ਮੋਟਰ ਕੁਨੈਕਸ਼ਨਾਂ ਨੂੰ ਲੈ ਕੇ ਪਾਵਰਕਾਮ ਨੇ ਜਾਰੀ ਕੀਤੀ ਨਵੀ ਯੋਜਨਾ

ਮੋਟਰ ਕੁਨੈਕਸ਼ਨਾਂ ਨੂੰ ਲੈ ਕੇ ਪਾਵਰਕਾਮ ਨੇ ਇੱਕ ਨਵੀਂ ਸਕੀਮ ਲਾਂਚ ਕੀਤੀ ਹੈ, ਇਸ ਸਕੀਮ ਨਾਲ ਕਿਸਾਨਾਂ ਨੂੰ ਫਾਇਦਾ ਮਿਲੇਗਾ,ਪਾਵਰਕੌਮ ਵੱਲੋਂ ‘ਪਾਣੀ ਬਚਾਓ ਪੈਸਾ ਕਮਾਓ’ ਮੁਹਿੰਮ ਦੇ ਪਾਇਲਟ ਪ੍ਰਾਜੈਕਟ ’ਚ ਸਫ਼ਲ ਹੋਣ ਮਗਰੋਂ ਹੁਣ ਇਸ ਨੂੰ ਪੰਜਾਬ ਦੀਆਂ 250 ਖੇਤੀ ਫੀਡਰਾਂ ’ਚ ਲਾਗੂ ਕਰ ਦਿੱਤਾ ਗਿਆ ਹੈ। ਪਾਣੀ ਬਚਾਉਣ ਦੇ ਪ੍ਰਾਜੈਕਟ ’ਚ ਸਹਿਯੋਗ ਦੇਣ ਵਾਲੇ ਕਿਸਾਨਾਂ ਦੇ ਖਾਤਿਆਂ ਵਿਚ ਕਰੀਬ ਪੌਣੇ 15 ਲੱਖ ਰੁਪਏ ਪਾਏ ਗਏ ਹਨ।

ਇਸ ਸਕੀਮ ਹੇਠ ਜਿਹੜੇ ਕਿਸਾਨ ਪਾਣੀ ਦੀ ਬੱਚਤ ਲਈ ਲੋੜੀਂਦੀ ਮੋਟਰ ਟਿਊਬਵੈੱਲ ਦੀ ਵਰਤੋਂ ਸੰਜਮ ਨਾਲ ਕਰ ਰਹੇ ਹਨ, ਪਾਵਰਕੌਮ ਉਨ੍ਹਾਂ ਦੇ ਖ਼ਾਤਿਆਂ ’ਚ ਬਿਜਲੀ ਬਚਤ ਦੇ ਬਣਦੇ ਪੈਸੇ ਜਮ੍ਹਾਂ ਕਰ ਰਿਹਾ ਹੈ। ਇਸ ਕਾਰਨ ਜਿੱਥੇ ਕਿਸਾਨਾਂ ’ਚ ਪਾਣੀ ਦੀ ਬੱਚਤ ਲਈ ਜਾਗਰੂਕਤਾ ਵਧ ਰਹੀ ਹੈ,

ਉਥੇ ਹੀ ਬਿਜਲੀ ਦੀ ਬਚਤ ਵੀ ਸੰਭਵ ਹੋ ਰਹੀ ਹੈ। ਜਾਰੀ ਕੀਤੇ ਸਰਕੁਲਰ ਮੁਤਾਬਿਕ ਇਸ ਸਕੀਮ ਹੇਠ ਕਿਸਾਨ ਜਿੰਨੀ ਘੱਟ ਬਿਜਲੀ ਦੀ ਵਰਤੋਂ ਕਰੇਗਾ, ਬਿਜਲੀ ਸਬਸਿਡੀ ’ਚੋਂ ਉਸ ਨੂੰ ਪੈਸੇ ਵਾਪਸ ਕੀਤੇ ਜਾਣਗੇ। ਨਿਰਧਾਰਤ ਕੀਤੀਆਂ ਗਈਆਂ ਯੂਨਿਟਾਂ ਤੋਂ ਜੇਕਰ ਕਿਸਾਨ ਵੱਧ ਯੂਨਿਟਾਂ ਦੀ ਖ਼ਪਤ ਕਰਦਾ ਹੈ ਤਾਂ ਉਸ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ।

ਇਸ ਸਕੀਮ ਨੂੰ ਸਬੰਧਤ ਫ਼ੀਡਰਾਂ ਅਧੀਨ ਪੈਂਦੇ ਕਿਸਾਨ ਸਵੈ ਇੱਛਾ ਨਾਲ ਅਪਣਾ ਸਕਦੇ ਹਨ।ਇਸ ਸਕੀਮ ਦਾ ਲਾਹਾ ਲੈਣ ਲਈ ਕਿਸਾਨਾਂ ਨੂੰ ਆਪਣੀ ਮੋਟਰ ‘ਤੇ ਇੱਕ ਮੀਟਰ ਲਗਾਉਣਾ ਹੋਵੇਗਾ।  ਜੇਕਰ ਕਿਸਾਨ ਨਿਰਧਾਰਤ ਯੂਨਿਟਾਂ ਤੋਂ ਘੱਟ ਖ਼ਪਤ ਕਰਦਾ ਹੈ ਤਾਂ ਸਗੋਂ ਉਸ ਨੂੰ ਪਾਵਰਕਾਮ ਵਲੋਂ 4 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਲਾਹਾ ਦਿੱਤਾ ਜਾਵੇਗਾ।

ਜੇਕਰ ਕਿਸੇ ਵੀ ਫ਼ੀਡਰ ਵਿਚ ਇਸ ਸਕੀਮ ਦਾ 80 ਫ਼ੀਸਦੀ ਕਿਸਾਨ ਲਾਹਾ ਲੈਂਦੇ ਹਨ ਤਾਂ ਉਸ ਫ਼ੀਡਰ ਨੂੰ ਰੋਜ਼ਾਨਾਂ 8 ਘੰਟੇ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਵਧਾ ਕੇ 10 ਘੰਟੇ ਕਰ ਦਿੱਤੀ ਜਾਵੇਗੀ।

ਦੱਸਣਯੋਗ ਹੈ ਕਿ ਡਾਇਰੈਕਟ ਬੈਨੀਫਿਟ ਟਰਾਂਸਫਰ ਫਾਰ ਇਲੈਕਰੀਸਿਟੀ ਸਕੀਮ ਹੇਠ ਖੇਤੀਬਾੜੀ ਖਪਤਕਾਰਾਂ ਨੂੰ ਟਿਊਬਵੈਲਾਂ ਦੇ ਪਾਣੀ ਦੇ ਬਚਾਉਣ ਲਈ ਉਤਸ਼ਾਹਿਤ ਕਰਨ ਲਈ ਪਾਇਲਟ ਪ੍ਰਾਜੈਕਟ ਪਹਿਲਾਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਫਤਿਹਗੜ੍ਹ ਸਾਹਿਬ, ਜਲੰਧਰ ਤੇ ਹੁਸ਼ਿਆਰਪੁਰ ਵਿਚਲੀਆਂ ਛੇ ਫੀਡਰਾਂ ’ਤੇ ਲਾਗੂ ਕੀਤਾ ਗਿਆ ਸੀ।