ ‘ਤੇ ਚੱਲ ਰਹੇ ਸਾਰੇ ਨੰਬਰਾਂ ਦੀ ਜਾਣਕਾਰੀ ਲੈ ਸਕਦੇ ਹੋ ਅਤੇ ਫਾਲਤੂ ਨੰਬਰ ਬੰਦ ਵੀ ਕਰਵਾ ਸਕਦੇ ਹੋ।

ਆਪਣੀ id ‘ਤੇ ਚੱਲ ਰਹੇ ਨੰਬਰਾਂ ਦੀ ਜਾਂਚ ਕਰਨ ਲਈ ਤੁਸੀਂ ਸਭਤੋਂ ਪਹਿਲਾਂ https://tafcop.dgtelecom.gov.in/ ਵੈਬਸਾਈਟ ‘ਤੇ ਜਾਣਾ ਹੈ ਅਤੇ ਇੱਥੇ ਆਪਣਾ ਮੋਬਾਈਲ ਨੰਬਰ ਭਰ ਦੇਣਾ ਹੈ। ਇਸਤੋਂ ਬਾਅਦ ਤੁਹਾਨੂੰ ਇੱਕ OTP ਮਿਲੇਗਾ ਜਿਸ ਨੂੰ ਵੈਬਸਾਈਟ ‘ਤੇ ਭਰ ਦੇਣਾ ਹੈ। ਅਗਲੇ ਪੇਜ ‘ਤੇ ਤੁਹਾਡੀ ID ‘ਤੇ ਚੱਲ ਰਹੇ ਸਾਰੇ ਨੰਬਰ ਦਿਖਣਗੇ। ਇਸ ਲਿਸਟ ਵਿੱਚੋਂ ਤੁਸੀਂ ਜੋ ਵੀ ਨੰਬਰ ਨਹੀਂ ਵਰਤ ਰਹੇ, ਤੁਸੀਂ ਉਸ ਨੂੰ ਬਲਾਕ ਕਰ ਸਕਦੇ ਹੋ। ਕੁਝ ਹੀ ਹਫਤਿਆਂ ਵਿੱਚ ਇਹ ਨੰਬਰ ਬੰਦ ਹੋ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਜ਼ਿਆਦਾਤਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇਸ ਪੋਰਟਲ ਰਾਹੀਂ ਤੁਸੀਂ ਆਪਣੀ ਆਈਡੀ ‘ਤੇ ਗੈਰ ਕਾਨੂੰਨੀ ਸਿਮ ਦਾ ਪਤਾ ਲਗਾ ਸਕਦੇ ਹੋ। ਪਰ ਫਿਲਹਾਲ ਇਹ ਸਹੂਲਤ ਆਂਧਰਾ ਪ੍ਰਦੇਸ਼, ਕੇਰਲ, ਰਾਜਸਥਾਨ, ਤੇਲੰਗਾਨਾ ਅਤੇ ਜੰਮੂ-ਕਸ਼ਮੀਰ ਦੇ ਖਪਤਕਾਰਾਂ ਲਈ ਉਪਲਬਧ ਨਹੀਂ ਹੈ।

ਜਾਣਕਾਰੀ ਦੇ ਅਨੁਸਾਰ ਕਈ ਰਾਜਾਂ ਵਿੱਚ ਨਕਲੀ ਸਿਮ ਦਾ ਕਾਰੋਬਾਰ ਪੇਂਡੂ ਖੇਤਰਾਂ ਵਿੱਚ ਫੈਲ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸਰਕਾਰੀ ਸਕੀਮਾਂ ਦੇ ਬਹਾਨੇ ਪਿੰਡ ਦੇ ਲੋਕਾਂ ਤੋਂ ਦਸਤਾਵੇਜ਼ ਲਏ ਜਾਂਦੇ ਹਨ ਅਤੇ ਫਿਰ ਉਸ ’ਤੇ ਸਿਮ ਜਾਰੀ ਕੀਤਾ ਜਾਂਦਾ ਹੈ। ਦੁਕਾਨਦਾਰ ਅਜਿਹੇ ਸਿਮ ਕਾਰਡ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਲੋਕਾਂ ਨੂੰ ਮਹਿੰਗੇ ਭਾਅ ‘ਤੇ ਵੇਚਦੇ ਹਨ।