ਕਿਸਾਨਾਂ ਨੂੰ ਮਹਿੰਗਾਈ ਦੀ ਮਾਰ, ਡੀਏਪੀ ਤੋਂ ਬਾਅਦ ਹੁਣ ਇਸ ਖਾਦ ਦੀ ਵੀ ਵਧੀ ਕੀਮਤ

ਦੇਸ਼ ਦੇ ਕਿਸਾਨ ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਝੇਲ ਰਹੇ ਹਨ ਅਤੇ ਹੁਣ ਕਿਸਾਨਾਂ ਨੂੰ ਲਗਾਤਾਰ ਹੋਰ ਵੱਡੇ ਝਟਕੇ ਲੱਗ ਰਹੇ ਹਨ। ਕਿਸਾਨ ਪਹਿਲਾਂ ਤੋਂ ਹੀ ਲਗਾਤਾਰ ਵੱਧ ਰਹੀਆਂ ਡੀਜਲ ਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹਨ ਅਤੇ ਪਿਛਲੇ ਦਿਨੀਂ ਖਾਦ ਕੰਪਨੀਆਂ ਵੱਲੋਂ ਡੀਏਪੀ ਖਾਦ ਦੇ ਰੇਟ 300 ਰੁਪਏ ਪ੍ਰਤੀ ਕੁਇੰਟਲ ਵਧਾ ਦਿੱਤੇ ਗਏ ਸਨ।

ਜਿਸ ਨਾਲ ਕਿਸਾਨਾਂ ਵਿੱਚ ਬਹੁਤ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਸੀ। ਪਰ ਹੁਣ DAP ਦੀਆਂ ਕੀਮਤਾਂ ਵਧਾਉਣ ਤੋਂ ਬਾਅਦ ਕਿਸਾਨਾਂ ਨੂੰ ਇੱਕ ਹੋਰ ਝਟਕਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਖਾਦ ਕੰਪਨੀਆਂ ਨੇ ਹੁਣ ਮਿਊਰੇਟ ਆਫ ਪੋਟਾਸ਼ (ਐੱਮੳਪੀ ) ਦੀਆਂ ਕੀਮਤਾਂ ਵਿੱਚ 1200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰ ਦਿੱਤਾ ਹੈ।

ਜਿਸ ਨਾਲ ਕਿਸਾਨਾਂ ’ਤੇ ਇੱਕ ਹੋਰ ਭਾਰੀ ਆਰਥਿਕ ਬੋਝ ਪਵੇਗਾ ਅਤੇ ਖੇਤੀ ਲਾਗਤ ਹੋਰ ਵੀ ਵੱਧ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਜਰਨਲ ਸਕੱਤਰ ਸਰੂਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਕਿਸਾਨ ਪਹਿਲਾਂ ਹੀ ਡੀਜ਼ਲ ਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਸਨ ਅਤੇ ਹੁਣ ਖਾਦਾਂ ਦੇ ਰੇਟ ਕਿਸਾਨੀ ਦਾ ਲੱਕ ਤੋੜ ਦੇਣਗੇ।

ਤੁਹਾਨੂੰ ਦੱਸ ਦੇਈਏ ਕਿ ਖਾਦ ਕੰਪਨੀਆਂ ਨੇ ਡੀਏਪੀ ਖਾਦ ਦਾ ਗੱਟਾ (50 ਕਿਲੋ) 1200 ਤੋਂ 1350 ਰੁਪਏ ਕਰ ਦਿੱਤਾ ਹੈ। ਇਸੇ ਤਰਾਂ ਪੋਟਾਸ਼ ਦਾ ਗੱਟਾ (50 ਕਿਲੋ ) 1100 ਤੋਂ ਵਧਾ ਕੇ 1700 ਰੁਪਏ ਕਰ ਦਿੱਤਾ ਹੈ। ਯੂਰੀਆ ਦੀਆਂ ਕੀਟਾਂ ਵਿੱਚ ਫਿਲਹਾਲ ਕੋਈ ਵਾਧਾ ਘਾਟਾ ਨਹੀ ਕੀਤਾ ਗਿਆ।

ਲਗਾਤਾਰ ਵਧ ਰਹੀਆਂ ਡੀਜ਼ਲ, ਕੀਟਨਾਸ਼ਕ ਦਵਾਈਆਂ, ਮਜ਼ਦੂਰੀ ਅਤੇ ਖਾਦਾਂ ਦੀਆਂ ਕੀਮਤਾਂ ਕਾਰਨ ਖੇਤੀ ਬਹੁਤ ਮਹਿੰਗੀ ਹੋ ਰਹੀ ਹੈ ਅਤੇ ਕਿਸਾਨਾਂ ਲਈ ਖੇਤੀ ਕਰਨਾ ਹੁਣ ਹੱਥ ਵੱਸ ਨਹੀ ਰਹੇਗੀ। ਕਿੳਂਕਿ ਲਾਗਤ ਖਰਚੇ ਬਹੁਤ ਜਿਆਦਾ ਵੱਧ ਚੁੱਕੇ ਹਨ ਅਤੇ ਸਰਕਾਰਾਂ ਫਸਲਾਂ ਦੇ ਰੇਟਾਂ ਵਿੱਚ ਮਾਮੂਲੀ ਵਾਧਾ ਕਰ ਰਹੀਆਂ ਹਨ।

ਕਿਸਾਨ ਆਗੂ ਦਾ ਕਹਿਣਾ ਹੈ ਕਿ ਇਸ ਵਾਰ ਸਾਲ 22 ’ਚ ਸਾਉਣੀ ਸੀਜ਼ਨ ਲਈ ਪੂਰੇ ਦੇਸ਼ ਦੇ ਕਿਸਾਨ 58.82 ਲੱਖ ਟਨ DAP ਅਤੇ 19.81 ਲੱਖ ਟਨ ਪੋਟਾਸ਼ ਦੀ ਖਪਤ ਕਰਨਗੇ। ਇਸੇ ਤਰਾਂ ਹਾੜੀ ਸੀਜ਼ਨ ਲਈ ਇਸ ਦੀ ਖਪਤ ਹੋਰ ਜ਼ਿਆਦਾ ਵਧੇਗੀ। ਕਿਸਾਨ ਆਗੂਆਂ ਵੱਲੋਂ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਗਿਆ ਕਿ ਖਾਦਾਂ ਦੀਆਂ ਵਧ ਰਹੀਆਂ ਅੰਤਰ ਰਾਸ਼ਟਰੀ ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਦਾਂ ਦੀ ਸਬਸਿਡੀ ਦਾ ਬਜਟ 3 ਲੱਖ ਕਰੋੜ ਕੀਤਾ ਜਾਵੇ।