ਇਸ ਵਾਰ ਬਾਸਮਤੀ ਦਾ ਪੰਗਾ ਲੈਣ ਤੋਂ ਪਹਿਲਾਂ ਕਿਸਾਨ ਜਰੂਰ ਪੜ੍ਹ ਲੈਣ ਇਹ ਖ਼ਬਰ

ਇਸ ਵਾਰ ਕਿਸਾਨਾਂ ਨੂੰ ਕੋਰੋਨਾ ਵਾਇਰਸ ਦੇ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਾਰ ਝੋਨੇ ਦਾ ਸੀਜ਼ਨ ਜਲਦੀ ਸ਼ੁਰੂ ਹੋਣ ਕਾਰਨ ਬਹੁਤੇ ਕਿਸਾਨਾਂ ਨੇ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਹੈ। ਵੱਡੀ ਗਿਣਤੀ ਵਿਚ ਪੰਜਾਬ ਦੇ ਕਿਸਾਨ ਬਾਸਮਤੀ ਦੀ ਖੇਤੀ ਕਰਦੇ ਹਨ, ਪਰ ਇਸ ਵਾਰ ਕਿਸਾਨ ਵੀਰ ਬਾਸਮਤੀ ਦਾ ਪੰਗਾ ਲੈਣ ਤੋਂ ਪਹਿਲਾਂ ਇਹ ਖ਼ਬਰ ਜਰੂਰ ਪੜ੍ਹ ਲੈਣ।

ਇਸ ਵਾਰ ਬਹੁਤੇ ਕਿਸਾਨ ਸਥਿੱਤੀ ਨੂੰ ਦੇਖਦੇ ਹੋਏ ਬਾਸਮਤੀ ਦੀ ਥਾਂ ਪਰਮਲ ਝੋਨੇ ਨੂੰ ਤਰਜੀਹ ਦੇਣ ਦਾ ਮਨ ਵੀ ਬਣਾ ਰਹੇ ਹਨ।
ਇਸ ਸਬੰਧੀ ਕਿਸਾਨ ਆਗੂ ਗੁਰਵਿੰਦਰ ਸਿੰਘ ਮੰਨੇਵਾਲਾ ਦਾ ਕਹਿਣਾ ਹੈ ਕਿ ਇਸ ਵਾਰ ਕਿਸਾਨਾਂ ਵੱਲੋਂ ਕਿਸੇ ਵੀ ਕਿਸਮ ਦਾ ਰਿਸਕ ਨਹੀਂ ਲਿਆ ਜਾਣਾ ਚਾਹੀਦਾ। ਕਿਉਂਕਿ ਫਿਲਹਾਲ ਪੂਰੇ ਦੇਸ਼ ਵਿੱਚ ਲਾਕ ਡਾਊਨ ਹੈ ਅਤੇ ਅਗਲੇ ਕੁਝ ਮਹੀਨਿਆਂ ਤੱਕ ਇਸਦੇ ਖੁੱਲ੍ਹਣ ਦੇ ਆਸਾਰ ਨਹੀਂ ਦਿੱਖ ਰਹੇ ਹਨ।

ਜੇਕਰ ਲਾਕ ਡਾਊਨ ਖੁਲ੍ਹਦਾ ਵੀ ਹੈ ਤਾਂ ਫਿਲਹਾਲ ਇਹ ਸਪੱਸ਼ਟ ਨਹੀਂ ਕਿ ਨਿਰਯਾਤ ਖੁੱਲੇਗਾ ਜਾਂ ਨਹੀਂ। ਬਾਸਮਤੀ ਦੇ ਭਾਅ ਨਿਰਯਾਤ ਤੇ ਹੀ ਨਿਰਭਰ ਕਰਦੇ ਹਨ ਅਤੇ ਭਾਰਤ ਤੋਂ ਜਿਆਦਾਤਰ ਬਾਸਮਤੀ ਇਰਾਨ, ਇਰਾਕ, ਸਾਊਦੀ ਅਰਬ ਵਿਚ ਨਿਰਯਾਤ ਕੀਤੀ ਜਾਂਦੀ ਹੈ ਅਤੇ ਹੁਣ ਇਨ੍ਹਾਂ ਦੇਸ਼ਾਂ ਵਿੱਚ ਹਾਲਾਤ ਠੀਕ ਨਹੀਂ ਹਨ। ਇਸੇ ਕਾਰਨ ਉਨ੍ਹਾਂ ਕਿਹਾ ਕਿ ਇਸ ਵਾਰ ਕਿਸਾਨ ਵੀਰਾਂ ਨੂੰ ਬਾਸਮਤੀ ਦੀ ਥਾਂ ਤੇ ਪਰਮਲ ਝੋਨੇ ਦੀ ਬਿਜਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਫਸਲ ਵੇਚਣ ਲਈ ਕੋਈ ਦਿੱਕਤ ਨਾ ਆਵੇ।

ਉਧਰ ਕਿਸਾਨ ਵੇਦ ਭਠੇਜਾ ਨੇ ਦੱਸਿਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਲੋਂ ਮਈ ਦੇ ਆਖਰੀ ਹਫਤੇ ਵਿਚ ਝੋਨੇ ਦੀ ਪਨੀਰੀ ਲਗਾਉਣ ਲਈ ਸਿਫਾਰਿਸ਼ ਕੀਤੀ ਗਈ ਹੈ ਅਤੇ ਪੀਆਰ- 129,128,122,121 ਅਤੇ 114, ਐਚ.ਕੇ.ਆਰ. 47,ਪੀਆਰ-127, ਪੀਆਰ-124, ਪੀਆਰ-126 ਅਜਿਹੀਆਂ ਕਿਸਮਾਂ ਹਨ ਜੋ ਪਰਮਲ ਝੋਨੇ ਲਈ ਉਪਯੁਕਤ ਹਨ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਨੀਰੀ 30-35 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ।

ਕਿਸਾਨ ਆਗੂ ਦਾ ਕਹਿਣਾ ਹੈ ਕਿ ਪਹਿਲਾਂ ਕਿਸਾਨ ਬਾਸਮਤੀ ਨੂੰ ਤਰਜੀਹ ਦੇ ਰਹੇ ਸਨ ਪਰ ਪਿਛਲੇ ਦੋ ਸੀਜਨ ਦੌਰਾਨ ਬਾਸਮਤੀ ਦੇ ਭਾਅ ਕੋਈ ਬਹੁਤੇ ਚੰਗੇ ਨਹੀਂ ਰਹੇ ਹਨ ਅਤੇ ਪਿਛਲੇ ਸੀਜਨ ਤਾਂ ਬਾਸਮਤੀ ਦੇ ਘੱਟ ਝਾੜ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਇਸੇ ਕਾਰਨ ਹੁਣ ਉਨ੍ਹਾਂ ਦਾ ਕਿਸਾਨਾਂ ਨੂੰ ਇਹ ਸੁਝਾਅ ਹੈ ਕਿ ਉਹ ਵੱਧ ਤੋਂ ਵੱਧ ਪਰਮਲ ਝੋਨੇ ਦੀ ਬਿਜਾਈ ਕਰਨ।

ਮਾਹਿਰਾਂ ਦੇ ਅਨੁਸਾਰ ਕੋਰੋਨਾ ਤੋਂ ਪਹਿਲਾਂ ਬਾਸਮਤੀ 1121 ਦੇ ਭਾਅ ਵੀ ਮੂਧੇ ਮੂੰਹ ਡਿੱਗੇ ਸੀ ਅਤੇ ਲਗਭਗ 6 ਹਜਾਰ ਰੁਪਏ ਕਵਿੰਟਲ ਮਾਰਕੀਟ ਰਹੀ ਹੈ। ਪਰ ਹੁਣ ਹਾਲਾਤ ਖਰਾਬ ਹੋਣ ਕਾਰਨ ਅਤੇ ਇੰਟਰਨੈਸ਼ਨਲ ਮਾਰਕੀਟ ਵਿਚ ਕੱਚੇ ਤੇਲ ਦੇ ਭਾਅ ਡਿੱਗਣ ਕਾਰਨ ਇਸਦੇ ਰੇਟ ‘ਤੇ ਬਹੁਤ ਬੁਰਾ ਅਸਰ ਪੈ ਸਕਦਾ ਹੈ। ਕਿਉਣੀ ਬਾਸਮਤੀ ਝੋਨੇ ਦਾ ਵਜੂਦ ਕੱਚੇ ਤੇਲ ਤੇ ਹੀ ਨਿਰਭਰ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਹ ਜਿਆਦਾ ਪਰਮਲ ਝੋਨੇ ਦੀ ਬਿਜਾਈ ਵੱਲ ਧਿਆਨ ਦੇਣ ਤਾਂ ਜੋ ਸਰਕਾਰ ਵੀ ਉਨ੍ਹਾਂ ਦਾ ਝੋਨਾ ਸਮੇਂ ਸਿਰ ਖਰੀਦ ਸਕੇ।