ਕਿਸਾਨਾਂ ਵਾਸਤੇ ਨਵੀਂ ਸਕੀਮ, ਹੁਣ ਬਿਜਲੀ ਦੀ ਹਰ ਯੂਨਿਟ ‘ਤੇ ਮਿਲਣਗੇ 4 ਰੁਪਏ, ਜਾਣੋ ਕਿਵੇਂ

ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਸਮੇਂ ਸਮੇਂ ‘ਤੇ ਕਿਸਾਨਾਂ ਨੂੰ ਰਾਹਤ ਦੇਣ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਕਈਂ ਨਵੀਆਂ ਸਕੀਮਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਹੁਣ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਪਾਵਰਕੌਮ ਨੇ ਇੱਕ ਨਵੀਂ ਸਕੀਮ ਪੇਸ਼ ਕੀਤੀ ਹੈ ਜਿਸ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ। ਜਾਣਕਾਰੀ ਦੇ ਅਨੁਸਾਰ ਪਾਵਰਕਾਮ ਵੱਲੋਂ ਕਿਸਾਨਾਂ ਲਈ ਪੇਸ਼ ਕੀਤੀ ਗਈ ਸਕੀਮ ਦਾ ਨਾਮ ਪਾਣੀ ਬਚਾਓ ਤੇ ਪੈਸੇ ਕਮਾਓ ਸਕੀਮ ਹੈ।

ਇਸ ਸਕੀਮ ਦਾ ਮਤਲਬ ਇਹ ਹੈ ਕਿ ਸੂਬੇ ਦੇ ਕਿਸਾਨ ਹੁਣ ਕਿਸਾਨ ਬਿਜਲੀ ਦੀ ਖਪਤ ਨੂੰ ਘੱਟ ਕਰਕੇ ਉਸਤੋਂ ਪੈਸੇ ਕਮਾ ਸਕਦੇ ਹਨ। ਇਸ ਸਕੀਮ ਦਾ ਫਾਇਦਾ ਲੈਣ ਲਈ ਕਿਸਾਨਾਂ ਨੂੰ ਪਹਿਲਾਂ ਸਬੰਧਤ ਡਵੀਜ਼ਨ ਦੇ ਦਫਤਰਾਂ ‘ਚ ਆਪਣਾ ਨਾਂ ਰਜਿਸਟਰ ਕਰਵਾਉਣਾ ਹੋਵੇਗਾ। ਕਿਸਾਨ ਆਪਣੀ ਬਿਜਲੀ ਦੀ ਖਪਤ ਨੂੰ ਘੱਟ ਕਰਨ ਤੋਂ ਬਾਅਦ ਜੋ ਬਿਜਲੀ ਬਚਾਉਣਗੇ ਉਸ ‘ਤੇ ਹਰ ਕਿਸਾਨ ਨੂੰ 4 ਰੁਪਏ ਯੂਨਿਟ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਵੇਗੀ।

ਖਾਸ ਗੱਲ ਇਹ ਹੈ ਕਿ ਇਹ ਸਬਸਿਡੀ ਸਿਧ ਕਿਸਾਨ ਦੇ ਖਾਤੇ ‘ਚ ਪਾ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੀਫ ਇੰਜੀਨੀਅਰ ਜੈਨਇੰਦਰ ਦਾਨੀਆ ਨੇ ਦੱਸਿਆ ਕਿ ਇਸ ਸਕੀਮ ਦਾ ਹਿੱਸਾ ਬਣਨ ਲਈ ਕਿਸਾਨ ਪਾਵਰਕਾਮ ਦੇ ਐਪ ‘ਚ ਜਾ ਕੇ ਖੁਦ ਲਾਗਇਨ ਕਰ ਸਕਦੇ ਹਨ। ਨਾਲ ਹੀ ਐਕਸੀਅਨ ਸੰਨੀ ਭਾਗਰਾ ਨੇ ਦੱਸਿਆ ਕਿ ਪਾਵਰਕਾਮ ਦੇ ਐਪ ਵਿੱਚ 15 ਸਤੰਬਰ ਤੋਂ ਪੰਜਾਬ ਪਾਵਰ ਸਪਲਾਈ ‘ਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੀ ਆਪਸ਼ਨ ਜੁੜ ਜਾਵੇਗੀ।

ਇਸ ਆਪਸ਼ਨ ਦੇ ਜੁੜਨ ਤੋਂ ਬਾਅਦ ਕਿਸਾਨ ਘਰ ਬੈਠੇ ਹੀ ਇਸ ਸਕੀਮ ਲਈ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਸ ਯੋਜਨਾ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਕਿਸਾਨ ਨੂੰ ਜਿੰਨੀ ਲਿਮਿਟ ਯੂਨਿਟ ਖਪਤ ਲਈ ਦਿੱਤੀ ਜਾਵੇਗੀ, ਜੇਕਰ ਕਿਸਾਨ ਉਸ ਤੋਂ ਵੱਧ ਵੀ ਖਪਤ ਕਰਦਾ ਹੈ ਤਾਂ ਵੀ ਉਸ ਨੂੰ ਨੁਕਸਾਨ ਨਹੀਂ ਹੋਵੇਗਾ ਤੇ ਨਾ ਹੀ ਉਸਦਾ ਬਿਜਲੀ ਦਾ ਬਿੱਲ ਵਧੇਗਾ। ਅਤੇ ਬਿਜਲੀ ਦੀ ਖਪਤ ਨੂੰ ਘੱਟ ਕਰਨ ‘ਤੇ ਕਿਸਾਨ ਚੰਗੀ ਕਮਾਈ ਕਰ ਸਕਣਗੇ।