ਪਰਾਲੀ ਸਾੜਨ ਵਾਲੇ ਕਿਸਾਨ ਹੋ ਜਾਣ ਸਾਵਧਾਨ, ਅਦਾਲਤ ਨੇ ਪਰਾਲੀ ਸਾੜਨ ਕਾਰਨ ਕਿਸਾਨ ਨੂੰ ਸੁਣਾਈ ਏਨੀ ਸਜ਼ਾ

ਹਰ ਸਾਲ ਪੰਜਾਬ ਵਿਚ ਪਰਾਲੀ ਇੱਕ ਵੱਡਾ ਮੁੱਦਾ ਬਣਦੀ ਹੈ। ਬਹੁਤ ਸਾਰੇ ਕਿਸਾਨ ਪਰਾਲੀ ਦੀ ਸਾਂਭ ਸੰਭਾਲ ਲਈ ਮਸ਼ੀਨਾਂ ਨਹੀਂ ਖਰੀਦ ਸਕਦੇ ਇਸ ਕਾਰਨ ਉਹ ਪਰਾਲੀ ਸਾੜ ਦਿੰਦੇ ਹਨ। ਪਰ ਇਸ ਸਾਲ ਪਰਾਲੀ ਸਾੜਨ ਵਾਲੇ ਇੱਕ ਕਿਸਾਨ ਨੂੰ ਜੁਰਮਾਨਾ ਅਤੇ ਕੈਦ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਤੁਹਾਨੂੰ ਦਸ ਦੇਈਏ ਕਿ ਕੁਝ ਸਾਲ ਪਹਿਲਾਂ ਘਨੌਰ ਦੇ ਇੱਕ ਕਿਸਾਨ ਬਲਵਿੰਦਰ ਸਿੰਘ ਖ਼ਿਲਾਫ਼ ਪੁਲਿਸ ਨੇ ਜ਼ਿਲ੍ਹਾ ਮੈਜਿਸਟ੍ਰੇਟ ਪਟਿਆਲਾ ਵੱਲੋਂ ਝੋਨੇ ਦੀ ਪਰਾਲੀ ਸਾੜਨ ਵਿਰੁੱਧ ਮੁਕੱਦਮਾ ਦਰਜ ਕੀਤਾ ਸੀ।

ਇਸ ਤੋਂ ਬਾਅਦ ਰਾਜਪੁਰਾ ਦੀ ਹੇਠਲੀ ਅਦਾਲਤ ਨੇ ਮਿਤੀ 06/09/2017 ਨੂੰ ਕਿਸਾਨ ਬਲਵਿੰਦਰ ਸਿੰਘ ਵਿਰੁੱਧ ਆਈ.ਪੀ.ਸੀ. ਦੀ ਧਾਰਾ 188 ਤਹਿਤ ਦੋਸ਼ ਆਇਦ ਕੀਤੇ ਸਨ ਅਤੇ ਅਦਾਲਤ ਵੱਲੋਂ ਝੋਨੇ ਦੀ ਪਰਾਲੀ ਸਾੜਨ ਲਈ ਦੋਸ਼ੀ ਠਹਿਰਾਉਂਦਿਆਂ ਉਸ ਕਿਸਾਨ ਨੂੰ ਮਿਤੀ 20/03/2019 ਨੂੰ ਇੱਕ ਮਹੀਨੇ ਦੀ ਸਜਾ ਅਤੇ 1000 ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ।

ਹਾਲਾਂਕਿ ਇਸ ਤੋਂ ਬਾਅਦ ਹੁਣ ਪਟਿਆਲਾ ਦੇ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਸ੍ਰੀ ਰਜਿੰਦਰ ਅਗਰਵਾਲ ਦੀ ਅਦਾਲਤ ਨੇ ਇਸ ਮਾਮਲੇ ਤਹਿਤ ਰਾਜਪੁਰਾ ਦੀ ਅਦਾਲਤ ਵੱਲੋਂ ਉਸ ਕਿਸਾਨ ਖਿਲਾਫ ਸੁਣਾਈ ਗਈ 1 ਮਹੀਨੇ ਦੀ ਕੈਦ ਅਤੇ 1 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਖ਼ਿਲਾਫ਼ ਅਪੀਲ ਦਾ ਨਿਪਟਾਰਾ ਕੀਤਾ ਹੈ ਅਤੇ ਇੱਕ ਮਿਸਾਲੀ ਫੈਸਲਾ ਸੁਣਾਇਆ ਹੈ।

ਹੁਣ ਅਦਾਲਤ ਨੇ ਦੋਸ਼ੀ ਕਿਸਾਨ ਨੂੰ ਕਾਨੂੰਨ ਮੁਤਾਬਕ ਸਜਾ ਦੇਣ ਦੀ ਬਜਾਏ ਭਵਿੱਖ ‘ਚ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਇੱਕ ਚੰਗਾ ਨਾਗਰਿਕ ਬਣਨ ਦਾ ਵਾਅਦਾ ਕਰਵਾ ਕੇ 20 ਹਜ਼ਾਰ ਰੁਪਏ ਦਾ ਪ੍ਰੋਬੇਸ਼ਨ ਮੁਚੱਲਕਾ ਭਰਵਾ ਕੇ ਅਤੇ ਇੱਕ ਜਣੇ ਦੀ ਜਾਮਨੀ ‘ਤੇ ਬਰੀ ਰਿਹਾਅ ਦਿੱਤਾ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਕਿ ਕਿਸਾਨ ਫ਼ਸਲਾਂ ਪਰਾਲੀ ਨੂੰ ਅੱਗ ਲਾਉਣ ਦੀ ਆਦਤ ਤੋਂ ਸਦਾ ਲਈ ਖਹਿੜਾ ਛੁਡਾ ਕੇ ਵਾਤਾਵਰਣ ਦੀ ਸੰਭਾਲ ‘ਚ ਆਪਣਾ ਯੋਗਦਾਨ ਪਾ ਸਕਣ।

ਅਦਾਲਤ ਵੱਲੋਂ ਇਹ ਫੈਸਲਾ ਲੈਂਦਿਆਂ ਉਸ ਕਿਸਾਨ ਤੋਂ ਇਹ ਲਿਖਤੀ ਸਹਿਮਤੀ ਲਈ ਗਈ ਕਿ ਉਹ ਅਗਲੇ ਦੋ ਸਾਲਾਂ ਤੱਕ ਪਰਾਲੀ ਸਾੜਨ ਦੀ ਥਾਂ ਇਸਦਾ ਹੋਰ ਤਰੀਕਿਆਂ ਨਾਲ ਨਿਪਟਾਰਾ ਕਰੇਗਾ ਅਤੇ ਇਸ ਤਰ੍ਹਾਂ ਕਰਦਿਆਂ-ਕਰਦਿਆਂ ਉਸਨੂੰ ਪਰਾਲੀ ਨਾ ਸਾੜਨ ਦੀ ਆਦਤ ਪੈ ਜਾਵੇਗੀ। ਹਾਲਾਂਕਿ ਕਿਸਾਨ ਨੂੰ ਸਖਤ ਨਿਰਦੇਸ਼ ਵਿੱਚ ਦਿੱਤੇ ਗਏ ਕਿ ਜੇਕਰ ਅਗਲੇ ਦੋ ਸਾਲਾਂ ਤੱਕ ਉਹ ਖੇਤਾਂ ਵਿੱਚ ਹਾੜੀ ਤੇ ਸਾਉਣੀ ਸੀਜ਼ਨ ਦੌਰਾਨ ਰਹਿੰਦ-ਖੂੰਹਦ ਨੂੰ ਅੱਗ ਲਗਾਉਂਦਾ ਪਾਇਆ ਗਿਆ ਤਾਂ ਉਸਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।