ਝੋਨੇ ਦੀ ਸਿੱਧੀ ਬਿਜਾਈ ਵਿੱਚ ਕਿਸਾਨ ਨਾ ਕਰਨ ਇਹ ਗ਼ਲਤੀ, ਹੋ ਸਕਦਾ ਹੈ ਵੱਡਾ ਨੁਕਸਾਨ

ਇਸ ਵਾਰ ਝੋਨੇ ਦਾ ਸੀਜ਼ਨ ਪਹਿਲਾਂ ਨਾਲੋਂ ਜਲਦੀ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਕਿਸਾਨਾਂ ਨੂੰ ਲੇਬਰ ਦੀ ਘਾਟ ਕਾਰਨ ਸਮਾਂ ਜਿਆਦਾ ਲੱਗ ਸਕਦਾ ਹੈ। ਅਜਿਹੇ ਵਿੱਚ ਇਸ ਵਾਰ ਬਹੁਤੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ ਤਾਕਿ ਉਨ੍ਹਾਂ ਨੂੰ ਝੋਨਾ ਲਾਉਣ ਲਈ ਲੇਬਰ ਦੀ ਘਾਟ ਦੀ ਸਮੱਸਿਆ ਨਾ ਆਵੇ। ਪਰ ਜਾਣੇ ਅਣਜਾਣੇ ਵਿੱਚ ਕਿਸਾਨ ਖੁਦ ਹੀ ਝੋਨੇ ਦੀ ਸਿੱਧੀ ਬਿਜਾਈ ਨੂੰ ਫੇਲ੍ਹ ਕਰਨ ਵੱਲ ਵੱਧ ਰਿਹਾ ਹੈ।

ਬਹੁਤ ਸਾਰੇ ਕਿਸਾਨ ਵੀਰ ਝੋਨੇ ਦੀ ਸਿੱਧੀ ਬਿਜਾਈ ਵਿੱਚ ਇੱਕ ਵੱਡੀ ਗਲਤੀ ਕਰ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਸੇ ਗ਼ਲਤੀ ਬਾਰੇ ਜਾਣਕਾਰੀ ਦੇਵਾਂਗੇ ਤਾਂ ਜੋ ਤੁਸੀਂ ਇਸ ਗ਼ਲਤੀ ਤੋਂ ਬਚ ਸਕੋ ਅਤੇ ਨੁਕਸਾਨ ਨਾ ਕਰਵਾ ਬੈਠੋ। ਆਮ ਤੌਰ ਤੇ ਸਾਡੇ ਕੱਦੂ ਵਾਲੇ ਖੇਤਾਂ ਵਿੱਚ ਜੰਗਲੀ ਝੋਨੇ ਦੇ ਥੋੜੇ ਜਿਹੇ ਬੂਟੇ ਜਰੂਰ ਹੁੰਦੇ ਹਨ। ਪਰ ਇਸਦਾ ਬੀਜ ਕਾਫੀ ਜਿਆਦਾ ਮਾਤਰਾ ਵਿੱਚ ਖੇਤਾਂ ਵਿੱਚ ਪਿਆ ਹੁੰਦਾ ਹੈ ਜੋ ਕਿ ਸਿੱਧੀ ਬਿਜਾਈ ਕਾਰਨ ਕਾਫੀ ਮਾਤਰਾ ਵਿੱਚ ਉੱਗਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਪੂਰੀ ਦੁਨੀਆ ਉੱਤੇ ਅੱਜ ਤਕ ਕੋਈ ਅਜੇਹੀ ਦਵਾਈ ਨਹੀਂ ਬਣੀ ਜਿਹੜੀ ਇਸ ਜੰਗਲੀ ਝੋਨੇ ਜਾਂ ਪਿਛਲੇ ਸਾਲ ਦੀ ਬਾਸਮਤੀ ਜਾਂ ਝੋਨੇ ਦੇ ਬੀਜਾਂ ਨੂੰ ਉੱਗਣ ਤੋਂ ਰੋਕ ਸਕੇ। ਇਸਦਾ ਇੱਕੋ ਹੱਲ ਹੈ ਕਿ ਖੇਤਾਂ ਨੂੰ ਡਬਲ ਰੌਣੀ ਕੀਤੀ ਜਾਵੇ। ਪਰ ਕਿਸਾਨ ਇਹ ਸੋਚ ਰਹੇ ਹਨ ਕਿ ਜਲਦ ਤੋਂ ਜਲਦ ਬਿਜਾਈ ਦਾ ਕੰਮ ਪੂਰਾ ਕਰ ਲੈਣ। ਤਾਂ ਤੁਹਾਨੂੰ ਦੱਸ ਦੇਈਏ ਕਿ ਸਿੱਧੀ ਬਿਜਾਈ ਅਲਗ ਅਲਗ ਕਿਸਮਾਂ ਦੇ ਹਿਸਾਬ ਨਾਲ 25 ਮਈ ਤੋਂ 15 ਜੂਨ ਤੱਕ ਵੀ ਕੀਤੀ ਜਾ ਸਕਦੀ ਹੈ।

ਇਸੇ ਤਰਾਂ ਕੀ ਕਿਸਾਨ ਬਿਜਲੀ ਘੱਟ ਆਉਣ ਕਾਰਨ ਸੁੱਕੇ ਵਿੱਚ ਹੀ ਸਿੱਧੀ ਬਿਜਾਈ ਕਰ ਦਿੰਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਬਿਜਾਈ ਤੋਂ ਪਹਿਲਾਂ ਪਾਣੀ ਲਗਾਉਣਾ ਜਿਆਦਾ ਫਾਇਦੇਮੰਦ ਰਹਿੰਦਾ ਹੈ। ਜੇਕਰ ਬਿਜਾਈ ਤੋਂ ਪਹਿਲਾਂ ਪਾਣੀ ਨਾ ਲਾ ਕੇ ਬਾਅਦ ਵਿੱਚ ਲਗਾਇਆ ਜਾਵੇ ਤਾਂ ਜਿਆਦਾਤਰ ਉਸ ਝੋਨੇ ਵਿੱਚ ਨਦੀਨ ਹੋਣਾ, ਲੋਹੇ ਦੀ ਘਾਟ ਆਉਣਾ ਅਤੇ ਪਿਛਲੇ ਸਾਲ ਦੇ ਝੋਨੇ ਦੇ ਬੀਜ ਉੱਗਣ ਵਰਗੀਆਂ ਸਮੱਸਿਆਵਾਂ ਆਈਆਂ।