ਜਾਣੋ ਕੀ ਹੈ ਕਣਕ ਦੀ ਬਿਮਾਰੀ ‘ਕਰਨਾਲ ਬੰਟ’ ਤੇ ਇਸਦੀ ਰੋਕਥਾਮ ਕਿਵੇਂ ਕਰੀਏ

ਕਣਕ ਦੀ ਕਰਨਾਲ ਬੰਟ ਜਿਸ ਨੂੰ ਦਾਣਿਆਂ ਦੀ ਕਾਲਖ ਵੀ ਆਖਦੇ ਹਨ, ਬੀਜ ਅਤੇ ਮਿੱਟੀ ਰਾਹੀਂ ਜਾਣ ਵਾਲਾ ਇੱਕ ਉੱਲੀ ਰੋਗ ਹੈ । ਇਸ ਰੋਗ ਨਾਲ ਪ੍ਰਭਾਵਿਤ ਦਾਣੇ ਅੱਧੇ-ਪਚੱਧੇ ਕਾਲੇ ਧੂੜੇ ਵਿੱਚ ਬਦਲ ਜਾਂਦੇ ਹਨ। ਇਹ ਜਾਣਕਾਰੀ ਦਿੰਦਿਆਂ ਡਾ ਪਰਵਿੰਦਰ ਸਿੰਘ ਸੇਖੋਂ, ਮੁੱਖੀ ਪੌਦਾ ਰੋਗ ਵਿਭਾਗ ਨੇ ਦਸਿਆ ਕਿ ਪਿਛਲੇ ਸਾਲ ਇਸ ਬਿਮਾਰੀ ਦਾ ਹਮਲਾ ਫਾਜ਼ਿਲਕਾ ਜਿਲ੍ਹੇ ਨੂੰ ਛਡ ਕੇ ਸਾਰੇ ਪੰਜਾਬ ਵਿੱਚ ਘੱਟ ਤੋਂ ਦਰਮਿਆਨੀ ਮਿਕਦਾਰ ਵਿੱਚ ਦੇਖਿਆ ਗਿਆ । ਪਰ ਇਸ ਬਿਮਾਰੀ ਤੋਂ ਪ੍ਰਭਾਵਿਤ ਦਾਣਿਆਂ ਦੇ ਸੈਂਪਲਾਂ ਦੀ ਮਾਤਰਾ ਅਮ੍ਰਿੰਤਸਰ, ਕਪੂਰਥਲਾ, ਗੁਰਦਾਸਪੁਰ,ਪਠਾਨਕੋਟ ਅਤੇ ਤਰਨ-ਤਾਰਨ ਜ਼ਿਲਿਆਂ ਵਿੱਚ ਵੱਧ ਸੀ ਜੋ ਕਿ ਇਸ ਬਿਮਾਰੀ ਦੇ ਮੌਜੂਦਾ ਸਾਲ ਦੌਰਾਨ ਆਉਣ ਵਿੱਚ ਸਹਾਈ ਹੋਵੇਗੀ।

ਡਾ ਸੇਖੋਂ ਨੇ ਕਿਸਾਨ ਵੀਰਾਂ ਨੂੰ ਸੁਚੇਤ ਕੀਤਾ ਕਿ ਐਚ ਡੀ 3086 ਤੋਂ ਬਿਨਾਂ ਸਾਰੀਆਂ ਕਿਸਮਾਂ ਬਿਜਾਈ ਤੋਂ 90-92 ਦਿਨਾਂ ਬਾਅਦ ਗੋਭ ਵਿੱਚ ਆ ਜਾਂਦੀਆਂ ਹਨ ਜੋ ਬਿਮਾਰੀ ਲੱਗਣ ਲਈ ਫਸਲ ਦੀ ਢੁੱਕਵੀਂ ਅਵਸਥਾ ਹੈ ।ਮੀਂਹ ਜਾਂ ਬੂੰਦਾਂ-ਬਾਂਦੀ ਕਾਰਨ ਮੌਜੂਦਾ ਮੌਸਮ ਵਿੱਚ ਨਮੀਂ ਦੀ ਵਧੇਰੇ ਮਾਤਰਾ ਅਤੇ ਤਾਪਮਾਨ ਵੀ ਬਿਮਾਰੀ ਦੇ ਲੱਗਣ ਲਈ ਅਨੁਕੂਲ ਹੈ । ਕਰਨਾਲ ਬੰਟ ਨਾਲ ਪ੍ਰਭਾਵਤ ਘਰ ਵਿੱਚ ਬੀਜ ਨੂੰ ਕਿਸਾਨਾਂ ਦੁਆਰਾ ਬੀਜਣ ਕਾਰਨ ਇਸ ਬਿਮਾਰੀ ਦੇ ਦੁਬਾਰਾ ਹਮਲਾ ਕਰਨ ਦੀ ਸੰਭਾਵਨਾ ਹੈ।

ਇਹ ਬਿਮਾਰੀ ਇੱਕ ਉੱਲੀ ਕਾਰਨ ਲੱਗਦੀ ਹੈ ਅਤੇ ਬਿਮਾਰੀ ਵਾਲਾ ਬੀਜ ,ਇਸ ਬਿਮਾਰੀ ਨੂੰ ਫਸਲ ਉੱਪਰ ਲੱਗਣ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ। ਇਸ ਬਿਮਾਰੀ ਦੇ ਕਣ ਮਿੱਟੀ ਵਿੱਚ ਜੰਮਦੇ ਹਨ ਅਤੇ ਹਵਾ ਨਾਲ ਉੱਡ ਕੇ ਨਿਸਾਰੇ ਸਮੇਂ ਸਿੱਟਿਆਂ ਉੱਪਰ ਡਿੱਗ ਪੈਂਦੇ ਹਨ,ਜਿਥੇ ਇਕੱਲੇ ਇਕੱਲੇ ਦਾਣੇ ਦੇ ਕੁਝ ਹਿੱਸੇ ਨੂੰ ਕਾਲਾ ਕਰ ਦਿੰਦੇ ਹਨ।ਉਨਾਂ ਕਿਹਾ ਕਿ ਜੇਕਰ ਬਿਮਾਰੀ ਵਾਲੇ ਦਾਣਿਆਂ ਨੂੰ ਦੋਹਾਂ ਹੱਥਾਂ ਵਿੱਚ ਮਲਿਆ ਜਾਵੇ ਤਾਂ ਕਾਲਾ ਧੂੜਾ ਨਿਕਲਦਾ ਹੈ। (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ) ਜੇਕਰ ਫਰਵਰੀ ਮਾਰਚ ਮਹੀਨੇ ਦੌਰਾਨ ਜੇਕਰ ਲਗਾਤਾਰ ਬੱਦਲਵਾਈ ਰਹੇ ਅਤੇ ਜ਼ਰੂਰਤ ਤੋਂ ਵੱਧ ਬਰਸਾਤ ਪਵੇ ਤਾਂ ਇਸ ਬਿਮਾਰੀ ਦਾ ਖਤਰਾ ਵਧ ਜਾਦਾ ਹੈ । ਅਗਲੇ ਸਾਲ ਲਈ ਬੀਜ ਪੈਦਾ ਕਰਨ ਵਾਲੀ ਫਸਲ ਨੂੰ ਇਸ ਬਿਮਾਰੀ ਤੋਂ ਬਚਾਉਣਾ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਤੰਦਰੁਸਤ ਬੀਜ ਪੈਦਾ ਕੀਤਾ ਜਾ ਸਕੇ।

ਇਹਨਾਂ ਹਾਲਤਾਂ ਨੂੰ ਮੱਦੇਨਜ਼ਰ ਰੱਖਦਿਆਂ ਡਾ ਸੇਖੋਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਬੀਜ ਵਾਲੀ ਫਸਲ ਤੇ ਪੀ ਏ ਯੂ, ਵੱਲੋਂ ਸਿਫਾਰਿਸ਼ ਅਨੁਸਾਰ ਇੱਕ ਛਿੜਕਾਅ 200 ਮਿਲਿ ਟਿਲਟ ਜਾਂ ਫੋਲੀਕਰ 200 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਜਰੂਰ ਕਰਨ ਤਾਂ ਜੋ ਕਰਨਾਲ ਬੰਟ ਰਹਿਤ ਬੀਜ ਪੈਦਾ ਕੀਤਾ ਜਾ ਸਕੇ। ਜਦੋਂ ਸਾਰੀ ਕਣਕ ਦਾ ਨਿਸਾਰਾ ਹੋ ਜਾਵੇ ਤਾਂ ਉਪਰੋਕਤ ਛਿੜਕਾਅ ਬਹੁਤ ਘੱਟ ਅਸਰਦਾਰ ਰਹਿੰਦਾ ਹੈ। ਇਸ ਲਈ ਫਸਲ ਦੀ ਸਹੀ ਅਵਸਥਾ ਤੇ ਹੀ ਛਿੜਕਾਅ ਕਰਨਾ ਜਰੂਰੀ ਹੈ। ਪਿਛਲੇ ਸਾਲ ਮੌਸਮ, ਕਣਕ ਦੀ ਫਸਲ ਲਈ ਢੁਕਵਾਂ ਨਾਂ ਰਹਿਣ ਕਾਰਨ ਕਰਨਾਲ ਬੰਟ ਨਾਮਕ ਬਿਮਾਰੀ ਨੇ ਕਾਫੀ ਨੁਕਸਾਨ ਕੀਤਾ ਸੀ

ਚੱਲ ਰਿਹਾ ਮੌਸਮ ਪੀਲੀ ਕੁੰਗੀ ਲਈ ਢੁਕਵਾਂ, ਇਸ ਤਰਾਂ ਕਰੋ ਪਹਿਚਾਣ ਤੇ ਬਚਾਅ