ਹੁਣ 3 ਗੱਟੇ ਯੂਰੀਆ ਦੇ ਨਾਲ ਸਰਕਾਰ ਦੇਵੇਗੀ 2 ਬੋਤਲਾਂ ਨੈਨੋ ਯੂਰੀਆ, ਜਾਣੋ ਕੀ ਹੈ ਪਲਾਨ

ਕਿਸਾਨਾਂ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਯੂਰੀਆ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਫਸਲਾਂ ਵਿੱਚ ਪੂਰੀ ਤਰ੍ਹਾਂ ਨਾਲ ਯੂਰਿਆ ਨਾ ਦੇ ਪਾਉਣ ਦੇ ਕਾਰਨ ਬਹੁਤ ਸਾਰੇ ਕਿਸਾਨਾਂ ਨੂੰ ਨੁਕਸਾਨ ਵੀ ਹੋ ਚੁੱਕਿਆ ਹੈ। ਪਰ ਇਸ ਵਾਰ ਕਿਸਾਨਾਂ ਦੀ ਯੂਰੀਆ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਨੇ ਇੱਕ ਨਵਾਂ ਤਰੀਕਾ ਲੱਭ ਲਿਆ ਹੈ। ਹੁਣ ਸਰਕਾਰ ਕਿਸਾਨਾਂ ਨੂੰ ਤਿੰਨ ਗੱਟਿਆਂ ਤੋਂ ਜ਼ਿਆਦਾ ਯੂਰੀਆ ਖਰੀਦਣ ਉੱਤੇ 2 ਬੋਤਲਾਂ ਨੈਨੋ ਯੂਰੀਆ ਵੀ ਦੇਵੇਗੀ।

ਤੁਹਾਨੂੰ ਦੱਸ ਦੇਈਏ ਕਿ ਇਫਕੋ ਦੀ ਯੂਰੀਆ ਖਾਦ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ। ਪਰ ਇਸ ਵਾਰ ਜਿਆਦਾ ਮੰਗ ਕਰਨ ਵਾਲੇ ਕਿਸਾਨਾਂ ਨੂੰ ਗੱਟੇ ਵਾਲੀ ਯੂਰੀਆ ਖਾਦ ਦੇ ਨਾਲ ਨੈਨੋ ਯੂਰੀਆ ਵੀ ਖਰੀਦਣੀ ਪਵੇਗੀ। ਤਿੰਨ ਗੱਟਿਆਂ ਤੋਂ ਜ਼ਿਆਦਾ ਯੂਰੀਆ ਦੀ ਮੰਗ ਕਰਨ ਵਾਲੇ ਕਿਸਾਨਾਂ ਨੂੰ ਨੈਨੋ ਯੂਰੀਆ ਦੀਆਂ ਦੋ ਬੋਤਲਾਂ ਦਿੱਤੀਆਂ ਜਾਣਗੀਆਂ। ਜਿਸਦੇ ਨਾਲ ਕਿਸਾਨ ਆਪਣੀ ਪੰਜ ਗੱਟਿਆਂ ਦੀ ਜ਼ਰੂਰਤ ਪੂਰੀ ਕਰ ਸਕਣਗੇ।

ਹਲਾਕਿ ਇੱਕ ਸਮੱਸਿਆ ਇਹ ਵੀ ਹੈ ਕਿ ਬਹੁਤ ਸਾਰੇ ਕਿਸਾਨ ਨੈਨੋ ਯੂਰਿਆ ਨੂੰ ਖਰੀਦਣ ਦੇ ਚਾਹਵਾਨ ਨਹੀਂ ਹਨ। ਪਰ ਜਿਨ੍ਹਾਂ ਕਿਸਾਨਾਂ ਦੀ ਲਾਗਤ ਤਿੰਨ ਗੱਟਿਆਂ ਤੋਂ ਜ਼ਿਆਦਾ ਹੈ ਉਨ੍ਹਾਂਨੂੰ ਨੈਨੋ ਯੂਰੀਆ ਖਰੀਦਣੀ ਹੀ ਪਵੇਗੀ। ਤੁਹਾਨੂੰ ਦੱਸ ਦੇਈਏ ਕਿ ਫ਼ਿਲਹਾਲ ਇਸਦੀ ਸ਼ੁਰੁਆਤ ਹਿਮਾਚਲ ਵਿੱਚ ਹੋਈ ਹੈ ਅਤੇ ਜਲਦੀ ਹੀ ਪੂਰੇ ਭਾਰਤ ਵਿੱਚ ਵੀ ਇਹ ਸਕੀਮ ਸ਼ੁਰੂ ਕਰ ਦਿੱਤੀ ਜਾਵੇਗੀ।

ਹਿਮਾਚਲ ਪ੍ਰਦੇਸ਼ ਵਿੱਚ ਇਫਕੋ ਦੁਆਰਾ ਕਿਸਾਨਾਂ ਨੂੰ ਨੈਨੋ ਯੂਰੀਆ ਖਰੀਦਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪਰ ਨਵਾਂ ਉਤਪਾਦ ਹੋਣ ਦੇ ਕਾਰਨ ਬਹੁਤ ਸਾਰੇ ਕਿਸਾਨ ਇਸਨੂੰ ਨਹੀਂ ਖਰੀਦ ਰਹੇ ਹਨ। ਇਸ ਨੂੰ ਦੇਖਦੇ ਹੋਏ ਇਫਕੋ ਨੇ ਗੱਟੇ ਵਾਲੀ ਯੂਰੀਆ ਦੇ ਨਾਲ ਨੈਨੋ ਯੂਰੀਆ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ ਅਤੇ ਜਿਨ੍ਹਾਂ ਕਿਸਾਨਾਂ ਦੀ ਯੂਰੀਆ ਦੀ ਲਾਗਤ ਜ਼ਿਆਦਾ ਹੈ ਉਨ੍ਹਾਂਨੂੰ ਇਸਦੀ ਖਰੀਦ ਕਰਨੀ ਹੀ ਪਵੇਗੀ ।

ਅਜਿਹੇ ਕਿਸਾਨਾਂ ਦੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਹੈ। ਇਸ ਸਬੰਧੀ ਇਫਕੋ ਦੇ ਵਿਕਰੀ ਅਧਿਕਾਰੀ ਦਾ ਕਹਿਣਾ ਹੈ ਕਿ ਕਿਸਾਨ ਨੈਨੋ ਯੂਰੀਆ ਨੂੰ ਕਿਸੇ ਵੀ ਕੀਟਨਾਸ਼ਕ ਜਾਂ ਹੋਰ ਦਵਾਈ ਦੇ ਨਾਲ ਮਿਲਾਕੇ ਵੀ ਸਪਰੇਅ ਕਰ ਸਕਦੇ ਹਨ। ਅਜਿਹਾ ਕਰਨ ਨਾਲ ਕਿਸਾਨਾਂ ਦਾ ਸਮਾਂ ਵੀ ਬਚੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਨੈਨੋ ਯੂਰੀਆ ਦੇ ਨਤੀਜੇ ਗੱਟੇ ਵਾਲੀ ਯੂਰਿਆ ਤੋਂ ਬਿਹਤਰ ਹਨ ।

ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਖੇਤ ਵਿੱਚ ਗੱਟੇ ਵਾਲੀ ਯੂਰੀਆ ਦਾ ਛਿੜਕਾਅ ਕਰਨਾ ਨੈਨੋ ਯੂਰੀਆ ਦੀ ਸਪਰੇਅ ਨਾਲੋਂ ਆਸਾਨ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਪਰੇਅ ਕਰਨਾ ਲੰਬੀ ਪਰਿਕ੍ਰੀਆ ਹੈ ਜਿਸਦੇ ਲਈ ਉਨ੍ਹਾਂਨੂੰ ਸਪਰੇਅ ਪੰਪ ਲੈ ਕੇ ਖੇਤ ਵਿੱਚ ਘੁੰਮਣਾ ਪੈਂਦਾ ਹੈ ਜੋ ਕਿ ਇੱਕ ਮੁਸ਼ਕਲ ਕੰਮ ਹੈ।