2 ਮਹੀਨਿਆਂ ਲਈ ਪਾਣੀ ਦੀ ਨਹਿਰੀ ਸਪਲਾਈ ਬੰਦ

ਪੰਜਾਬ ਦੇ ਮਾਲਵੇ ਦੇ ਕਿਸਾਨਾਂ ਵਾਸਤੇ ਵੱਡੀ ਖੁਸ਼ਖਬਰੀ ਆ ਰਹੀ ਹੈ ਕਿਓਂਕਿ ਹੁਣ ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਤੋਂ ਨਿਕਲਦੀ ਇੰਦਰਾ ਗਾਂਧੀ ਕੈਨਾਲ (ਰਾਜਸਥਾਨ ਫੀਡਰ ਨਹਿਰ) ਦੀ ਮੁਰੰਮਤ ਲਈ 2 ਮਹੀਨੇ ਲਈ ਨਹਿਰ ਬੰਦ ਰਹੇਗੀ ਤੇ ਹੈੱਡ ਵਰਕਸ ਤੋਂ ਰਾਜਸਥਾਨ ਨਹਿਰ ‘ਚ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ | ਇਹ ਬੰਦੀ 28 ਮਾਰਚ ਤੋਂ ਸ਼ੁਰੂ ਹੋ ਕੇ 28 ਮਈ ਤੱਕ ਰਹੇਗੀ |

ਅਸਲ ਵਿਚ ਇਸ ਦੌਰਾਨ ਨਹਿਰ ਦੇ ਕਿਨਾਰਿਆਂ ਅਤੇ ਬੈੱਡ ਦੀ ਮੁਰੰਮਤ ਕੀਤੀ ਜਾਵੇਗੀ | ਇਸ ਪ੍ਰਾਜੈਕਟ ਤੇ ਕੇਂਦਰ ਅਤੇ ਰਾਜਸਥਾਨ ਸਰਕਾਰ 1800 ਕਰੋੜ ਰੁਪਏ ਖ਼ਰਚ ਕਰੇਗੀ | ਇਸ ਨਾਲ ਜਿੱਥੇ 260 ਕਿੱਲੋਮੀਟਰ ਲੰਬੀ ਨਹਿਰ ਦੀ ਪੂਰੀ ਤਰ੍ਹਾਂ ਮੁਰੰਮਤ ਹੋਵੇਗੀ, ਪੰਜਾਬ ਦੇ ਮਾਲਵੇ ਦੇ ਇਲਾਕੇ ਦੇ ਫਾਜਿਲਕਾ,ਮੁਕਤਸਰ ਜਿਲ੍ਹੇ ਕਈ ਸਾਲਾਂ ਤੋਂ ਸੇਮ ਦੀ ਮਾਰ ਹੇਠਾਂ ਹਨ

ਜਿਸ ਕਾਰਨ ਉਹਨਾਂ ਦੀਆਂ ਜਮੀਨਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ ਪਰ ਜੇਕਰ ਇਹ ਮੁਰੰਮਤ ਕੀਤੀ ਜਾਵੇਗੀ ਤਾਂ ਪੰਜਾਬ ਦੇ ਮਾਲਵੇ ਇਲਾਕੇ ਦੀ ਦਹਾਕਿਆਂ ਪੁਰਾਣੀ ਸੇਮ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ |

ਇਸ ਬੰਦ ਦੇ ਦੌਰਾਨ ਹਰੀਕੇ ਹੈੱਡ ਵਰਕਸ ਤੋਂ ਰਾਜਸਥਾਨ ਨਹਿਰ ‘ਚ ਲਗਾਤਾਰ 60 ਦਿਨ ਪਾਣੀ ਦੀ ਸਪਲਾਈ ਬੰਦ ਰਹੇਗੀ | ਜਿਸਦੇ ਨਾਲ ਅੱਤ ਦੀ ਗਰਮੀ ‘ਚ ਰਾਜਸਥਾਨ ਵਾਸੀਆਂ ਨੂੰ ਪਾਣੀ ਦੀ ਵੱਡੀ ਕਿੱਲਤ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਰਾਜਸਥਾਨ ਦੇ 10 ਜ਼ਿਲਿ੍ਹਆਂ ਦੇ 2 ਕਰੋੜ ਲੋਕ ਇਸ ਨਹਿਰ ਦੇ ਪਾਣੀ ‘ਤੇ ਹੀ ਨਿਰਭਰ ਹਨ |

ਇਸ ਦੌਰਾਨ ਪੰਜਾਬ ‘ਚ ਨਹਿਰ ਦੀ ਮੁਰੰਮਤ ਦਾ ਕੰਮ ਲਗਾਤਾਰ 60 ਦਿਨ ਚੱਲੇਗਾ, ਜਦਕਿ ਪਿਛਲੇ 30 ਦਿਨ ਰਾਜਸਥਾਨ ‘ਚ ਵੀ ਮੁਰੰਮਤ ਦਾ ਕੰਮ ਚੱਲੇਗਾ | ਇੰਦਰਾ ਗਾਂਧੀ ਨਹਿਰ ਦੀ ਹਾਲਤ ਕਮਜ਼ੋਰ ਹੋਣ ਕਾਰਨ ਰਾਜਸਥਾਨ ਨੂੰ ਪਾਣੀ ਦਾ ਬਣਦਾ ਪੂਰਾ ਹਿੱਸਾ (ਸ਼ੇਅਰ) ਨਹੀਂ ਪਹੁੰਚਦਾ ਹੈ |

ਇੰਦਰਾ ਗਾਂਧੀ ਨਹਿਰ ਜਿਸ ਦੀ ਸਮਰੱਥਾ 18500 ਕਿਊਸਿਕ ਪਾਣੀ ਦੀ ਹੈ, ਪ੍ਰੰਤੂ ਇਸ ਦੀ ਹਾਲਤ ਕਮਜ਼ੋਰ ਹੋਣ ਕਾਰਨ ਹਰੀਕੇ ਹੈੱਡ ਵਰਕਸ ਤੋਂ 12000 ਕਿਊਸਿਕ ਪਾਣੀ ਹੀ ਛੱਡਿਆ ਜਾਂਦਾ ਹੈ | ਇੰਦਰਾ ਗਾਂਧੀ ਕੈਨਾਲ ਦੀ ਪੰਜਾਬ ‘ਚ ਕੁੱਲ ਲੰਬਾਈ 150 ਕਿੱਲੋਮੀਟਰ ਹੈ ਤੇ ਇਸ ਪ੍ਰਾਜੈਕਟ ‘ਚ ਜ਼ਿਲ੍ਹਾ ਫ਼ਰੀਦਕੋਟ ਤੋਂ ਸ਼ੁਰੂ ਹੋ ਕੇ ਲਗਪਗ 100 ਕਿੱਲੋਮੀਟਰ ਦੀ ਮੁਰੰਮਤ ਹੋਵੇਗੀ |

ਹੁਣ ਇਸ ਪ੍ਰਾਜੈਕਟ ਨਾਲ ਨਹਿਰ ਦੀ ਮੁਰੰਮਤ ਪੂਰੀ ਤਰ੍ਹਾਂ ਹੋਣ ਨਾਲ ਸੇਮ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਅਤੇ ਰਾਜਸਥਾਨ ਨੂੰ ਵੀ ਬਣਦਾ ਪਾਣੀ ਦਾ ਹਿੱਸਾ ਮਿਲੇਗਾ |