white fly

ਨਰਮਾ ਪੱਟੀ ਵਿੱਚ ਇਹਨਾਂ ਥਾਵਾਂ ਤੇ ਚਿੱਟੀ ਮੱਖੀ ਦਾ ਹਮਲਾ ਮਹਿਕਮੇ ਵਲੋਂ ਹਾਈ ਅਲਰਟ ਜਾਰੀ

ਨਰਮਾ ਪੱਟੀ ‘ਚ ਐਤਕੀਂ ਮੁੱਢਲੇ ਪੜਾਅ ‘ਤੇ ਹੀ ਚਿੱਟੀ ਮੱਖੀ ਨੇ ਹੱਲਾ ਬੋਲ ਦਿੱਤਾ ਹੈ, ਜਿਸ ਮਗਰੋਂ ਖੇਤੀ ਮਹਿਕਮੇ ਨੇ ਨਰਮਾ ਪੱਟੀ ‘ਚ ਅਲਰਟ ਜਾਰੀ ਕਰ ਦਿੱਤਾ ਹੈ। ਨਰਮਾ ਪੱਟੀ ਵਿੱਚ ਕਰੀਬ ਚਾਰ ਪਿੰਡਾਂ ‘ਚ ਚਿੱਟੀ ਮੱਖੀ ਨੇ ਦਸਤਕ ਦਿੱਤੀ ਹੈ।

ਇਹ ਮੱਖੀ ਦਿਖਣ ਮਗਰੋਂ ਕਿਸਾਨ ਵੀ ਫਿਕਰਮੰਦ ਹੋ ਗਏ ਹਨ। ਖੇਤੀਬਾੜੀ ਵਿਭਾਗ ਪੰਜਾਬ ਨੇ ਅੰਤਰਰਾਜੀ ਨਿਗਰਾਨ ਕਮੇਟੀ ਦੀ ਮੀਟਿੰਗ 3 ਜੂਨ ਨੂੰ ਬਠਿੰਡਾ ਵਿਖੇ ਬੁਲਾ ਲਈ ਹੈ, ਜਿਸ ਵਿਚ ਚਿੱਟੀ ਮੱਖੀ ਦੇ ਹਮਲੇ ਨੂੰ ਪਛਾੜਨ ਲਈ ਰਣਨੀਤੀ ਬਣਾਈ ਜਾਵੇਗੀ।

ਨਰਮਾ ਪੱਟੀ ਵਿਚ ਦੋ ਵਰ੍ਹੇ ਪਹਿਲਾਂ ਚਿੱਟੀ ਮੱਖੀ ਨੇ ਨਰਮੇ ਦੀ ਫਸਲ ਨੂੰ ਰਾਖ ਬਣਾ ਦਿੱਤਾ ਸੀ, ਜਿਸ ਕਾਰਨ ਕਈ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਸੀ।   ਐਤਕੀਂ ਕਿਸਾਨਾਂ ਨੇ ਮੁੜ ਨਰਮੇ ਦੀ ਖੇਤੀ ਵੱਲ ਮੂੰਹ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਹੁਣ ਤੱਕ ਪੰਜਾਬ ਵਿਚ 3.80 ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਂਦ ਹੋ ਗਈ ਹੈ।

ਖੇਤੀਬਾੜੀ ਵਰਸਿਟੀ ਨੂੰ ਬਠਿੰਡਾ ਦੇ ਪਿੰਡ ਗਹਿਰੀ ਬੁੱਟਰ ਤੇ ਨਰੂਆਣਾ, ਮੁਕਤਸਰ ਦੇ ਪਿੰਡ ਕਿੱਲਿਆਂ ਵਾਲੀ ਅਤੇ ਫਾਜ਼ਿਲਕਾ ਦੇ ਪਿੰਡ ਪੰਚਕੋਛੀ ਵਿੱਚ ਕੁਝ ਖੇਤਾਂ ਵਿੱਚ ਫਸਲ ’ਤੇ ਚਿੱਟੀ ਮੱਖੀ ਦਾ ਮੁਢਲਾ ਹਮਲਾ ਨਜ਼ਰੀਂ ਪਿਆ ਹੈ।

ਖੇਤੀ ਮਹਿਕਮੇ ਵੱਲੋਂ ਐਤਕੀਂ ਚਿੱਟੀ ਮੱਖੀ ਤੋਂ ਸੁਚੇਤ ਰੱਖਣ ਲਈ 50 ਸੁਪਰਵਾਈਜ਼ਰ ਅਤੇ 500 ਦੇ ਕਰੀਬ ਸਕਾਊਟ ਭਰਤੀ ਕਰਕੇ ਪਿੰਡਾਂ ਵਿਚ ਤਾਇਨਾਤ ਕੀਤੇ ਗਏ ਹਨ ਜੋ ਰੋਜ਼ਾਨਾ ਖੇਤਾਂ ਵਿਚ ਗੇੜੇ ਮਾਰ ਰਹੇ ਹਨ। ਪਿਛਲੇ ਵਰ੍ਹੇ ਇਕੱਲੇ ਜ਼ਿਲ੍ਹਾ ਫਾਜ਼ਿਲਕਾ ਵਿਚ ਚਿੱਟੀ ਮੱਖੀ ਦਾ ਹਮਲਾ ਦੇਖਣ ਨੂੰ ਮਿਲਿਆ ਸੀ।

ਬਿਜਾਂਦ ਵਧਣ ਕਰਕੇ ਇਸ ਵਾਰ ਨਰਮਾ ਪੱਟੀ ਵਿਚ ਬੀਟੀ ਬੀਜ ਦੇ ਕਰੀਬ 16 ਲੱਖ ਪੈਕਟਾਂ ਦੀ ਵਿਕਰੀ ਹੋਈ ਹੈ ਅਤੇ ਕਾਫ਼ੀ ਕਿਸਾਨ  ਗੁਜਰਾਤ ’ਚੋਂ ਗ਼ੈਰਕਾਨੂੰਨੀ ਬੀਟੀ ਬੀਜ ਵੀ ਲੈ ਕੇ ਆਏ ਹਨ।

ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ. ਸੰਜੀਵ ਕਟਾਰੀਆ ਨੇ ਕਿਹਾ ਕਿ ਚਿੱਟੀ ਮੱਖੀ ਨਜ਼ਰ ਜ਼ਰੂਰੀ ਆਈ ਹੈ ਪ੍ਰੰਤੂ ਨੁਕਸਾਨ ਵਾਲੀ ਕੋਈ ਗੱਲ ਨਹੀਂ ਹੈ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਵੀਰ ਸਿੰਘ ਬੈਂਸ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਚਿੱਟੀ ਮੱਖੀ ਦੇ ਮੱਦੇਨਜ਼ਰ ਜ਼ਿਲ੍ਹਾ ਖੇਤੀਬਾੜੀ ਅਫਸਰਾਂ ਨੂੰ ਅਲਰਟ ਕਰ ਦਿੱਤਾ ਹੈ। ਹਾਲਾਤ ਅਨੁਸਾਰ ਕੀਟਨਾਸ਼ਕਾਂ ਦੇ ਛਿੜਕਾਓ ਦੀ ਸਿਫਾਰਸ਼ ਕੀਤੀ ਜਾ ਰਹੀ ਹੈ।