ਅੰਮ੍ਰਿਤਸਰ ਵਿੱਚ ਝੋਨੇ ਦੀ ਆਮਦ ਸ਼ੁਰੂ, ਇਸ ਰੇਟ ਵਿਕੀ 1509 ਬਾਸਮਤੀ ਦੀ ਪਹਿਲੀ ਢੇਰੀ

ਪੰਜਾਬ ਦੇ ਕੁੱਝ ਇਲਾਕਿਆਂ ਦੇ ਕਿਸਾਨ ਬਾਸਮਤੀ ਚਾਵਲ ਦੀ ਖੇਤੀ ਬਹੁਤ ਪਹਿਲਾਂ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਫਸਲ ਬਹੁਤ ਪਹਿਲਾਂ ਪੱਕ ਕੇ ਤਿਆਰ ਹੋ ਜਾਂਦੀ ਹੈਂ ਅਤੇ ਕਈ ਥਾਈਂ ਕਿਸਾਨ ਹੁਣ ਵੇਚਣ ਲਈ ਫਸਲ ਆਨਾਜ ਮੰਡੀ ਲਿਆ ਰਹੇ ਹਨ। ਕਿਸਾਨਾਂ ਨੂੰ ਹਰ ਵਾਰ ਝੋਨੇ ਦੇ ਰੇਟ ਸਹੀ ਮਿਲਣ ਦੀ ਜਾਂ ਪਿਛਲੀ ਵਾਰੀ ਨਾਲੋਂ ਵੱਧ ਮਿਲਣ ਦੀ ਉਮੀਦ ਜਰੂਰ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਸਰ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਖਰੀਦ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਦੇ ਅਨੁਸਾਰ ਅੰਮ੍ਰਿਤਸਰ ਦੀ ਭਗਤਾਂ ਵਾਲਾ ਦਾਣਾ ਮੰਡੀ ‘ਚ ਕੱਲ ਯਾਨੀ 25 ਅਗਸਤ 2020 ਨੂੰ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਇਸ ਮੰਡੀ ਦੇ ਆੜ੍ਹਤੀਆਂ ਅਤੇ ਵਪਾਰੀਆਂ ਦੀ ਮੌਜੂਦਗੀ ‘ਚ ਕਿਸਾਨਾਂ ਦੀ ਬਾਸਮਤੀ 1509 ਦੀ ਪਹਿਲੀ ਢੇਰੀ 2425 ਰੁਪਏ ਦੇ ਵਧੀਆ ਭਾਅ ਨਾਲ ਵਿਕੀ। ਜਿਸ ਨਾਲ ਕਿਸਾਨਾਂ, ਆੜਤੀਆਂ, ਵਪਾਰੀਆਂ ਅਤੇ ਲੇਬਰ ਵਿਚ ਕਾਫੀ ਖੁਸ਼ੀ ਦੇਖੀ ਗਈ।

ਇਸ ਸਬੰਧੀ ਮਾਰਕੀਟ ਕਮੇਟੀ ਦੇ ਵਾਇਸ ਚੇਅਰਮੈਨ ਰਮਿੰਦਰ ਸਿੰਘ ਦਾ ਕਹਿਣਾ ਸੀ ਕਿ ਮੰਡੀ ‘ਚ ਆਈ ਝੋਨੇ ਦੀ ਪਹਿਲੀ ਆਮਦ ਮੌਕੇ ਇੱਥੇ ਮੇਲੇ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਹੌਲੀ ਹੌਲੀ ਅਗਲੇ ਦਿਨਾਂ ਵਿੱਚ ਸੂਬੇ ਦੀਆਂ ਬਾਕੀ ਮੰਡੀਆਂ ਵਿੱਚ ਵੀ ਫਸਲ ਦੀ ਆਮਦ ਸ਼ੁਰੂ ਹੋ ਜਾਏਗੀ ਅਤੇ ਉਮੀਦ ਹੈ ਕਿ ਇਸ ਵਾਰ ਲਗਭਗ 2400 – 2500 ਦੇ ਵਿਚਕਾਰ ਹੀ ਲੱਗਣਗੀਆਂ। ਜਦਕਿ ਪਿਛਲੇ ਸਾਲ ਬੋਲੀ ਦੀ ਸ਼ੁਰੂਆਤ 2600 ਰੁਪਏ ਤੋਂ ਕੀਤੀ ਗਈ ਸੀ।

ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਾਸਮਤੀ ਦੀ ਅੰਤਰਰਾਸ਼ਟਰੀ ਮੰਗ ਵੱਧ ਸਕਦੀ ਹੈ ਜਿਸ ਨਾਲ ਰੇਟ ਵਧਣ ਦੀ ਉਮੀਦ ਵੀ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਿਦਾਇਤਾਂ ਦਾ ਪਾਲਣ ਕਰਨ ਅਤੇ ਤੈਅ ਕੀਤੀ ਗਈ ਨਮੀ ਅਨੁਸਾਰ ਹੀ ਝੋਨਾ ਮੰਡੀ ਵਿੱਚ ਲੈ ਕੇ ਆਉਣ। ਇਸ ਤਰਾਂ ਕਿਸਾਨਾਂ ਨੂੰ ਵੀ ਕਿਸੇ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।