ਸ਼ੁਰੂ ਹੋਈ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਸਕੀਮ, ਕਿਸਾਨਾਂ ਨੂੰ ਪਸ਼ੂ ਖਰੀਦਣ ਲਈ ਮਿਲੇਗਾ ਲੋਨ

ਬਹੁਤ ਸਾਰੇ ਕਿਸਾਨ ਹੁਣ ਖੇਤੀ ਛੱਡ ਪਸ਼ੁਪਾਲਨ ਸ਼ੁਰੂ ਕਰ ਰਹੇ ਹਨ। ਇਹ ਕਿਸਾਨਾਂ ਲਈ ਇੱਕ ਕਾਫ਼ੀ ਚੰਗਾ ਪੇਸ਼ਾ ਸਾਬਿਤ ਹੋ ਰਿਹਾ ਹੈ। ਇਸੇ ਕਾਰਨ ਹੁਣ ਪੰਜਾਬ ਸਰਕਾਰ ਨੇ ਪਸ਼ੂਪਾਲਕਾਂ ਲਈ ਕਿਸਾਨ ਕ੍ਰੈਡਿਟ ਸੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਦੇ ਅਨੁਸਾਰ ਦੂਸਰੇ ਕਿਸਾਨਾਂ ਦੀ ਤਰ੍ਹਾਂ ਪਸ਼ੂ ਪਾਲਣ ਵਾਲੇ ਕਿਸਾਨ ਵੀ ਕਿਸਾਨ ਕ੍ਰੈਡਿਟ ਲਿਮਟ ਬਣਾ ਸਕਦੇ ਹਨ।

ਇਸ ਯੋਜਨਾ ਦੇ ਅਨੁਸਾਰ ਹਰੇਕ ਪਸ਼ੂ ਪਾਲਕ ਨੂੰ ਬਹੁਤ ਘੱਟ ਵਿਆਜ ਦਰ ‘ਤੇ 3 ਲੱਖ ਰੁਪਏ ਦਿੱਤੇ ਜਾਣਗੇ। ਇਸ ਸਕੀਮ ਦਾ ਛੋਟੇ ਅਤੇ ਬੇਜ਼ਮੀਨੇ ਪਸ਼ੂ ਪਾਲਣ ਕਰਨ ਵਾਲੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਨਾਲ ਹੀ ਕਿਸਾਨਾਂ ਨੂੰ ਹੁਣ ਕਰਜ਼ਾ ਲੈਣ ਲਈ ਜ਼ਮੀਨ ਗਹਿਣੇ ਨਹੀਂ ਰੱਖਣੀ ਪਵੇਗੀ।

ਇਸ ਯੋਜਨਾ ਦਾ ਮੁੱਖ ਉਦੇਸ਼ ਪਸ਼ੂ ਪਾਲਣ ਨੂੰ ਉਤਸ਼ਾਹਤ ਕਰਨਾ ਹੈ। ਪੰਜਾਬ ਕਿਸਾਨ ਕ੍ਰੈਡਿਟ ਲਿਮਟ ਯੋਜਨਾ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਖਾਣੇ, ਦਵਾਈਆਂ, ਪਾਣੀ ਅਤੇ ਬਿਜਲੀ ਬਿੱਲਾਂ ਦੇ ਖਰਚੇ ਵਿੱਚ ਸਹਾਇਤਾ ਕਰੇਗੀ। ਹਰ ਪਸ਼ੂ ਪਾਲਕ ਆਪਣੀ ਸਹੂਲਤ ਅਨੁਸਾਰ ਆਪਣੀ ਕ੍ਰੈਡਿਟ ਸੀਮਾ ਨਿਰਧਾਰਤ ਕਰ ਸਕਦਾ ਹੈ।

ਇਸ ਸਕੀਮ ਵਿੱਚ ਹਰੇਕ ਜਾਨਵਰ ਲਈ ਬੈਂਕ ਕਰਜ਼ੇ ਦੀ ਸੀਮਾ ਪਹਿਲਾਂ ਹੀ ਤੈਅ ਕੀਤੀ ਗਈ ਹੈ, ਜੋ ਕਿ ਇਸ ਪ੍ਰਕਾਰ ਹੈ: –

ਮੱਝ ਅਤੇ ਚੰਗੀ ਨਸਲ ਦੀ ਵਾਲੀ ਗਾਂ – 61,467 ਰੁਪਏ
ਸਥਾਨਕ ਨਸਲ ਦੀ ਗਾਂ – 43,018 ਰੁਪਏ
ਭੇਡ ਅਤੇ ਬੱਕਰੀ – 2032 ਰੁਪਏ
ਮਾਦਾ ਸੂਰ – 8169 ਰੁਪਏ
ਬ੍ਰਾਇਲਰ – 161 ਰੁਪਏ
ਅੰਡਾ ਉਤਪਾਦਨ ਚਿਕਨ – 630 ਰੁਪਏ

ਕਿਸਾਨ ਕ੍ਰੈਡਿਟ ਲਿਮਟ ਸਕੀਮ ਦੇ ਤਹਿਤ ਹੁਣ ਕਿਸਾਨਾਂ ਨੂੰ ਬਿਨਾ ਗਰੰਟੀ ਦੇ ਕਰਜ਼ਾ ਦੇ ਦਿੱਤਾ ਜਾਵੇਗਾ। ਸਰਕਾਰ ਵੱਲੋਂ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾਵੇਗਾ।

ਕਿਸਾਨ ਚਾਹੁਣ ਤਾਂ ਸਾਲ ਦੇ ਕਿਸੇ ਵੀ ਇਕ ਦਿਨ ਲਿਮਟ ਦੀ ਪੂਰੀ ਰਕਮ ਨੂੰ ਵਾਪਸ ਕਰ ਸਕਦੇ ਹਨ ਅਤੇ ਕਿਸਾਨ ਕਰੈਡਿਟ ਕਾਰਡ ਦੀ ਤਰਜ਼ ‘ਤੇ ਨਵਾਂ ਲੋਨ ਲੈ ਸਕਦੇ ਹਨ। ਦੋਬਾਰਾ ਲਿਮਟ ਬਣਾਉਣ ਲਈ ਬੈਂਕ ਦੁਆਰਾ ਕੋਈ ਫੀਸ ਨਹੀਂ ਲਈ ਜਾਏਗੀ।