ਇਸ ਰੇਟ ਤੇ ਮਿਲੇਗਾ ਕਣਕ ਦਾ ਸਬਸਿਡੀ ਵਾਲਾ ਬੀਜ ,3 ਨਵੰਬਰ ਹੈ ਆਖ਼ਰੀ ਤਰੀਕ

October 30, 2017

ਪੰਜਾਬ ਖੇਤੀਬਾੜੀ ਵਿਭਾਗ ਨੇ ਛੋਟੇ ਅਤੇ ਮੱਧ ਵਰਗ ਦੇ ਕਿਸਾਨਾਂ ਨੂੰ ਕਣਕ ਦੇ ਬੀਜ ’ਤੇ ਸਬਸਿਡੀ ਦੇਣ ਦਾ ਫ਼ੈਸਲਾ ਕੀਤਾ ਹੈ। ਕਿਸਾਨਾਂ ਨੂੰ 2.80 ਲੱਖ  ਕੁਇੰਟਲ ਕਣਕ ਦਾ ਬੀਜ ਰਿਆਇਤੀ ਦਰਾਂ ’ਤੇ ਵੰਡਿਆ ਜਾਵੇਗਾ। ਹਜ਼ਾਰ ਰੁਪਏ ਪ੍ਰਤੀ ਕੁਇੰਟਲ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਾਈ ਜਾਵੇਗੀ। ਬੀਜ ਵੰਡਣ ਦੀ ਸੀਮਾ ਪੰਜ ਏਕੜ ਤੱਕ ਨਿਰਧਾਰਤ ਕੀਤੀ ਗਈ ਹੈ।

ਇਸ ਨਾਲ ਪੰਜਾਬ ਸਰਕਾਰ ਉੱਤੇ 28 ਕਰੋੜ ਰੁਪਏ ਦਾ ਵਿੱਤੀ ਬੋਝ ਪਵੇਗਾ। ਸਬਸਿਡੀ ਲਈ ਅਰਜ਼ੀ ਦੇਣ ਦੀ ਆਖ਼ਰੀ ਤਰੀਕ 3 ਨਵੰਬਰ ਹੈ।ਇਸ ਵਾਰ ਕਣਕ ਦਾ ਬੀਜ ਸਿਰਫ਼ ਸਰਕਾਰੀਆਂ ਏਜੰਸੀਆਂ ਹੀ ਵੇਚ ਸਕਣਗੀਆਂ। ਇਨ੍ਹਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੀ ਸ਼ਾਮਲ ਹੈ।

ਕਿਸਾਨਾਂ ਨੂੰ ਕਣਕ ਦਾ ਬੀਜ 2600 ਰੁਪਏ ਦੀ ਥਾਂ 1600 ਰੁਪਏ ਪ੍ਰਤੀ ਕੁਇੰਟਲ ਮਿਲਣਾ ਸੀ। ਤਾਜ਼ਾ ਜਾਣਕਾਰੀ ਅਨੁਸਾਰ ਕਣਕ ਦੇ ਬੀਜ ਦਾ ਮੁੱਲ ਤਿੰਨ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤਕ ਜਾਣ ਦੀ ਸੰਭਾਵਨਾ ਹੈ, ਪਰ ਸਬਸਿਡੀ ਦੀ ਰਕਮ ਕੁਇੰਟਲ ਮਗਰ ਹਜ਼ਾਰ ਰੁਪਏ ਹੀ ਰਹੇਗੀ।ਸਬਸਿਡੀ ਕਣਕ ਦੀ ਵੰਨਗੀ ਐਚਡੀ 3086,ਐਚਡੀ 2967, ਪੀ ਡਬਲਿਊਡੀ 677 ਅਤੇ ਡਬਲਿਊਐਚ 1105 ਰੱਖੀ ਗਈ ਹੈ। ਰਿਆੲਤੀ ਦਰਾਂ ’ਤੇ ਜਿਨ੍ਹਾਂ ਸਰਕਾਰੀ ਏਜੰਸੀਆਂ ਨੂੰ ਬੀਜ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ, ਉਨ੍ਹਾਂ ਵਿੱਚ ਪੰਜਾਬ ਸੀਡ ਕਾਰਪੋਰੇਸ਼ਨ, ਨੈਸ਼ਨਲ ਸੀਡ ਕਾਰਪੋਰੇਸ਼ਨ ਤੇ ਕ੍ਰਿਭਕੋ ਸਮੇਤ ਇਫਕੋ ਸ਼ਾਮਲ ਹਨ।

ਸਬਸਿਡੀ ਦੀ ਰਕਮ ਕਿਸਾਨਾਂ ਦੇ ਬੈਂਕ ਖ਼ਾਤਿਆਂ ਵਿੱਚ ਜਮ੍ਹਾਂ ਹੋਵੇਗੀ, ਪਰ ਪਹਿਲਾਂ ਉਹ ਸਰਕਾਰੀ ਏਜੰਸੀਆਂ ਤੋਂ ਬੀਜ ਪੂਰੇ ਭਾਅ ’ਤੇ ਖ਼ਰੀਦਣਗੇ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾਕਟਰ ਜਸਬੀਰ ਬੈਂਸ ਦਾ ਕਹਿਣਾ ਹੈ ਕਿ ਬੀਜ ਦਾ ਭਾਅ 2600 ਤੋਂ ਤਿੰਨ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਹੋਵੇਗਾ ਅਤੇ ਇਸ ’ਤੇ ਹਜ਼ਾਰ ਰੁਪਏ ਸਬਸਿਡੀ ਦਿੱਤੀ ਜਾਵੇਗੀ।