ਰੂਸ ਯੂਕਰੇਨ ਦੇ ਯੁੱਧ ਨਾਲ ਇਸ ਕਾਰਨ ਮਹਿੰਗੀ ਹੋ ਜਾਵਗੀ ਖੇਤੀ, ਕਿਸਾਨਾਂ ਨੂੰ ਹੋਵੇਗਾ ਵੱਡਾ ਨੁਕਸਾਨ

ਪਿਛਲੇ ਕਾਫ਼ੀ ਦਿਨਾਂ ਤੋਂ ਰੂਸ ਦੇ ਯੂਕਰੇਨ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਲਗਾਤਾਰ ਇਨ੍ਹਾਂ ਦੋਨਾਂ ਦੇਸ਼ਾਂ ਵਿਚਕਾਰ ਯੁੱਧ ਜਾਰੀ ਹੈ। ਇਸ ਯੁੱਧ ਦਾ ਭਾਰਤ ਉੱਤੇ ਵੀ ਕਾਫ਼ੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਯੁੱਧ ਨਾਲ ਕਿਸਾਨਾਂ ਨੂੰ ਵੀ ਕਾਫ਼ੀ ਵੱਡਾ ਨੁਕਸਾਨ ਹੋਣ ਵਾਲਾ ਹੈ ਅਤੇ ਹੁਣ ਖੇਤੀ ਕਾਫ਼ੀ ਜ਼ਿਆਦਾ ਮਹਿੰਗੀ ਹੋ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਗਏ ਹਮਲੇ ਤੋਂ ਬਾਅਦ ਪੈਟਰੋਲੀਅਮ ਪਦਾਰਥਾਂ ਅਤੇ ਖਾਦ ਤੇਲਾਂ ਦੀ ਮਹਿੰਗਾਈ ਵਧਣ ਦੀ ਸੰਭਾਵਨਾ ਹੈ। ਇਸ ਯੁੱਧ ਦਾ ਸਭਤੋਂ ਵੱਡਾ ਅਸਰ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਕਿਸਾਨਾਂ ਉੱਤੇ ਦਿਖੇਗਾ। ਲਗਭਗ ਪੂਰੇ ਦੇਸ਼ ਵਿੱਚ ਕਣਕ ਦੀ ਵਾਢੀ ਸ਼ੁਰੂ ਹੋਣ ਵਾਲੀ ਹੈ ਅਤੇ ਇਸਤੋਂ ਬਾਅਦ ਮਈ ਮਹੀਨੇ ਵਿੱਚ ਹੀ ਖੇਤਾਂ ਵਿੱਚ ਨਵੀਂ ਬੁਆਈ ਹੋਣੀ ਹੈ।

ਜਾਣਕਾਰੀ ਦੇ ਅਨੁਸਾਰ ਇਸ ਯੁੱਧ ਦੇ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਯੂਰਿਆ, DAP ਅਤੇ ਐਮ.ਓ.ਪੀ . ਦੀਆਂ ਕੀਮਤਾਂ ਅਸਮਾਨ ਛੁਹ ਰਹੀਆਂ ਹਨ। ਇਹ ਖਾਦਾਂ ਲਗਭਗ ਸਾਰੀਆਂ ਫਸਲਾਂ ਲਈ ਜਰੂਰੀ ਹਨ। ਇਸਦੇ ਨਾਲ ਹੀ ਡੀਜਲ ਅਤੇ ਬੀਜਾਂ ਦੀਆਂ ਕੀਮਤਾਂ ਵਿੱਚ ਵੀ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਕਿਸਾਨਾਂ ਦੀ ਲਾਗਤ ਬਹੁਤ ਜ਼ਿਆਦਾ ਵਧ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਰੂਸ ਐਮ.ਓ.ਪੀ ਦਾ ਦੂਜਾ ਵੱਡਾ ਨਿਰਯਾਤਕ ਹੈ। ਰੂਸ ਅਤੇ ਬੇਲਾਰੂਸ ਉੱਤੇ ਲੱਗ ਰਹੀਆਂ ਅੰਤਰਰਾਸ਼ਟਰੀ ਪਾਬੰਦੀਆਂ ਦੇ ਕਾਰਨ ਪੁਰੀ ਦੁਨੀਆ ਵਿੱਚ ਐਮ.ਓ.ਪੀ. ਦੀ ਸਪਲਾਈ ਰੁਕ ਚੁੱਕੀ ਹੈ ਜਿਸਦਾ ਅਸਰ ਇਸਦੀਆਂ ਕੀਮਤਾਂ ਦੇ ਨਾਲ ਯੂਰਿਆ ਅਤੇ DAP ਦੀਆਂ ਕੀਮਤਾਂ ਉੱਤੇ ਵੀ ਪੈ ਰਿਹਾ ਹੈ। ਪਿਛਲੇ ਇੱਕ ਮਹੀਨੇ ਵਿੱਚ ਯੂਰਿਆ ਦੀਆਂ ਅੰਤਰਰਾਸ਼ਟਰੀ ਕੀਮਤਾਂ 50 ਫ਼ੀਸਦੀ, MOP ਦੀਆਂ ਕੀਮਤਾਂ 35 ਅਤੇ DAP ਦੀਆਂ ਕੀਮਤਾਂ 6 ਫੀਸਦੀ ਤੱਕ ਵੱਧ ਚੁੱਕੀਆਂ ਹਨ।

ਯੂਕਰੇਨ ਅਤੇ ਰੂਸ ਸੂਰਜਮੁਖੀ ਦੇ ਤੇਲ ਦੇ ਸਭਤੋਂ ਵੱਡੇ ਉਤਪਾਦਕ ਦੇਸ਼ ਹਨ ਅਤੇ ਨਾਲ ਹੀ ਦੋਵੇਂ ਦੇਸ਼ ਵੱਡੇ ਲੈਵਲ ਉੱਤੇ ਸੂਰਜਮੁਖੀ ਦੇ ਬੀਜ ਦਾ ਵੀ ਨਿਰਿਆਤ ਕਰਦੇ ਹਨ। ਪਰ ਯੁੱਧ ਦੇ ਕਾਰਨ ਸੂਰਜਮੁਖੀ ਦੇ ਤੇਲ ਅਤੇ ਬੀਜ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ ਜਿਸਦੇ ਕਾਰਨ ਬਾਜ਼ਾਰ ਵਿੱਚ ਸੂਰਜਮੁਖੀ ਦੇ ਬੀਜ ਦੀ ਬਲੈਕ ਸ਼ੁਰੂ ਹੋ ਗਈ ਹੈ। ਕਿਸਾਨਾਂ ਨੂੰ ਸੂਰਜਮੁਖੀ ਦਾ ਬੀਜ ਦੁਗਣੇ ਰੇਟ ਉੱਤੇ ਮਿਲ ਰਿਹਾ ਹੈ ਜਿਸ ਨਾਲ ਉਨ੍ਹਾਂ ਦੀ ਲਾਗਤ ਵੱਧ ਰਹੀ ਹੈ।

ਇਸ ਯੁੱਧ ਦੇ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵੀ ਵੱਧ ਚੁੱਕੀਆਂ ਹਨ ਅਤੇ ਪੈਟਰੋਲਿਅਮ ਕੰਪਨੀਆਂ ਲਗਾਤਾਰ ਡੀਜਲ ਦੀਆਂ ਕੀਮਤਾਂ ਵੀ ਵਧਾ ਰਹੀਆਂ ਹਨ। ਕਿਸਾਨਾਂ ਨੂੰ ਸਿੰਚਾਈ, ਜੁਤਾਈ ਅਤੇ ਫਸਲ ਨੂੰ ਮੰਡੀ ਤੱਕ ਪਹੁੰਚਾਉਣ ਲਈ ਕਾਫ਼ੀ ਜ਼ਿਆਦਾ ਡੀਜ਼ਲ ਦੀ ਜ਼ਰੂਰਤ ਪੈਂਦੀ ਹੈ। ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਕਿਸਾਨਾਂ ਦਾ ਡੀਜ਼ਲ ਦਾ ਖਰਚਾ ਵੀ ਕਾਫ਼ੀ ਜ਼ਿਆਦਾ ਵਧੇਗਾ।