ਹੁਣ ਪਰਾਲੀ ਨਾਲ ਵਧੇਗੀ ਕਿਸਾਨਾਂ ਦੀ ਆਮਦਨ, ਅੱਗ ਲਾਉਣ ਦੀ ਨਵੀਂ ਪਵੇਗੀ ਲੋੜ, ਜਾਣੋ ਕਿਵੇਂ

ਹਰ ਸਾਲ ਝੋਨੇ ਦੀ ਵਾਢੀ ਦੇ ਦਿਨਾਂ ਵਿੱਚ ਕਿਸਾਨਾਂ ਲਈ ਸਭਤੋਂ ਵੱਡੀ ਮੁਸੀਬਤ ਹੁੰਦੀ ਹੈ ਪਰਾਲੀ। ਪਰ ਇਸ ਵਾਰ ਨਾ ਸਿਰਫ ਪਰਾਲੀ ਦਾ ਸਹੀ ਤਰੀਕੇ ਨਾਲ ਇਸਤੇਮਾਲ ਹੋਵੇਗਾ ਸਗੋਂ ਇਸ ਨਾਲ ਕਿਸਾਨਾਂ ਦੀ ਆਮਦਨੀ ਵੀ ਵਧੇਗੀ। ਤੁਹਾਨੂੰ ਦੱਸ ਦੇਈਏ ਕਿ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਿੱਬੜਨ ਲਈ ਹਰਿਆਣਾ ਵਿੱਚ ਕਰਨਾਲ, ਕੁਰੁਕਸ਼ੇਤਰ ਅਤੇ ਅੰਬਾਲਾ ਦੇ ਸੌ ਪਿੰਡਾਂ ਨੂੰ ਕਲਾਇਮੇਟ ਸਮਾਰਟ ਬਣਾਇਆ ਜਾ ਰਿਹਾ ਹੈ। ਇਨ੍ਹਾਂ ਪਿੰਡਾਂ ਵਿੱਚ ਆਧੁਨਿਕ ਖੇਤੀ ਹੋਣ ਦੇ ਨਾਲ ਨਾਲ ਇੱਥੇ ਪਰਾਲੀ ਦਾ ਇੱਕ ਤਿਨਕਾ ਨਹੀਂ ਸਾੜਿਆ ਜਾਵੇਗਾ।

ਇਸ ਮਾਡਲ ਉੱਤੇ ਕੇਂਦਰੀ ਖੋਜ ਸੰਸਥਾਨ ਦੁਆਰਾ ਕੰਮ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਕਲਾਇਮੇਟ ਸਮਾਰਟ ਖੇਤੀ ਕਰਨ ਦੇ ਤੌਰ – ਤਰੀਕੇ ਵੀ ਸਿਖਾਏ ਜਾ ਰਹੇ ਹਨ। ਖਾਸ ਕਰਕੇ ਕਿਸਾਨਾਂ ਨੂੰ ਪਾਣੀ ਬਚਾਉਣ ਅਤੇ ਫਸਲ ਉੱਤੇ ਘੱਟ ਲਾਗਤ ਵਿੱਚ ਜਿਆਦਾ ਆਮਦਨ ਦੇ ਤਰੀਕੇ ਸਿਖਾਏ ਜਾ ਰਹੇ ਹਨ। ਸੰਸਥਾਨ ਦੇ ਇੱਕ ਵਿਗਿਆਨੀ ਦਾ ਕਹਿਣਾ ਹੈ ਕਿ ਕਿਸਾਨ ਇੱਕ ਸਾਲ ਵਿੱਚ ਦੋ ਤੋਂ ਤਿੰਨ ਫਸਲਾਂ ਲੈਣ ਲਈ 12 ਵਾਰ ਖੇਤ ਨੂੰ ਵਾਹੁੰਦੇ ਹਨ।

ਜਿਸ ਵਿੱਚ ਡੀਜ਼ਲ ਦਾ ਖਰਚਾ ਕਾਫ਼ੀ ਜ਼ਿਆਦਾ ਹੁੰਦਾ ਹੈ। ਇਸੇ ਤਰ੍ਹਾਂ ਕਣਕ ਅਤੇ ਝੋਨੇ ਵਿੱਚ 180 ਕਿੱਲੋਗ੍ਰਾਮ ਅਤੇ ਮੱਕੇ ਦੀ ਫਸਲ ਵਿੱਚ 175 ਕਿੱਲੋਗ੍ਰਾਮ ਨਾਈਟ੍ਰੋਜਨ ਦੇਣੀ ਪੈਂਦੀ ਹੈ। ਪਰ ਜੇਕਰ ਕਿਸਾਨ ਪਰਾਲੀ ਸਾੜਨਾ ਬੰਦ ਕਰ ਦੇਣ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹੇਗੀ। ਰਹਿੰਦ ਖੂਹੰਦ ਜ਼ਮੀਨ ਵਿੱਚ ਪਏ ਰਹਿਣ ਨਾਲ ਨਮੀ ਬਰਕਰਾਰ ਰਹੇਗੀ। ਜਿਸ ਨਾਲ ਫਸਲ ਵਿੱਚ ਇੱਕ ਪਾਣੀ ਘੱਟ ਲਗਾਉਣਾ ਪਵੇਗਾ ਅਤੇ ਸਾਲ ਵਿੱਚ ਸਿਰਫ ਦੋ ਵਾਰ ਖੇਤ ਵਾਹੁਣਾ। ਕਣਕ, ਮੱਕੀ ਵਰਗੀਆਂ ਫਸਲਾਂ ਵਿੱਚ ਤਾਂ ਇਸਦੀ ਵੀ ਜ਼ਰੂਰਤ ਨਹੀਂ ਹੋਵੇਗੀ। ਯਾਨੀ ਕਿਸਾਨ ਲਗਭਗ 4000 ਰੁਪਏ ਦੀ ਬਚਤ ਕਰ ਸਕਦੇ ਹਨ।

ਇਸਦਾ ਇੱਕ ਫਾਇਦਾ ਇਹ ਹੈ ਕਿ ਰਹਿੰਦ ਖੂਹੰਦ ਗਲਣ ਤੋਂ ਬਾਅਦ ਜ਼ਮੀਨ ਵਿੱਚ ਨਾਈਟ੍ਰੋਜਨ ਦੀ ਪੂਰਤੀ ਆਪਣੇ ਆਪ ਹੋ ਜਾਂਦੀ ਹੈ ਅਤੇ ਬਹੁਤ ਘੱਟ ਨਾਈਟ੍ਰੋਜਨ ਦੇਣੀ ਪੈਂਦੀ ਹੈ। ਇਸ ਨਵੇਂ ਮਾਡਲ ਨਾਲ ਪਿੰਡਾਂ ਵਿੱਚ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤ ਵਿੱਚ ਹੀ ਮਲਚ ਕਰਕੇ ਆਧੁਨਿਕ ਅਤੇ ਚੰਗੀ ਖੇਤੀ ਕੀਤੀ ਜਾ ਸਕੇਗੀ। ਜਿਸ ਨਾਲ ਕਿਸਾਨਾਂ ਨੂੰ ਘੱਟ ਪਾਣੀ ਅਤੇ ਘੱਟ ਖਰਚੇ ਵਿੱਚ ਜ਼ਿਆਦਾ ਉਤਪਾਦਨ ਮਿਲੇਗਾ ਅਤੇ ਉਨ੍ਹਾਂ ਦੀ ਆਮਦਨ ਵਧੇਗੀ।