ਝੋਨੇ ਦੀ ਵਾਢੀ ਕਰਨ ਤੋਂ ਪਹਿਲਾਂ ਕਿਸਾਨ ਜਰੂਰ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ, ਨਹੀਂ ਤਾਂ ਹੋਵੇਗਾ ਵੱਡਾ ਨੁਕਸਾਨ

ਸੂਬੇ ਦੀਆਂ ਜਿਆਦਾਤਰ ਮੰਡੀਆਂ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਕਈ ਥਾਵਾਂ ਉੱਤੇ ਅਜੇ ਝੋਨੇ ਦੀ ਵਾਢੀ ਵਿਚ ਥੋੜਾ ਸਮਾਂ ਪਿਆ ਹੈ। ਝੋਨੇ ਦੀ ਵਾਢੀ ਅਕਸਰ ਨਵੰਬਰ ਮਹੀਨੇ ਦੀ ਸ਼ੁਰੂਆਤ ਤੱਕ ਚਲਦੀ ਹੈ। ਝੋਨੇ ਦੀ ਵਾਢੀ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਕੁਝ ਜਰੂਰੀ ਗੱਲਾਂ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਹੈ ਨਹੀਂ ਤਾਂ ਕਿਸਾਨਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।

ਸਭਤੋਂ ਪਹਿਲੀ ਗੱਲ ਹੈ ਕਿ ਫ਼ਸਲ ਦੇ ਪੱਕਣ ਤੋਂ ਦੋ ਹਫ਼ਤੇ ਪਹਿਲਾਂ ਉਸਨੂੰ ਪਾਣੀ ਦੇਣਾ ਬੰਦ ਕਰ ਦਿਓ, ਇਸ ਨਾਲ ਕਟਾਈ ਸੌਖੀ ਹੁੰਦੀ ਹੈ। ਨਾਲ ਹੀ ਇਸ ਤਰ੍ਹਾਂ ਕਰਨ ਨਾਲ ਝੋਨੇ ਤੋਂ ਬਾਅਦ ਹਾੜ੍ਹੀ ਦੀ ਫ਼ਸਲ ਵੀ ਸਮੇਂ ਸਰ ਬੀਜੀ ਜਾ ਸਕੇਗੀ। ਸੇਮ ਵਾਲੇ ਖੇਤਾਂ ਵਿੱਚ ਕਣਕ ਦੀ ਬਿਜਾਈ ਪਛੇਤੀ ਹੋਣ ਤੋਂ ਬਚਾਉਣ ਲਈ ਕਣਕ ਦੀ ਰੌਣੀ ਖੜ੍ਹੇ ਝੋਨੇ ਦੀ ਕਟਾਈ ਤੋਂ ਦੋ ਹਫ਼ਤੇ ਪਹਿਲਾ, ਜ਼ਮੀਨ ਦੀ ਕਿਸਮ ਅਨੁਸਾਰ ਕਰੋ।

ਇਸਤੋਂ ਬਾਅਦ ਜਦੋਂ ਫ਼ਸਲ ਦੀਆਂ ਮੁੰਜਰਾਂ ਪੱਕ ਜਾਣ ਅਤੇ ਪਰਾਲੀ ਦਾ ਰੰਗ ਪੀਲਾ ਹੋਣ ਲੱਗੇ ਤਾਂ ਫ਼ਸਲ ਕੱਟ ਲੈਣੀ ਚਾਹੀਦੀ ਹੈ। ਜੇਕਰ ਫ਼ਸਲ ਕਟਾਈ ਦੇ ਸਮੇਂ ਤੱਕ ਜ਼ਿਆਦਾ ਪੱਕ ਜਾਵੇ ਤਾਂ ਦਾਣੇ ਮੁੰਜਰਾਂ ਨਾਲੋਂ ਕਿਰ ਜਾਂਦੇ ਹਨ ਅਤੇ ਝਾੜ ਘਟਣ ਕਾਰਨ ਨੁਕਸਾਨ ਹੋ ਸਕਦਾ ਹੈ। ਝੋਨਾ ਕੱਟਣ ਸਮੇਂ ਕੰਬਾਈਨ ਨੂੰ ਸਹੀ ਸਪੀਡ ’ਤੇ ਚਲਾਉਣਾ ਚਾਹੀਦਾ ਹੈ ਅਤੇ ਹਮੇਸ਼ਾ ਉਨ੍ਹਾਂ ਕੰਬਾਇਨਾਂ ਨੂੰ ਤਰਜ਼ੀਹ ਦਿਓ, ਜਿਨ੍ਹਾਂ ਪਿੱਛੇ ਪੀ.ਏ.ਯੂ. ਸੁਪਰ ਐੱਸ.ਐੱਮ.ਐੱਸ. ਲੱਗਾ ਹੋਵੇ।

ਕਿਉਂਕਿ ਸੁਪਰ ਐੱਸ.ਐੱਮ.ਐੱਸ.ਕੰਬਾਇਨ ਦੇ ਪਿੱਛੇ ਡਿੱਗਣ ਵਾਲੀ ਪਰਾਲੀ ਦਾ ਕੁਤਰਾ ਕਰਕੇ ਖੇਤ ਵਿੱਚ ਖਿਲਾਰ ਦਿੰਦਾ ਹੈ। ਜਿਸ ਤੋਂ ਬਾਦ ਕਣਕ ਦੀ ਬਿਜਾਈ ਬਿਨਾ ਪਰਾਲੀ ਨੂੰ ਸਾੜੇ ਹੈਪੀਸੀਡਰ ਨਾਲ ਕੀਤੀ ਜਾ ਸਕਦੀ ਹੈ ਅਤੇ ਖੇਤ ਨੂੰ ਤਿਆਰ ਕਰਨ ਦਾ ਖਰਚਾ ਘਰਨ ਦੇ ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਨਹੀਂ ਹੁੰਦਾ। ਕਿਸਾਨ ਝੋਨੇ ਦੀ ਵਾਢੀ ਲਈ ਟਰੈਕਟਰ ਨਾਲ ਚੱਲਣ ਵਾਲੀ ਵਰਟੀਕਲ ਕਨਵੇਅਰ ਰੀਪਰ ਵਿੰਡਰੋਵਰ ਦੀ ਵਰਤੋਂ ਵੀ ਕਰ ਸਕਦੇ ਹਨ।

ਝੋਨੇ ਦਾ ਮੰਡੀਕਰਨ ਅਤੇ ਭੰਡਾਰਨ:

ਕਿਸਾਨ ਦੀ ਆਮਦਨ ਸਭਤੋਂ ਜਿਆਦਾ ਫਸਲ ਦੇ ਮੰਡੀਕਰਨ ਉੱਤੇ ਨਿਰਭਰ ਕਰਦੀ ਹੈ। ਮੰਡੀਕਰਨ ਸਮੇਂ ਝੋਨੇ ਵਿੱਚ ਨਮੀ ਦੀ ਮਾਤਰਾ 17 ਪ੍ਰਤੀਸ਼ਤ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਸੇ ਤਰਾਂ ਕਿਸਾਨ ਫ਼ਸਲ ਵੇਚਣ ਤੋਂ ਬਾਅਦ ਆੜਤੀਏ ਕੋਲੋਂ ‘ਜੇ’ ਫਾਰਮ ਜ਼ਰੂਰ ਲੈ ਲੈਣ। ਜਿਹੜਾ ਅਨਾਜ ਘਰ ਰੱਖਣਾ ਹੈ, ਉਸਨੂੰ ਇੱਕ ਹਫ਼ਤੇ ਲਈ ਧੁੱਪ ਵਿੱਚ ਚੰਗੀ ਤਰ੍ਹਾਂ ਸੁਕਾ ਕੇ ਗੁਦਾਮ ਵਿੱਚ ਰੱਖਣਾ ਜ਼ਰੂਰੀ ਹੈ। ਦਾਣਿਆਂ ਨੂੰ ਗੁਦਾਮ ਵਿੱਚ ਰੱਖਣ ਸਮੇਂ ਇਨ੍ਹਾਂ ਵਿੱਚ ਨਮੀ ਦੀ ਮਾਤਰਾ 12 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ।