ਖੁਸ਼ਖਬਰੀ! ਪੰਜਾਬ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਵਿਚ ਪਾਏ ਕਰੋੜਾ ਰੁ, ਇਹਨਾਂ ਕਿਸਾਨਾਂ ਨੂੰ ਹੋਇਆ ਫਾਇਦਾ

ਪੰਜਾਬ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਵਿਚ ਕਰੋੜਾ ਰੁਪਏ ਪਾਏ ਹਨ ਪਰ ਇਹਨਾਂ ਪੈਸਿਆਂ ਦਾ ਫਾਇਦਾ ਸਿਰਫ ਓਹਨਾ ਕਿਸਾਨਾਂ ਨੂੰ ਹੀ ਹੋਵੇਗਾ ਜਿਨ੍ਹਾਂ ਕਿਸਾਨਾਂ ਨੇ ਇਸ ਵਾਰ ਆਪਣੇ ਖੇਤਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ।  ਪੰਜਾਬ ਸਰਕਾਰ ਨੇ ਸਾਉਣੀ ਦੇ ਸੀਜ਼ਨ 2023 ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ 17007 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 19.83 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਹਨ।

ਇਸ ਸਬੰਧੀ ਪੰਜਾਬ ਦੇ ਖੇਤੀਬਾੜੀ  ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਾਲ 2023-24 ਦੌਰਾਨ ਕੁੱਲ 19,114 ਕਿਸਾਨਾਂ ਨੇ ਡੀਐੱਸਆਰ ਪੋਰਟਲ ‘ਤੇ 1,72,049 ਏਕੜ ਰਕਬਾ ਰਜਿਸਟਰਡ ਕੀਤਾ ਸੀ। ਸਬੰਧਤ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਪੜਤਾਲ ਕਰਨ ਉਪਰੰਤ ਕੁੱਲ 18,931 ਕਿਸਾਨਾਂ ਅਤੇ ਡੀਐੱਸਆਰ ਅਧੀਨ 1,33,745.67 ਏਕੜ ਰਕਬੇ ਦੀ ਤਸਦੀਕ ਕੀਤੀ ਗਈ ਹੈ।

ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਡੀਐੱਸਆਰ ਵਿਧੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਸੂਬਾ ਸਰਕਾਰ ਵੱਲੋਂ ਮੌਜੂਦਾ ਵਰ੍ਹੇ (2023-24) ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਪ੍ਰੋਤਸਾਹਨ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਹੁਣ ਇਹ ਰਕਮ ਸਿੱਧੀ ਲਾਭਪਾਤਰੀ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ ਗਈ ਹੈ।