ਪੰਜਾਬ ਵਿੱਚ ਇਸ ਜਗ੍ਹਾ ਤੇ ਟੁੱਟੇ ਠੇਕੇ ਦੇ ਰਿਕਾਰਡ, ਇਕ ਏਕੜ ਦਾ ਠੇਕਾ 2 ਲੱਖ 84 ਹਜ਼ਾਰ

ਪਿਛਲੇ ਸਮੇਂ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਵੱਲੋਂ ਖੇਤੀ ਕਰਨ ਲਈ ਜ਼ਮੀਨ ਠੇਕੇ ‘ਤੇ ਲੈ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ ਜਾਂਦਾ ਰਿਹਾ ਹੈ। ਪਰ ਜ਼ਮੀਨਾਂ ਦੇ ਠੇਕੇ ਲਗਾਤਾਰ ਹਰ ਸਾਲ ਇੰਨੀ ਜਿਆਦਾ ਵਧਦੇ ਜਾ ਰਹੇ ਹਨ ਕਿ ਛੋਟੇ ਕਿਸਾਨਾਂ ਦਾ ਠੇਕਾ ਬੜੀ ਮੁਸ਼ਕਿਲ ਨਾਲ ਪੂਰਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਆਪਣਾ ਪਰਿਵਾਰ ਪਾਲਣਾ ਵੀ ਔਖਾ ਹੋ ਜਾਂਦਾ ਹੈ। ਪੰਜਾਬ ਵਿੱਚ ਆਏ ਦਿਨ ਹਰ ਪਾਸੇ ਜਮੀਨ ਦੇ ਠੇਕੇ ਵੱਧ ਰਹੇ ਹਨ।

ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਾਂਗੇ ਜਿਥੇ ਪੰਚਾਇਤੀ ਜ਼ਮੀਨ ਠੇਕੇ ‘ਤੇ ਲੈਣ ਲਈ ਰਿਕਾਰਡ ਬੋਲੀ ਲੱਗੀ ਅਤੇ ਜ਼ਮੀਨ ਦੇ ਠੇਕੇ ਦੇ ਸਾਰੇ ਰਿਕਾਰਡ ਟੁੱਟ ਗਏ। ਤੁਹਾਨੂੰ ਦੱਸ ਦੇਈਏ ਕਿ ਇਸ ਪਿੰਡ ਵਿੱਚ 2 ਲੱਖ 84 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ‘ਤੇ ਜ਼ਮੀਨ ਦਿੱਤੀ ਗਈ ਹੈ। ਯਾਨੀ ਕਿ ਇੱਕ ਪਾਸੇ ਤਾਂ ਪੰਜਾਬ ਦਾ ਗਰੀਬ ਕਿਸਾਨ ਕਰਜ਼ੇ ਕਾਰਨ ਅਤੇ ਆਪਣੀ ਮਾੜੀ ਆਰਥਿਕ ਹਾਲਤ ਕਾਰਨ ਖੁਦਕੁਸ਼ੀਆਂ ਕਰ ਰਿਹਾ ਹੈ।

ਉੱਥੇ ਹੀ ਦੂਜੇ ਪਾਸੇ ਕੁਝ ਕਿਸਾਨ ਅਜਿਹੇ ਵੀ ਹਨ ਜੋ ਆਪਣੀ ਹਉਮੈਂ ਦੇ ਚੱਕਰ ਵਿੱਚ ਜ਼ਮੀਨ ਠੇਕੇ ‘ਤੇ ਲੈਣ ਲਈ ਵੱਧ ਤੋਂ ਵੱਧ ਬੋਲੀ ਲਗਾ ਕੇ ਆਪਣੀ ਆਰਥਿਕ ਹਾਲਤ ਨੂੰ ਗਿਰਾਵਟ ਵੱਲ ਲਿਜਾ ਰਹੇ ਹਨ। ਅਜਿਹਾ ਹੀ ਕੁਝ ਪੰਜਗਰਾਈਂ ਕਲਾਂ ਦੀ ਪੰਚਾਇਤੀ ਜ਼ਮੀਨ ਨੂੰ ਠੇਕੇ ‘ਤੇ ਦੇਣ ਲਈ ਲੱਗੀ ਬੋਲੀ ਵਿੱਚ ਦੇਖਣ ਨੂੰ ਮਿਲਿਆ। ਦੱਸ ਦੇਈਏ ਕਿ ਇਹ ਬੋਲੀ ਉੱਥੋਂ ਦੇ ਪੰਚਾਇਤ ਅਫਸਰ ਦੀ ਨਿਗਰਾਨੀ ਹੇਠ ਹੋ ਰਹੀ ਸੀ।

ਇਸ ਬੋਲੀ ਦੇ ਦੌਰਾਨ ਪਿੰਡ ਦੇ ਇੱਕ ਮੇਜਰ ਸਿੰਘ ਗਿੱਲ ਨਾਮ ਦੇ ਕਿਸਾਨ ਵੱਲੋਂ ਸਿਰਫ 2 ਕਨਾਲਾਂ ਦੇ ਕਰੀਬ ਜ਼ਮੀਨ ਠੇਕੇ ‘ਤੇ ਲੈਣ ਲਈ 71 ਹਜ਼ਾਰ ਰੁਪਏ ਦੀ ਬੋਲੀ ਲਗਾ ਦਿੱਤੀ ਗਈ। ਮੌਕੇ ‘ਤੇ ਮੌਜੂਦ ਸਾਰੇ ਲੋਕ ਇਹ ਬੋਲੀ ਸੁਣਕੇ ਹੈਰਾਨ ਰਹਿ ਗਏ। ਜੇਕਰ ਇਸ ਦਾ ਹਿਸਾਬ ਲਗਾਇਆ ਜਾਵੇ ਤਾਂ ਪ੍ਰਤੀ ਏਕੜ ਦਾ ਠੇਕਾ 2 ਲੱਖ 84 ਹਜ਼ਾਰ ਰੁਪਏ ਬਣਦਾ ਹੈ।

ਇਸੇ ਤਰਾਂ ਇੱਕ ਹੋਰ ਕਿਸਾਨ ਵੱਲੋਂ ਵੀ 6 ਕਨਾਲਾਂ ਜ਼ਮੀਨ ਲਈ 1 ਲੱਖ 49 ਹਜ਼ਾਰ ਰੁਪਏ ਦੀ ਬੋਲੀ ਲਗਾਈ ਗਈ। ਜੇਕਰ ਇਸੇ ਤਰਾਂ ਕਿਸਾਨ ਆਪ ਹੀ ਠੇਕੇ ਦੇ ਰੇਟ ਵਧਾਉਂਦੇ ਰਹੇ ਤਾਂ ਛੋਟੇ ਕਿਸਾਨਾਂ ਲਈ ਖੇਤੀ ਅਸੰਭਵ ਹੋ ਜਾਵੇਗੀ ਅਤੇ ਛੋਟੇ ਕਿਸਾਨਾਂ ਲਈ ਆਪਣਾ ਪਰਿਵਾਰ ਪਾਲਣਾ ਵੀ ਔਖਾ ਹੋ ਜਾਵੇਗਾ। ਇਸ ਲਈ ਰੱਜੇ ਪੁੱਜੇ ਕਿਸਾਨਾਂ ਨੂੰ ਛੋਟੇ ਕਿਸਾਨਾਂ ਬਾਰੇ ਜਰੂਰ ਸੋਚਣਾ ਚਾਹੀਦਾ ਹੈ।