ਪੰਜਾਬ ਸਰਕਾਰ ਦੇਵੇਗੀ ਕਣਕ ਦੇ ਬੀਜਾਂ ਤੇ 50% ਸਬਸਿਡੀ, ਇਸ ਤਰਾਂ ਕਰੋ ਅਪਲਾਈ

ਕਣਕ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ ਜਿਸਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਕਣਕ ਦੇ ਤਕਰੀਬਨ 2 ਲੱਖ ਕੁਇੰਟਲ ਪ੍ਰਮਾਣਿਤ ਬੀਜ ਸਬਸਿਡੀ ਤੇ ਮੁਹੱਈਆ ਕਰਵਾਏ ਜਾਣਗੇ।

ਇਸ ਸਬੰਧੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਹਾੜ੍ਹੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬੀਜਾਂ ਦੀ ਕੁੱਲ ਕੀਮਤ ‘ਤੇ 50 ਫ਼ੀਸਦੀ ਸਬਸਿਡੀ ਜਾਂ ਪ੍ਰਤੀ ਕੁਇੰਟਲ ਵੱਧ ਤੋਂ ਵੱਧ 1000 ਰੁ ਸਬਸਿਡੀ ਦੇ ਹਿਸਾਬ ਨਾਲ ਪ੍ਰਮਾਣਿਤ ਬੀਜ ਮੁਹੱਈਆ ਕਰਵਾਏ ਜਾਣਗੇ। ਕਿਸਾਨਾਂ ਨੂੰ ਕਣਕ ਦੇ ਬੀਜ ਦੀ ਖ਼ਰੀਦ ਸਮੇਂ ਕੀਮਤ ‘ਚੋਂ ਸਬਸਿਡੀ ਦੀ ਰਕਮ ਘਟਾਉਣ ਤੋਂ ਬਾਅਦ ਬਚੀ ਹੋਈ ਰਕਮ ਹੀ ਅਦਾ ਕਰਨੀ ਹੋਵੇਗੀ।

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਸਬਸਿਡੀ ਦਾ ਲਾਭ ਲੈਣ ਲਈ ਚਾਹਵਾਨ ਕਿਸਾਨ 31 ਅਕਤੂਬਰ, 2023 ਤੱਕ ਆਨਲਾਈਨ ਪੋਰਟਲ http://agrimachinerypb.com ‘ਤੇ ਆਪਣੀਆਂ ਅਰਜ਼ੀਆਂ ਨਿਰਧਾਰਿਤ ਪ੍ਰੋਫਾਰਮੇ ਵਿੱਚ ਜਮ੍ਹਾਂ ਕਰਵਾ ਸਕਦੇ ਹਨ।

ਕਿਸਾਨਾਂ ਵਿਚ ਇਸ ਤਰਾਂ ਕੀਤੀ ਜਾਵੇਗੀ ਬੀਜਾਂ ਦੀ ਵੰਡ

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇੱਕ ਕਿਸਾਨ ਨੂੰ ਸਬਸਿਡੀ ਵਾਲਾ ਬੀਜ ਵੱਧ ਤੋਂ ਵੱਧ 5 ਏਕੜ (2 ਕੁਇੰਟਲ) ਰਕਬੇ ਲਈ ਮੁਹੱਈਆ ਕਰਵਾਇਆ ਜਾਵੇਗਾ ਅਤੇ ਸਬਸਿਡੀ ਵਾਲੇ ਬੀਜਾਂ ਦੀ ਵੰਡ ਸਮੇਂ ਅਨੁਸੂਚਿਤ ਜਾਤੀਆਂ, ਛੋਟੇ (2.5 ਏਕੜ ਤੋਂ 5 ਏਕੜ) ਅਤੇ ਸੀਮਾਂਤ ਕਿਸਾਨਾਂ (2.5 ਏਕੜ ਤੱਕ) ਨੂੰ ਤਰਜੀਹ ਦਿੱਤੀ ਜਾਵੇਗੀ।

ਖੇਤੀਬੜੀ ਮੰਤਰੀ ਖੁੱਡੀਆਂ ਨੇ ਬੀਜ ਏਜੰਸੀਆਂ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਤੇ ਖੇਤੀਬਾੜੀ ਅਫ਼ਸਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਬੀਜਾਂ ਦੀ ਵੰਡ ਦੌਰਾਨ ਹੇਰਾਫੇਰੀ ਕਰਨ ਵਾਲੇ ਕਿਸੇ ਵੀ ਅਧਿਕਾਰੀ/ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਕਣਕ ਦੀਆਂ ਇਹਨਾਂ ਕਿਸਮਾਂ ਦੇ ਮਿਲਣਗੇ ਬੀਜ

ਇਹ ਸਬਸਿਡੀ ਕਣਕ ਦੇ ਪ੍ਰਮਾਣਿਤ ਬੀਜਾਂ ‘ਤੇ ਉਪਲਬਧ ਹੋਵੇਗੀ, ਜਿਨ੍ਹਾਂ ਵਿੱਚ ਉੱਨਤ ਪੀ.ਬੀ.ਡਬਲਿਊ 343, ਉੱਨਤ ਪੀ.ਬੀ.ਡਬਲਿਊ 550, ਪੀ.ਬੀ.ਡਬਲਿਊ 1 ਜ਼ਿੰਕ, ਪੀ.ਬੀ.ਡਬਲਿਊ 725, ਪੀ.ਬੀ.ਡਬਲਿਊ 677, ਐਚ.ਡੀ. 3086, ਡਬਲਿਊ.ਐਚ. 1105, ਪੀ.ਬੀ.ਡਬਲਿਊ 1 ਚਪਾਤੀ, ਪੀ.ਬੀ.ਡਬਲਿਊ 766, ਡੀ.ਬੀ.ਡਬਲਿਊ 303, ਡੀ.ਬੀ.ਡਬਲਿਊ 187, ਡੀ.ਬੀ.ਡਬਲਿਊ 222 , ਪੀ.ਬੀ.ਡਬਲਿਊ 803, ਪੀ.ਬੀ.ਡਬਲਿਊ 824, ਪੀ.ਬੀ.ਡਬਲਿਊ 826, ਪੀ.ਬੀ.ਡਬਲਿਊ 869 ਅਤੇ ਪੀ.ਬੀ.ਡਬਲਿਊ 752 ਸ਼ਾਮਲ ਹਨ।