ਪੀਏਯੂ ਵੱਲੋਂ ਕਣਕ ਦਾ ਵੱਧ ਝਾੜ ਲੈਣ ਲਈ ਜੈਵਿਕ ਖਾਦ ਤਿਆਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਕਣਕ ਦੀ ਫ਼ਸਲ ਲਈ ਇੱਕ ਨਵੀਂ ਜੈਵਿਕ ਖਾਦ ਦੀ ਸਿਫ਼ਾਰਸ਼ ਕੀਤੀ ਹੈ ਜਿਸ ਵਿੱਚ ਐਜ਼ੋਟੋਬੇਕਟਰ ਸਪ. ਅਤੇ ਸਟ੍ਰੈਪਟੋਮਾਸੀਸ ਬੈਡਿਅਸ (ਐਜ਼ੋ-ਐਸ) ਨੂੰ ਇੱਕ ਚਾਰਕੋਲ ਆਧਾਰਿਤ ਕਰੀਅਰ ਵਿੱਚ ਸ਼ਾਮਿਲ ਕੀਤਾ ਗਿਆ ਹੈ।ਅਣਕਿਆਸੀਆਂ ਮੌਸਮੀ ਤਬਦੀਲੀਆਂ ਅਤੇ ਮਿੱਟੀ ਦੀ ਵਿਗੜ ਰਹੀ ਸਿਹਤ ਕਰਕੇ ਕਣਕ ਦੀ ਉਪਜ ਨੂੰ ਬਰਕਰਾਰ ਰੱਖਣਾ ਇੱਕ ਵੱਡੀ ਚੁਣੌਤੀ ਹੈ।

ਖੇਤੀਬਾੜੀ ਵਿੱਚ ਸੁਧਾਰ ਲਈ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਮਿੱਟੀ ਦੇ ਭੌਤਿਕ ਵਿਸ਼ੇਸ਼ਤਾਵਾਂ ਦੀ ਉੱਤਮ ਵਰਤੋਂ ਅਤੇ ਪ੍ਰਬੰਧਨ ਦੀ ਜ਼ਰੂਰਤ ਹੈ, ਜੋ ਮਿੱਟੀ ਦੇ ਬਾਇਓਲੋਜੀਕਲ ਪ੍ਰਕਿਰਿਆਵਾਂ ਅਤੇ ਮਿੱਟੀ ਦੀ ਬਾਇਓਡਈਵਰਸਿਟੀ ’ਤੇ ਨਿਰਭਰ ਕਰਦੀ ਹੈ।ਅਜਿਹੀ ਸਥਿਤੀ ਵਿੱਚ ਬਾਇਓਫਰਟੀਲਾਈਜ਼ਰ/ ਮਾਇਕ੍ਰੋਬੀਅਲ ਇਨੋਕੁਲੇਟ ਇੱਕ ਜੈਵਿਕ ਬਚਾਅ ਪ੍ਰਣਾਲੀ ਹੈ ਜੋ ਪੌਸ਼ਟਿਕ ਤੱਤਾਂ ਨੂੰ ਗ਼ੈਰ ਵਰਤੋਂ ਯੋਗ ਰੂਪ ਤੋਂ ਵਰਤੋਂ ਯੋਗ ਵਿੱਚ ਲਿਆਉਣ ਅਤੇ ਇਸ ਨੂੰ ਪੌਦਿਆਂ ਲਈ ਉਪਲੱਬਧ ਕਰਾਉਣ ਵਿੱਚ ਸਮਰੱਥਾ ਰੱਖਦੀ ਹੈ।

ਐਜ਼ੋਟੋਬੇਕਟਰ ਸਪ. ਇੱਕ ਫਰੀ ਲਿਵਿੰਗ ਡਾਈਐਜ਼ੋਟ੍ਰੋਫ ਹੈ ਜੋ ਕਿ ਹਵਾ ਵਿਚਲੀ ਨਾਈਟ੍ਰੋਜਨ ਨੂੰ ਪੌਦਿਆਂ ਲਈ ਉਪਲੱਬਧ ਕਰਵਾਉਂਦਾ ਹੈ। ਐਜ਼ੋਟੋਬੇਕਟਰ ਸਪ. ਦੀਆਂ ਕਈ ਵਿਸ਼ੇਸ਼ਤਾਵਾਂ ਕਾਰਨ ਇਸ ਨੂੰ ਫ਼ਸਲ ਤੇ ਲਾਹੇਵੰਦ ਪ੍ਰਭਾਵ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਜਿਵੇਂ ਕਿ ਅਮੋਨੀਆ, ਫਾਸਫੇਟ ਘੁਲਣਸ਼ੀਲਤਾ ਅਤੇ ਵਿਕਾਸ ਦੇ ਪਦਾਰਥ ਪੈਦਾ ਕਰਨ ਦੀ ਸਮਰੱਥਾ ਜਿਸ ਨਾਲ ਬੀਜਾਂ ਦੀ ਉਪਜ ਵਿੱਚ ਵਾਧਾ ਹੁੰਦਾ ਹੈ। ਸਟ੍ਰੈਪਟੋਮਾਈਸੀਸ ਅਤੇ ਹੋਰ ਐਕਟੀਨੋਬੈਕਟੀਰੀਆ ਪੌਦੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਖੋਜੇ ਗਏ ਹਨ।

ਐਕਟੀਨੋਬੈਕਟੀਰੀਆ ਫਾਸਫੋਰਸ ਨੂੰ ਘੁਲਣਸ਼ੀਲ ਬਣਾ ਕੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਨਾਲ ਹੀ ਸਾਈਡ੍ਰੋਫੋਰ ਅਤੇ ਫਾਈਟੋਹਾਰਮੋਨ ਇਨਡੋਲ-3 ਐਸੀਟਿਕ ਐਸਿਡ (ਆਈ ਏ ਏ) ਤਿਆਰ ਕਰਦਾ ਹੈ।ਸਟ੍ਰੈਪਟੋਮਾਸੀਸ ਬੈਡੀਅਸ ਇੱਕ ਐਂਡੋਫਿਟਿਕ ਐਕਟੀਨੋਮਾਸੀਟੀਸ ਹੈ ਜੋ ਕਿ ਕਣਕ ਦੇ ਪੌਦਿਆਂ ਦੀ ਜੜ੍ਹ ਤੋਂ ਕੱਢਿਆ ਗਿਆ ਹੈ। ਇਹ ਫਾਈਟੋਹੋਰਮੋਨ, ਨਾਈਟ੍ਰੋਜਨ ਨਿਰਧਾਰਨ, ਫਾਸਫੇਟ ਘੁਲਣਸ਼ੀਲਤਾ ਅਤੇ ਸਾਈਡਰੋਫੋਰ ਦੇ ਉਤਪਾਦਨ ਰਾਹੀਂ ਪੋਸ਼ਟਿਕ ਵਿਕਾਸ ਨੂੰ ਉਸ਼ਾਹਿਤ ਕਰਦਾ ਹੈ।

ਵਰਤੋਂ ਦਾ ਢੰਗ: ਇਸ ਬਾਇਓਫਰਟੀਲਾਈਜ਼ਰ ਦੀ ਵਰਤੋਂ ਬੀਜਾਂ ਲਈ ਕੀਤੀ ਜਾਂਦੀ ਹੈ। 250 ਗ੍ਰਾਮ ਦੇ ਦੋ ਪੈਕਟ (ਐਜ਼ੋਟੋਬੈਕਟਰ ਅਤੇ ਸਟ੍ਰੈਪਟੋਸਾਸੀਸ ਬੈਡਿਅਸ) ਨੂੰ ਇੱਕ ਲਿਟਰ ਪਾਣੀ ਵਿੱਚ ਮਿਲਾ ਕੇ ਮਿਸ਼ਰਨ ਤਿਆਰ ਕੀਤਾ ਜਾਂਦਾ ਹੈ ਜੋ ਕਿ 40 ਕਿੱਲੋ (ਇੱਕ ਏਕੜ) ਕਣਕ ਦੇ ਬੀਜ ਵਾਸਤੇ ਵਰਤਿਆ ਜਾਂਦਾ ਹੈ। ਇਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾ ਕੇ ਉਸੇ ਦਿਨ ਬਿਜਾਈ ਕਰ ਦਿੱਤੀ ਜਾਵੇ। ਕੀਟਨਾਸ਼ਕ ਅਤੇ ਫੰਜੀਸਾਈਡ ਨਾਲ ਇਲਾਜ ਕਰਨ ਤੋਂ ਬਾਅਦ ਬੀਜਾਂ ਨੂੰ ਸਿਫ਼ਾਰਸ਼ ਕੀਤੇ ਬਾਇਓ-ਫਰਟੀਲਾਈਜ਼ਰ ਦਾ ਟੀਕਾ ਲਾਉਣਾ ਚਾਹੀਦਾ ਹੈ। ਇਹ ਜੈਵਿਕ ਖਾਦ, ਮਾਇਕ੍ਰੋਬਾਇਓਲੋਜ਼ੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ 40 ਰੁਪਏ ਕੀਮਤ ’ਤੇ ਉਪਲਭਦ ਹੈ।

*ਮਾਈਕਰੋਬਾਇਓਲੋਜੀ ਵਿਭਾਗ, ਪੀਏਯੂ, ਲੁਧਿਆਣਾ