ਮੌਸਮ ਲੈ ਕੇ ਆਇਆ ਕਿਸਾਨਾਂ ਲਈ ਖੁਸ਼ਖਬਰੀ, ਮੀਂਹ ਨੇ ਰੱਖੀ ਫ਼ਸਲਾਂ ਦੇ ਚੰਗੇ ਝਾੜ ਦੀ ਨੀਂਹ

ਪੰਜਾਬ ਦੇ  ਕਈ ਇਲਾਕਿਆਂ ਵਿਚ ਕੱਲ੍ਹ ਸ਼ਾਮ ਅਤੇ ਰਾਤ ਨੂੰ ਚੰਗੇ ਮੀਂਹ ਨਾਲ ਫਸਲਾਂ ਦੇ ਵਾਰੇ-ਨਿਆਰੇ ਹੋ ਗਏ, ਪੰਜਾਬ ਦੇ ਮਾਲਵਾ ਪੱਟੀ ਵਿਚ ਪੋਹ ਦੇ ਤਿੰਨ ਹਫ਼ਤੇ ਸੁੱਕੇ ਲੰਘਣ ਤੋਂ ਬਾਅਦ ਹੁਣ ਮੀਂਹ ਨਾਲ ਖੁਸ਼ਕੀ ਚੁੱਕੀ ਗਈ ਹੈ।  ਮੌਸਮ ਮਹਿਕਮੇ ਵੱਲੋਂ ਹੋਰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਪੋਹ ਦੇ ਮਹੀਨੇ ਵਿਚ ਦਿਨ ਵੇਲੇ ਪੈਂਦੀ ਗਰਮੀ ਨੇ ਕਿਸਾਨਾਂ ਅਤੇ ਖੇਤੀ ਮਾਹਿਰਾਂ ਨੂੰ ਫਿਕਰ ਵਿਚ ਪਾਇਆ ਹੋਇਆ ਸੀ। ਇਸ ਮੀਂਹ ਨਾਲ ਧੁੰਦ ਦੇ ਵੱਧਣ ਦੇ ਵੀ ਆਸਾਰ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਕਿਹਾ ਕਿ ਹੋਰ ਮੀਂਹ ਕਿਸਾਨੀਂ ਲਈ ਚੰਗਾ ਹੈ ਅਤੇ ਇਸ ਵੇਲੇ ਹਾੜ੍ਹੀ ਦੀਆਂ ਸਾਰੀਆਂ ਨੂੰ ਫਸਲਾਂ ਲਈ ਭਰਵੇਂ ਮੀਂਹ ਦੀ ਲੋੜ ਹੈ। ਡਾ. ਰੋਮਾਣਾ ਦਾ ਕਹਿਣਾ ਹੈ ਕਿ ਮੀਂਹ ਤੋਂ ਬਿਨਾਂ ਕਣਕ ਦੀ ਫ਼ਸਲ ਦਾ ਫੁਟਾਰਾ ਨਹੀਂ ਹੁੰਦਾ ਅਤੇ ਇਹ ਫੁਟਾਰਾ ਹੀ ਹਾੜੀ ਦੀ ਇਸ ਮੁੱਖ ਫ਼ਸਲ ਦੇ ਭਰਵੇਂ ਝਾੜ ਦੀ ਨਿਸ਼ਾਨੀ ਹੈ।

ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਫਸਰ ਡਾ. ਗੁਰਾਂਦਿੱਤਾ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਸ ਵਾਰ ਅਜੇ ਤੱਕ ਭਰਵੀਂ ਵਰਖਾ ਨਾ ਹੋਣ ਕਾਰਨ ਕਿਸਾਨਾਂ ਸਮੇਤ ਖੇਤੀ ਮਾਹਿਰ ਚਿੰਤਤ ਸਨ ਪਰ ਅਚਾਨਕ ਮਾਲਵਾ ਪੱਟੀ ਵਿਚ ਸ਼ੁਰੂ ਹੋਏ ਹਲਕੇ-ਫੁਲਕੇ ਮੀਂਹ ਨਾਲ ਹੁਣ ਫ਼ਸਲਾਂ ਦੇ ਚੰਗੇ ਝਾੜ ਦੀ ਉਮੀਦ ਹੈ।

ਇਸ ਵੇਲੇ ਸਾਰੀਆਂ ਫ਼ਸਲਾਂ ਹੀ ਮੀਂਹ ਮੰਗ ਰਹੀਆਂ ਸਨ। ਅੱਜ ਮੀਂਹ ਤੋਂ ਬਾਅਦ ਅਨੇਕਾਂ ਖੇਤਾਂ ਵਿਚ ਕਿਸਾਨ ਕਣਕ ਦੀ ਫ਼ਸਲ ਸਮੇਤ ਸਰ੍ਹੋਂ ਵਿਚ ਯੂਰੀਆ ਖਾਦ ਖਿਲਾਰਦੇ ਵੇਖੇ ਗਏ, ਜਦੋਂ ਕਿ ਅਨੇਕਾਂ ਥਾਵਾਂ ਉਤੇ ਸੂਏ-ਕੱਸੀਆਂ ਦੇ ਮੋਘੇ ਕਿਸਾਨਾਂ ਵੱਲੋਂ ਬੰਦ ਕੀਤੇ ਹੋਏ ਸਨ ਅਤੇ ਖੇਤੀ ਮੋਟਰਾਂ ਵੀ ਸਾਰੇ ਕਿਤੇ ਬੰਦ ਸਨ।