ਸਕੇ ਭਰਾ ਨੇ ਆਪਣੇ ਹੀ ਭਰਾ ਦੀ ਖੜੀ ਬਾਸਮਤੀ ਦੀ ਫ਼ਸਲ ਤੇ ਕੀਤੀ ਸਪਰੇਅ, ਸਾਰੀ ਫ਼ਸਲ ਹੋਈ ਨਸ਼ਟ

ਅੱਜ ਕੱਲ ਲੋਕਾਂ ਦਾ ;ਲਹੂ ਇੰਨਾ ਸਫੈਦ ਹੋ ਗਿਆ ਹੈ ਕਿ ਮਾੜੀ-ਮਾੜੀ ਗੱਲ ਪਿੱਛੇ ਭਰਾ ਭਰਾ ਦਾ ਵੈਰੀ ਹੋਇਆ ਫਿਰਦਾ ਹੈ ਅਜਿਹਾ ਹੀ ਇਕ ਮਾਮਲਾ ਖਡੂਰ ਸਾਹਿਬ ਦੇ ਪਿੰਡ ਖੱਖ ਵਿਖੇ ਸਾਹਮਣੇ ਆਇਆ ਹੈ ਜਿਥੇ ਇਕ ਇਕ ਭਰਾ ਵੱਲੋਂ ਆਪਣੇ ਪਰਿਵਾਰ ਨਾਲ ਮਿਲ ਕੇ ਸਕੇ ਭਰਾ ਵੱਲੋਂ ਬੀਜੀ ਗਈ ਬਾਸਮਤੀ ਦੀ ਫ਼ਸਲ ਕਥਿਤ ਤੌਰ ’ਤੇ ਰਾਊਂਡਅਪ ਸਪਰੇਅ ਕਰ ਕੇ ਨਸ਼ਟ ਕਰ ਦਿੱਤੀ।

ਗੁਰਦੀਪ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਖੱਖ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਖੇਤਾਂ ’ਚ ਸ਼ਾਮ ਕਰੀਬ 6 ਵਜੇ ਚੱਕਰ ਲਗਾਉਣ ਗਿਆ ਤਾਂ ਵੇਖਿਆ ਕਿ ਉਸਦੇ ਭਤੀਜੇ ਮਨਪ੍ਰੀਤ ਸਿੰਘ ਮੰਨਾ ਨੇ ਸਪਰੇਅ ਵਾਲਾ ਪੰਪ ਮੋਢੇ ’ਤੇ ਚੁੱਕਿਆ ਹੋਇਆ ਸੀ ਅਤੇ ਕੁਝ ਦੂਰੀ ’ਤੇ ਉਸਦਾ ਭਰਾ ਗੁਰਚਰਨ ਸਿੰਘ ਤੇ ਭਰਜਾਈ ਗੁਰਮੀਤ ਕੌਰ ਖੜ੍ਹੇ ਸਨ।

ਜਦੋਂ ਉਹ ਅਗਲੇ ਦਿਨ ਖੇਤਾਂ ਵਿਚ ਗਿਆ ਤਾਂ ਵੇਖਿਆ ਕਿ ਬਾਸਮਤੀ ਦਾ ਰੰਗ ਪੀਲਾ ਪੈ ਚੁੱਕਾ ਸੀ। ਉਸਨੇ ਕਥਿਤ ਤੌਰ ’ਤੇ ਦੋਸ਼ ਲਗਾਇਆ ਕਿ ਉਸਦੀ 10 ਕਨਾਲ ਬਾਸਮਤੀ ਉੱਪਰ ਰਾਊਂਡਅਪ ਸਪਰੇਅ ਕਰ ਕੇ ਨਸ਼ਟ ਕਰ ਦਿੱਤਾ ਗਿਆ ਹੈ। ਜਦੋਂਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਦੋ ਵਾਰ ਮੋਟਰ ਦਾ ਸਟਾਰਟਰ ਚੋਰੀ ਕੀਤਾ ਅਤੇ ਅਗਲੀ ਫ਼ਸਲ ਨਾ ਬੀਜਣ ਦੀ ਧਮਕੀ ਵੀ ਦਿੱਤੀ।

ਜਾਂਚ ਅਧਿਕਾਰੀ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ, ਉਸਦੀ ਪਤਨੀ ਗੁਰਮੀਤ ਕੌਰ, ਪੁੱਤਰ ਮਨਪ੍ਰੀਤ ਸਿੰਘ ਮੰਨਾ ਤੋਂ ਇਲਾਵਾ ਬਲਜੀਤ ਸਿੰਘ ਬੀਤਾ ਪੁੱਤਰ ਜੋਗਾ ਸਿੰਘ ਵਾਸੀ ਖੱਖ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।