RBI ਨੇ ਕਰਜ਼ੇ ਨੂੰ ਲੈਕੇ ਕਿਸਾਨਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ!

ਭਾਰਤੀ ਰਿਜ਼ਰਵ ਬੈਂਕ ਵੱਲੋਂ ਕਰਜ਼ੇ ਨੂੰ ਲੈਕੇ ਕਿਸਾਨਾਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ| ਤੁਹਾਨੂੰ ਦਸ ਦੇਈਏ ਕਿ ਤਾਲਾਬੰਦੀ ਅਤੇ ਮੰਦੀ ਦੇ ਇਸ ਦੌਰ ਵਿਚ ਦੇਸ਼ ਦੀ ਜਨਤਾ ਨੂੰ ਰਾਹਤ ਦੇਣ ਲਈ RBI ਨੇ ਰੈਪੋ ਰੇਟ ਵਿਚ 0.40 ਪ੍ਰਤੀਸ਼ਤ ਦੀ ਕਟੌਤੀ ਦਾ ਐਲਾਨ ਕੀਤਾ ਹੈ | ਯਾਨੀ ਕਿ ਇਹ 4.4% ਤੋਂ ਘਟ ਕੇ 4% ਰਹਿ ਗਿਆ ਹੈ | ਆਮ ਲੋਕਾਂ ਦੇ ਨਾਲ ਨਾਲ ਇਹ ਫੈਸਲਾ ਕਰਜ਼ਾਈ ਕਿਸਾਨਾਂ ਦੀ ਬੈਂਕ ਦੀ ਕਿਸ਼ਤ ਨੂੰ ਘਟਾ ਦੇਵੇਗਾ |

ਨਾਲ ਹੀ ਆਰਬੀਆਈ ਗਵਰਨਰ ਸ਼ਕਤੀਕਾਂਤਾ ਦਾਸ ਦਾ ਕਹਿਣਾ ਹੈ ਕਿ ਹੁਣ ਬੈਂਕ EMI ਭਰਨ ਦੀ ਛੋਟ ਨੂੰ 3 ਮਹੀਨੇ ਵਧਾ ਦਿੱਤਾ ਗਿਆ ਹੈ। ਯਾਨੀ ਕਿ ਹੁਣ ਜੇਕਰ ਤੁਸੀਂ ਅਗਲੇ 3 ਮਹੀਨਿਆਂ ਲਈ ਬੈਂਕ ਲੋਨ ਦੀ ਕਿਸ਼ਤ ਨਹੀਂ ਭਰੋਗੇ ਤਾਂ ਵੀ ਬੈਂਕ ਤੁਹਾਡੇ ‘ਤੇ ਕਿਸ਼ਤ ਭਰਨ ਲਈ ਕੋਈ ਦਬਾਅ ਨਹੀਂ ਪਾ ਸਕਦਾ| RBI ਵੱਲੋਂ ਪਹਿਲਾਂ ਮਾਰਚ ਤੋਂ ਮਈ ਤੱਕ ਕਿਸ਼ਤ ਦੀ ਛੋਟ ਦਿੱਤੀ ਗਈ ਸੀ ਜਿਸ ਨੂੰ ਹੁਣ ਅਗਸਤ ਤੱਕ ਵਧਾ ਦਿੱਤਾ ਗਿਆ ਹੈ|

ਪ੍ਰੈੱਸ ਕੋਨਫ੍ਰੈਂਸ ਦੇ ਦੌਰਾਨ RBI ਗਵਰਨਰ ਵੱਲੋਂ ਇਹ ਐਲਾਨ ਵੀ ਕੀਤਾ ਗਿਆ ਕਿ ਉਹ ਵਿਆਜ ਦਰਾਂ ਵਿਚ ਵੀ ਕਟੌਤੀ ਕਰਨ ਜਾ ਰਹੇ ਹਨ| ਜਿਸ ਨਾਲ ਹੁਣ ਹੋਮ ਲੋਨ, ਕਾਰ ਲੋਨ, ਪਰਸਨਲ ਲੋਨ ਸਮੇਤ ਹਰ ਤਰਾਂ ਦੇ ਲੋਨ ਤੇ ਈਐਮਆਈ ਸਸਤੀ ਹੋਵੇਗੀ| RBI ਦੇ ਇਨ੍ਹਾਂ ਫੈਸਲਿਆਂ ਦਾ ਸਿੱਧਾ ਅਸਰ KCC ਧਾਰਕ ਲਗਭਗ 7 ਕਰੋੜ ਕਿਸਾਨਾਂ ਉੱਤੇ ਪਵੇਗਾ|

ਜਿਨ੍ਹਾਂ ਕਿਸਾਨਾਂ ਨੇ ਕਿਸਾਨ ਕ੍ਰੈਡਿਟ ਕਾਰਡ ਦੇ ਜ਼ਰੀਏ ਬੈਂਕਾਂ ਤੋਂ ਥੋੜ੍ਹੇ ਸਮੇਂ ਲਈ ਫਸਲੀ ਕਰਜ਼ੇ ਲਏ ਹਨ, ਉਨ੍ਹਾਂ ਨੂੰ ਕਰਜ਼ਾ ਮੋੜਨ ਦੀ ਆਖ਼ਰੀ ਤਰੀਕ 31 ਮਈ ਦਿੱਤੀ ਗਈ ਸੀ| ਪਰ ਹੁਣ ਇਸ ਨੂੰ ਵਧ ਕੇ 30 ਅਗਸਤ ਕਰ ਦਿੱਤਾ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਇਸ ਕਰਜ਼ੇ ਉੱਤੇ ਕਿਸਾਨਾਂ ਨੂੰ ਕੋਈ ਵਾਧੂ ਵਿਆਜ ਨਹੀਂ ਦੇਣਾ ਪਵੇਗਾ ਅਤੇ ਕਿਸਾਨ ਸਿਰਫ 4 ਪ੍ਰਤੀਸ਼ਤ ਸਲਾਨਾ ਦੀ ਦਰ ਨਾਲ ਆਪਣੇ ਫਸਲੀ ਕਰਜ਼ਿਆਂ ਦੀ ਅਦਾਇਗੀ ਕਰ ਸਕਣਗੇ।