ਕੈਨੇਡਾ ਨੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਤੋਂ ਕੀਤੀ ਕੋਰੀ ਨਾਂਹ, ਜਾਣੋ ਕਾਰਨ

ਹਰ ਸਾਲ ਵੱਡੀ ਗਿਣਤੀ ਵਿੱਚ ਪੰਜਾਬੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਜਾਂਦੇ ਹਨ। ਪਰ ਇਸ ਸਾਲ ਬਹੁਤੇ ਵਿਦਿਆਰਥੀਆਂ ਦਾ ਕੈਨਡਾ ਪੜ੍ਹਨ ਦਾ ਸੁਪਨਾ ਪੂਰਾ ਨਹੀਂ ਹੋ ਸਕੇਗਾ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਹਫ਼ਤਿਆਂ ਵਿਚ ਕੈਨੇਡਾ ਅੰਬੈਸੀ ਵਲੋਂ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ। ਜਿਸ ਕਾਰਨ ਵਿਦਿਆਰਥੀ ਕਾਫੀ ਚਿੰਤਾ ਵਿੱਚ ਹਨ।

ਤੁਹਾਨੂੰ ਜਾਣ ਕੇ ਦੁੱਖ ਹੋਵੇਗਾ ਕੇ ਜਿਹਨਾਂ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਤੋਂ ਮਨਾ ਕੀਤਾ ਗਿਆ ਹੈ ਉਨ੍ਹਾਂ ਵਿੱਚ ਹਜ਼ਾਰਾਂ ਵਿਦਿਆਰਥੀ ਅਜਿਹੇ ਹਨ, ਜਿਨ੍ਹਾਂ ਦੇ ਮਾਤਾ-ਪਿਤਾ ਨੇ ਕੈਨੇਡਾ ਦੇ ਕਾਲਜ/ਯੂਨੀਵਰਸਿਟੀਆਂ ਦੀ ਫੀਸ ਅਦਾ ਕਰਨ ਅਤੇ ਜੀ. ਆਈ. ਸੀ. ਅਕਾਊਂਟ ਅਤੇ ਹੋਰ ਫੰਡ ਸ਼ੋਅ ਕਰਨ ਲਈ ਆਪਣੇ ਘਰ-ਬਾਰ ਅਤੇ ਜ਼ਮੀਨਾਂ ਤੱਕ ਵੇਚ ਦਿੱਤੀਆਂ ਹਨ, ਫਿਰ ਬੈਂਕਾਂ ਤੋਂ ਕਰਜ਼ਾ ਲੈ ਰੱਖਿਆ ਹੈ।

ਜਾਣਕਾਰੀ ਦੇ ਅਨੁਸਾਰ ਕੈਨੇਡਾ ਅੰਬੈਸੀ ਵੱਲੋਂ ਆਈਲੈਟਸ ਵਿੱਚ ਚੰਗੇ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਵੀਜ਼ੇ ਤੋਂ ਵਾਂਝੇ ਕਰ ਦਿੱਤਾ ਹੈ ਅਤੇ ਕਈ ਵਿਦਿਆਰਥੀ ਪਹਿਲਾਂ ਤੋਂ ਹੀ ਵੱਖ-ਵੱਖ ਯੂਨੀਵਰਸਿਟੀਆਂ ਵਿਚ ਨਾਮਜ਼ਦ ਹਨ। ਹੁਣ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਸ਼ੁਰੂ ਕਰਨ ਲਈ ਵੀਜ਼ੇ ਲਈ ਫਿਰ ਤੋਂ ਅਪਲੀਕੇਸ਼ਨ ਦੇਣੀ ਹੋਵੇਗੀ।

ਹੈਰਾਨੀ ਦੀ ਗੱਲ ਇਹ ਹੈ ਕਿ ਕੈਨੇਡਾ ਸਰਕਾਰ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਮਨ ਕਰ ਦਿੱਤਾ ਹੈ ਜਿਨ੍ਹਾਂ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਹੀ ਸਿਧਾਂਤਿਕ ਵੀਜ਼ਾ (ਏ. ਆਈ. ਪੀ.) ਪ੍ਰਾਪਤ ਹੋ ਚੁੱਕਾ ਹੈ। ਦੱਸ ਦੇਈਏ ਕਿ ਏ. ਆਈ. ਪੀ. ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਯੋਗਤਾ ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬੈਕਲਾਗ ਕੋਵਿਡ-19 ਮਹਾਮਾਰੀ ਅਤੇ ਦੋਨੋਂ ਦੇਸ਼ਾਂ ਵਿਚਾਲੇ ਸੀਮਤ ਉਡਾਣਾਂ ਦਾ ਨਤੀਜਾ ਹੈ। ਕਿਉਂਕਿ ਕੈਨੇਡਾ ਦੇ ਅਧਿਕਾਰੀ ਘੱਟ ਸਮੇਂ ਵਿਚ ਸਾਰੇ ਵਿਦਿਆਰਥੀਆਂ ਨੂੰ ਐਡਜਸਟ ਕਰਨ ਵਿਚ ਸਮਰੱਥ ਨਹੀਂ ਹਨ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ 10ਵੀਂ, 12ਵੀਂ ਜਾਂ ਬੈਚੁਲਰ ਵਿਚ ਚੰਗਾ ਸਕੋਰ ਨਾ ਕਰਨ ਵਾਲੇ ਅਤੇ ਇਕ ਮੁਸ਼ਕਲ ਪਾਠਕ੍ਰਮ ਦਾ ਬਦਲ ਚੁਣਨ ਵਾਲੇ ਵਿਦਿਆਰਥੀਆਂ ਦੀ ਅਰਜ਼ੀ ਨੂੰ ਸਿੱਧੇ ਤੌਰ ’ਤੇ ਖਾਰਿਜ਼ ਕਰ ਦਿੱਤਾ ਜਾ ਰਿਹਾ ਹੈ।

ਸਿੱਖਿਆ ਸਲਾਹਕਾਰ ਮੁਤਾਬਕ ਵਿਦਿਆਰਥੀਆਂ ਨੂੰ ਲਗਭਗ 35-40 ਦਿਨਾਂ ਦੀ ਮਿਆਦ ਦੇ ਅੰਦਰ ਆਪਣੇ ਵੀਜ਼ਾ ਤੋਂ ਇਨਕਾਰ ਕਰਨ ਦਾ ਕਾਰਨ ਪਤਾ ਲੱਗ ਜਾਂਦਾ ਹੈ। ਯਾਨੀ ਕਿ ਵਿਦਿਆਰਥੀ ਕਮੀਆਂ ਨੂੰ ਠੀਕ ਕਰ ਦੋਬਾਰਾ ਫਿਰ ਅਪਲਾਈ ਕਰ ਸਕਦੇ ਹਨ। ਪਰ ਹੁਣ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਵਿਦਿਆਰਥੀ ਚਿੰਤਾ ਵਿੱਚ ਹਨ ਕਿ ਉਹ ਜਾ ਸਕਣਗੇ ਜਾਂ ਨਹੀਂ।