ਪੰਜਾਬੀ ਮੁੰਡੇ ਦੀ ਲੱਗੀ ਕੈਨੇਡਾ ਵਿੱਚ 2 ਕਰੋੜ ਦੀ ਸਕਾਲਰਸ਼ਿਪ

ਪਰਮਵੀਰ ਸਿੰਘ ਨਾਮ ਦੇ ਇੱਕ ਪੰਜਾਬੀ ਬੱਚੇ ਨੂੰ ਕੈਨੇਡਾ ਦੀ ਨੰਬਰ 1 ਅਤੇ ਵਿਸ਼ਵ ਦੀ 17ਵੀਂ ਰੈਂਕਿੰਗ ਵਾਲੀ ਯੂਨੀਵਰਸਿਟੀ ਆਫ ਟੋਰਾਂਟੋ ਤੋਂ 2 ਕਰੋੜ ਰੁਪਏ ਦੀ ਸਕਾਲਰਸ਼ਿਪ ਮਿਲੀ ਹੈ। ਇਸ ਸਕਾਲਰਸ਼ਿਪ ਤਹਿਤ ਹੁਣ ਉਹ ਮੁਫ਼ਤ ਗ੍ਰੈਜੂਏਸ਼ਨ ਲਈ ਕੈਨੇਡਾ ਵਿੱਚ ਰਹਿ ਸਕੇਗਾ ਅਤੇ ਉਸਦੀ ਸਾਰੀ ਪੜ੍ਹਾਈ ਮੁਫ਼ਤ ਹੋਵਗੀ। ਜਾਣਕਾਰੀ ਦੇ ਅਨੁਸਾਰ ਕੈਨੇਡਾ ਦੀ ਲੈਸਟਰ ਬੀ ਪੀਅਰਸਨ ਸਕਾਲਰਸ਼ਿਪ ਲਈ ਦੁਨੀਆ ਭਰ ਦੇ 37 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ।

ਇਨ੍ਹਾਂ ਵਿੱਚੋਂ ਇੱਕ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਪਰਮਵੀਰ ਵੀ ਹੈ। ਸੈਂਟ ਥੇਰੇਸਾ ਕਾਨਵੈਂਟ ਸਕੂਲ ਦੇ ਵਿਦਿਆਰਥੀ ਪਰਮਵੀਰ ਨੇ ਦੱਸਿਆ ਕਿ ਇਸ ਸਕਾਲਰਸ਼ਿਪ ਲਈ ਚੋਣ ਉਨ੍ਹਾਂ ਦੇ ਵਿੱਦਿਅਕ, ਖੇਡਾਂ ਅਤੇ ਸਮਾਜਿਕ ਕੰਮਾਂ ਵਿੱਚ ਕਾਰਗੁਜ਼ਾਰੀ ਦੇ ਨਾਲ-ਨਾਲ ਸੈਟ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਕੀਤੀ ਗਈ ਹੈ। ਵਿਦਿਆਰਥੀ ਦੀ ਇਸ ਪ੍ਰਾਪਤੀ ’ਤੇ ਸਕੂਲ ਵਿੱਚ ਸਨਮਾਨ ਸਮਾਰੋਹ ਵੀ ਕਰਵਾਇਆ ਗਿਆ।

ਜਿੱਥੇ ਪਿ੍ੰਸੀਪਲ ਸਿਸਟਰ ਪ੍ਰਿਆ ਥੇਰੇਸ ਨੇ ਪਰਮਵੀਰ ਦੇ ਦਾਦਾ ਜੀ ਸਾਧਾ ਸਿੰਘ, ਪਿਤਾ ਪ੍ਰਿਤਪਾਲ ਸਿੰਘ ਪੰਨੂ ਅਤੇ ਮਾਤਾ ਮਨਜੀਤ ਕੌਰ ਸਮੇਤ ਵਿਦਿਆਰਥੀ ਨੂੰ ਸਨਮਾਨਿਤ ਕੀਤਾ। ਦੱਸ ਦੇਈਏ ਕਿ ਪਰਨਵੀਰ ਦੀ ਪੜ੍ਹਾਈ ਦੇ ਨਾਲ ਨਾਲ ਹੋਸਟਲ ਅਤੇ ਉਸ ਦੇ ਪੜ੍ਹਨ ਲਈ ਕਿਤਾਬਾਂ ਦਾ ਖਰਚਾ ਵੀ ਯੂਨੀਵਰਸਿਟੀ ਹੀ ਚੁੱਕੇਗੀ।

ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਰਮਵੀਰ ਸਿੰਘ ਨੇ ਸੈਟ ਪ੍ਰੀਖਿਆ ਵਿੱਚ 1600 ਵਿੱਚੋਂ 1530 ਅੰਕ ਪ੍ਰਾਪਤ ਕੀਤੇ ਹਨ। ਇਨ੍ਹਾਂ ਅੰਕਾਂ ਦੇ ਆਧਾਰ ‘ਤੇ ਉਸ ਨੇ ਦੁਨੀਆ ਦੇ ਟਾਪ-1 ਫੀਸਦੀ ਪ੍ਰਤੀਯੋਗੀਆਂ ‘ਚ ਆਪਣੀ ਜਗ੍ਹਾ ਬਣਾਈ। ਉਸਨੇ 12ਵੀਂ ਦੀ ਪ੍ਰੀਖਿਆ ਵਿੱਚ 95 ਫੀਸਦੀ ਅੰਕ ਪ੍ਰਾਪਤ ਕੀਤੇ। ਫੁੱਟਬਾਲ ਖਿਡਾਰੀ ਪਰਮਵੀਰ ਨੇ ਵੀ ਸਮਾਜ ਸੇਵਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।

ਪਰਮਵੀਰ ਸਿੰਘ ਨੇ ਮਹਾਮਾਰੀ ਦੇ ਸਮੇਂ ਦੌਰਾਨ ਵੀ ਸੇਵਾ ਦਾ ਕੰਮ ਕੀਤਾ, ਬੱਚਿਆਂ ਨਾਲ ਬਦਸਲੂਕੀ ਅਤੇ ਨਸ਼ਿਆਂ ਵਿਰੁੱਧ 22 ਘੰਟੇ ਦਾ ਵੈਬੀਨਾਰ ਆਯੋਜਿਤ ਕੀਤਾ, ਜਿਸ ਨੂੰ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਹੋਰ ਗਤੀਵਿਧੀਆਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ।

ਵਿਦਿਆਰਥੀ ਪਰਮਵੀਰ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਸਕੂਲ ਦੇ ਅਧਿਆਪਕ, ਪ੍ਰਿੰਸੀਪਲ ਅਤੇ ਮਾਪਿਆਂ ਨੂੰ ਦਿੱਤਾ, ਕਿਉਂਕਿ ਉਨ੍ਹਾਂ ਵੱਲੋਂ ਇਸ ਸਕਾਲਰਸ਼ਿਪ ਲਈ ਨਾਮ ਦਿੱਤਾ ਗਿਆ ਸੀ। ਪਰਮਵੀਰ ਨੇ ਹੋਰਨਾਂ ਵਿਦਿਆਰਥੀਆਂ ਨੂੰ ਨਸੀਹਤ ਦਿੱਤੀ ਕਿ ਜੇਕਰ ਉਹ ਵੀ ਵਿਦੇਸ਼ਾਂ ਵਿੱਚ ਪੜ੍ਹ ਕੇ ਵਜ਼ੀਫ਼ਾ ਹਾਸਲ ਕਰਨਾ ਚਾਹੁੰਦੇ ਹਨ ਤਾਂ ਪੜ੍ਹਾਈ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਸਮਾਜ ਸੇਵਾ, ਖੇਡਾਂ ਆਦਿ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਆਪਣੀ ਸ਼ਖ਼ਸੀਅਤ ਦਾ ਵਿਕਾਸ ਕਰਨ।