ਸਿਰਫ 20 ਰੁਪਏ ਦਾ ਕੈਪਸੂਲ ਦੇਵੇਗਾ ਕਿਸਾਨਾਂ ਨੂੰ ਪਰਾਲੀ ਤੋਂ ਛੁਟਕਾਰਾ, ਜਾਣੋ ਕਿਵੇਂ

ਹਰ ਸਾਲ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਬਚ ਜਾਂਦੀ ਹੈ ਅਤੇ ਇਸਨੂੰ ਬਹੁਤ ਸਾਰੇ ਕਿਸਾਨ ਸਾੜ ਦਿੰਦੇ ਹਨ। ਖਾਸਕਰ ਪੰਜਾਬ ਅਤੇ ਹਰਿਆਣਾ ਵਿੱਚ ਝੋਨਾ ਉਤਪਾਦਨ ਜ਼ਿਆਦਾ ਹੋਣ ਕਾਰਨ ਪਰਾਲੀ ਸਾੜਨ ਦੇ ਸਭਤੋਂ ਜ਼ਿਆਦਾ ਮਾਮਲੇ ਵੀ ਇਨ੍ਹਾਂ ਸੂਬਿਆਂ ਵਿੱਚ ਹੀ ਹੁੰਦੇ ਹਨ। ਪਰ ਇਸ ਵਾਰ ਕਿਸਾਨਾਂ ਨੂੰ ਪਰਾਲੀ ਸਾੜਨੀ ਨਹੀਂ ਪਵੇਗੀ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਖੇਤੀਬਾੜੀ ਅਨੁਸੰਧਾਨ ਸੰਸਥਾਨ ਨੇ ਪਰਾਲੀ ਦੀ ਸਮੱਸਿਆ ਦਾ ਹੱਲ ਲੱਭ ਲਿਆ ਹੈ।

ਸੰਸਥਾਨ ਵੱਲੋਂ ਇੱਕ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ ਜਿਸ ਵਿੱਚ ਸਿਰਫ 20 ਰੁਪਏ ਦਾ ਖਰਚ ਆਵੇਗਾ। ਇਸਦੇ ਇਸਤੇਮਾਲ ਨਾਲ ਕਿਸਾਨਾਂ ਦੀ ਲਾਗਤ ਵੀ ਕਾਫ਼ੀ ਘੱਟ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਪਾਰਾਲੀ ਸਾੜਨ ਦੇ ਕਾਰਨ ਹਵਾ ਪ੍ਰਦੂਸ਼ਣ ਦਾ ਪੱਧਰ ਹਰ ਸਾਲ ਵੱਧ ਜਾਂਦਾ ਹੈ। ਜਿਸ ਕਰਕੇ ਸਰਦੀਆਂ ਮੌਸਮ ਵਿੱਚ ਲੋਕਾਂ ਦਾ ਦਮ ਘੁਟਣ ਲੱਗਦਾ ਹੈ। ਇਸਨ੍ਹੂੰ ਦੇਖਦੇ ਹੋਏ ਭਾਰਤੀ ਖੇਤੀਬਾੜੀ ਅਨੁਸੰਧਾਨ ਸੰਸਥਾਨ ਦੇ ਵਿਗਿਆਨੀਆਂ ਨੇ ਡੀਕੰਪੋਜਰ ਕੈਪਸੂਲ ਤਿਆਰ ਕੀਤੇ ਹਨ।

ਇਸ ਕੈਪਸੂਲ ਨਾਲ ਫਸਲ ਬਿਜਾਈ ਤੋਂ ਪਹਿਲਾਂ ਖੇਤ ਨੂੰ ਤਿਆਰ ਕਰਨ ਵਿੱਚ ਵੀ ਮਦਦ ਮਿਲੇਗੀ ਅਤੇ ਪਰਾਲੀ ਸਾੜਨ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਪੂਸਾ ਡੀਕੰਪੋਜਰ ਕੈਪਸੂਲ ਬਹੁਤ ਘੱਟ ਸਮੇਂ ਵਿੱਚ ਪਰਾਲੀ ਨੂੰ ਡੀਕੰਪੋਜ ਕਰ ਦੇਵੇਗਾ ਅਤੇ ਨਾਲ ਹੀ ਮਿੱਟੀ ਦੀ ਗੁਣਵੱਤਾ ਉੱਤੇ ਵੀ ਅਸਰ ਨਹੀਂ ਪਵੇਗਾ। ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਇਸਦੇ ਇਸਤੇਮਾਲ ਨਾਲ ਕਿਸਾਨਾਂ ਦੀ ਖਾਦਾਂ ਉੱਤੇ ਨਿਰਭਰਤਾ ਵੀ ਘੱਟ ਹੋਵੇਗੀ ਜਿਸ ਨਾਲ ਕਿਸਾਨਾਂ ਦੀ ਲਾਗਤ ਘੱਟ ਸਕਦੀ ਹੈ।

ਖਬਰ ਦੇ ਅਨੁਸਾਰ ਇੱਕ ਪੈਕੇਟ ਵਿੱਚ ਆਉਣ ਵਾਲੇ 4 ਕੈਪਸੂਲਸ ਨਾਲ 25 ਲੀਟਰ ਘੋਲ ਤਿਆਰ ਹੁੰਦਾ ਹੈ। ਕਿਸਾਨ ਇਸ ਘੋਲ ਨੂੰ 2.5 ਏਕੜ ਖੇਤ ਵਿੱਚ ਇਸਤੇਮਾਲ ਕਰ ਸਕਦੇ ਹਨ ਅਤੇ ਇਸਦੀ ਲਾਗਤ ਵੀ ਸਿਰਫ 20 ਰੁਪਏ ਆਵੇਗੀ। ਯਾਨੀ ਕਿ ਕਿਸਾਨਾਂ ਨੂੰ ਪਰਾਲੀ ਦਾ ਹੱਲ ਕਰਨ ਲਈ ਨਾ ਤਾਂ ਮਹਿੰਗੇ ਖੇਤੀ ਸੰਦਾਂ ਦੀ ਜ਼ਰੂਰਤ ਪਵੇਗੀ ਅਤੇ ਨਾ ਹੀ ਪਰਾਲੀ ਨੂੰ ਸਾੜਨਾ ਪਵੇਗਾ।