ਇਸ ਤਰਾਂ ਕਰੋ ਗਰਮੀ ਰੁੱਤ ਦੇ ਮਿੱਠੇ ਮੇਵੇ ਖਰਬੂਜੇ ਤੇ ਤਰਬੂਜ ਦੀ ਖੇਤੀ

ਗਰਮੀਆਂ ਦੀਆਂ ਸਬਜੀਆਂ ਲਾਉਣ ਦੀ ਸ਼ੁਰੁਆਤ ਹੋ ਚੁੱਕੀ ਹੈ |ਖਰਬੂਜ਼ਾ ਅਤੇ ਤਰਬੂਜ ਗਰਮੀਆਂ ਦੇ ਵਧੀਆ ਫਲ ਹਨ | ਜੇਕਰ ਮੰਡੀ ਲਈ ਨਹੀਂ ਤਾਂ ਘੱਟੋ-ਘੱਟ ਘਰ ਖਾਣ ਲਈ ਕੁਝ ਰਕਬੇ ਵਿਚ ਇਨ੍ਹਾਂ ਦੀਆਂ ਵੇਲਾਂ ਜ਼ੂਰਰ ਲਗਾ ਲੈਣੀਆਂ ਚਾਹੀਦੀਆਂ ਹਨ | ਖਰਬੂਜ਼ਾ ਤੇ ਤਰਬੂਜ ਗਰਮੀ ਰੁੱਤ ਦੀਆਂ ਫ਼ਸਲਾਂ ਹਨ ਪਰ ਇਹ ਦੋਵੇ ਫ਼ਸਲਾਂ ਕੋਰਾ ਸਹਿਣ ਨਹੀਂ ਕਰ ਸਕਦੀਆਂ ਹਨ ਦੇ ਉੱਗਣ ਲਈ 27 ਤੋਂ 30 ਡਿਗਰੀ ਸੈਂਟੀਗ੍ਰੇਡ ਤਾਪਮਾਨ ਢੁਕਵਾਂ ਹੁੰਦਾ ਹੈ। ਗਰਮੀ ਵੱਧਣ ਦੇ ਨਾਲ ਬੂਟੇ ਦਾ ਵਾਧਾ ਹੁੰਦਾ ਹੈ । ਹਨੇਰੀਆਂ ਫ਼ਲ ਲੱਗਣ ਦੀ ਸ਼ਕਤੀ ਘਟਾਦਿੰਦੀਆਂ ਹਨ ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕੁਝ ਅਜਿਹੀਆਂ ਕਿਸਮਾਂ ਵਿਕਸਤ ਕੀਤੀਆਂ ਹਨ, ਜਿਨ੍ਹਾਂ ਦੇ ਖਰਬੂਜੇ ਬਹੁਤ ਮਿੱਠੇ ਹੁੰਦੇ ਹਨ ਅਤੇ ਮੰਡੀ ਵਿਚ ਹੱਥੋ-ਹੱਥ ਵਿਕ ਜਾਂਦੇ ਹਨ | ਪੰਜਾਬ ਵਿਚ ਕਾਸ਼ਤ ਲਈ ਖਰਬੂਜ਼ੇ ਦੀਆਂ ਦੋ ਦੋਗਲੀਆਂ ਕਿਸਮਾਂ ਐਮ. ਐਚ.-27 ਅਤੇ ਪੰਜਾਬ ਹਾਈਬਿ੍ਡ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ |

ਜੇਕਰ ਕਿਸੇ ਭਰੋਸੇਯੋਗ ਵਸੀਲੇ ਤੋਂ ਇਨ੍ਹਾਂ ਦੇ ਬੀਜ ਮਿਲ ਜਾਣ ਤਾਂ ਜ਼ਰੂਰ ਲਗਾਉਣੇ ਚਾਹੀਦੇ ਹਨ | (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ) ਦੋਗਲੀਆਂ ਕਿਸਮਾਂ ਤੋਂ ਬਿਨਾਂ ਪੰਜਾਬ ਸੁਨਹਿਰੀ ਅਤੇ ਹਰਾ ਮਧੂ ਦੋ ਹੋਰ ਕਿਸਮਾਂ ਹਨ | ਇਨ੍ਹਾਂ ਦੇ ਖਰਬੂਜ਼ੇ ਵੀ ਬਹੁਤ ਮਿੱਠੇ ਹੁੰਦੇ ਹਨ | ਸਭ ਤੋਂ ਵੱਧ ਝਾੜ ਐਮ. ਐਚ.-27 ਕਿਸਮ ਦਾ ਹੈ | ਇਸ ਤੋਂ ਇਕ ਏਕੜ ਵਿਚੋਂ 80 ਕੁਇੰਟਲ ਤੋਂ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ |

ਫ਼ਸਲ ਦੀ ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿਚ ਕਰਨੀ ਚਾਹੀਦੀ ਹੈ | ਸਬਜ਼ੀਆਂ ਦੀ ਸਫ਼ਲਤਾ ਲਈ ਦੇਸੀ ਰੂੜੀ ਬਹੁਤ ਜ਼ਰੂਰੀ ਹੈ | ਇਕ ਏਕੜ ਵਿਚ ਘੱਟੋ-ਘੱਟ 10 ਟਨ ਰੂੜੀ ਜ਼ਰੂਰ ਪਾਈ ਜਾਵੇ | ਇਸ ਤੋਂ ਇਲਾਵਾ 110 ਕਿਲੋ ਯੂਰੀਆ 155 ਕਿਲੋ ਸਿੰਗਲ ਸੁਪਰਫਾਸਫੇਟ ਅਤੇ 40 ਕਿਲੋ ਮੂਰੀਏਟ ਆਫ ਪੋਟਾਸ਼ ਦੀ ਵੀ ਪ੍ਰਤੀ ਏਕੜ ਸਿਫਾਰਸ਼ ਕੀਤੀ ਗਈ ਹੈ | ਸਾਰੀ ਸੁਪਰ ਫਾਸਫੇਟ, ਸਾਰੀ ਪੋਟਾਸ਼ ਅਤੇ ਤੀਜਾ ਹਿੱਸਾ ਯੂਰੀਆ ਬਿਜਾਈ ਸਮੇਂ ਪਾਵੋ | ਬਾਕੀ ਯੂਰੀਆ ਮਹੀਨੇ ਕੁ ਪਿਛੋਂ ਵੇਲਾਂ ਦੇ ਨਾਲੋ ਨਾਲ ਪਾਵੋ |

ਬਿਜਾਈ ਹਮੇਸ਼ਾ ਖੇਲਾਂ ਬਣਾ ਕੇ ਕਰੋ | ਹਰਾ ਮਧੂ ਕਿਸਮ ਲਈ ਖੇਲਾਂ ਵਿਚਕਾਰ ਚਾਰ ਮੀਟਰ ਫ਼ਾਸਲਾ ਅਤੇ ਬਾਕੀ ਕਿਸਮਾਂ ਲਈ ਤਿੰਨ ਮੀਟਰ ਦਾ ਫਾਸਲਾ ਰੱਖੋ | ਖੇਲਾਂ ਦੇ ਦੋਵੇਂ ਪਾਸੇ ਚੋਕੇ ਨਾਲ ਬੀਜ ਬੀਜੋ | ਇਕ ਥਾਂ ਦੋ ਬੀਜ ਬੀਜਣੇ ਚਾਹੀਦੇ ਹਨ | ਚੋਕੇ ਨਾਲ ਬਿਜਾਈ ਕਰਨ ਲਈ ਕੇਵਲ 400 ਗ੍ਰਾਮ ਬੀਜ ਹੀ ਕਾਫੀ ਹੈ |

ਖੇਲਾਂ ਵਿਚ ਬਿਜਾਈ ਕਰਨ ਨਾਲ ਵੇਲਾਂ ਸੁੱਕੇ ਥਾਂ ਰਹਿਣਗੀਆਂ, ਜਿਸ ਕਰਕੇ ਖਰਬੂਜੇ ਪਾਣੀ ਨਾਲ ਖਰਾਬ ਨਹੀਂ ਹੋਣਗੇ | ਇੰਝ ਪਾਣੀ ਦੀ ਵੀ ਬਚਤ ਹੁੰਦੀ ਹੈ | ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ਉਤੇ ਕਰਨੀ ਚਾਹੀਦੀ ਹੈ | ਜੇਕਰ ਬਾਰਿਸ਼ ਹੋ ਜਾਵੇ ਤਾਂ ਫ਼ਲਾਂ ਨੂੰ ਗਿੱਲੀ ਮਿੱਟੀ ਉਤੇ ਨਾ ਰਹਿਣ ਦਿੱਤਾ ਜਾਵੇ | ਉਨ੍ਹਾਂ ਦੇ ਹੇਠਾਂ ਘਾਹ ਰੱਖ ਦੇਵੋ ਜਾਂ ਵੇਲਾਂ ਉਤੇ ਵੀ ਰੱਖੇ ਜਾ ਸਕਦੇ ਹਨ |

ਤਰਬੂਜ ਦੀ ਕਾਸ਼ਤ ਲਈ ਪੰਜਾਬ ਵਿਚ ਕੇਵਲ ਸ਼ੂਗਰ ਬੇਬੀ ਕਿਸਮ ਦੀ ਸਿਫਾਰਸ਼ ਕੀਤੀ ਗਈ ਹੈ | ਇਕ ਏਕੜ ਵਿਚੋਂ ਕੋਈ 70 ਕੁਇੰਟਲ ਤਰਬੂਜ ਮਿਲ ਜਾਂਦੇ ਹਨ | ਇਸ ਕਿਸਮ ਦੇ ਫ਼ਲ ਆਕਾਰ ਵਿਚ ਛੋਟੇ ਹੁੰਦੇ ਹਨ | ਇਨ੍ਹਾਂ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ | ਇਹ ਕਿਸਮ ਖਾਣ ਲਈ ਬਹੁਤ ਮਿੱਠੀ ਹੁੰਦੀ ਹੈ | ਇਕ ਏਕੜ ਵਿਚ ਡੇਢ ਕਿਲੋ ਬੀਜ ਪੈਂਦਾ ਹੈ | ਇਸ ਕਿਸਮ ਦੀ ਬਿਜਾਈ ਲਈ ਖੇਲਾਂ ਵਿਚਕਾਰ ਢਾਈ ਮੀਟਰ ਦਾ ਫਾਸਲਾ ਰੱਖਿਆ ਜਾਵੇ | ਤਰਬੂਜ ਲਈ ਰਸਾਇਣ ਖਾਦਾਂ ਦੀ ਘੱਟ ਲੋੜ ਪੈਂਦੀ ਹੈ | ਇਹ ਖਰਬੂਜ਼ੇ ਨਾਲੋਂ ਅੱਧੀ ਕੀਤੀ ਜਾ ਸਕਦੀ ਹੈ | ਸਮੇਂ ਸਿਰ ਪਾਣੀ ਦੇਣਾ ਜ਼ਰੂਰੀ ਹੈ|

ਪਹਿਲੀ ਤੁੜਾਈ ਲਈ ਫ਼ਲ ਤਿੰਨ ਕੁ ਮਹੀਨਿਆਂ ਵਿਚ ਤਿਆਰ ਹੋ ਜਾਂਦੇ ਹਨ | ਫ਼ਲ ਨੂੰ ਪੂਰੇ ਪੱਕਣ ਉਤੇ ਹੀ ਤੋੜਨਾ ਚਾਹੀਦਾ ਹੈ| ਫ਼ਲ ਦੇ ਨਾਲ ਇਕ ਤੰਦੂਆ ਜਿਹਾ ਹੁੰਦਾ ਹੈ ਜਦੋਂ ਇਹ ਸੁੱਕ ਜਾਵੇ ਤਾਂ ਸਮਝੋ ਫ਼ਲ ਪੱਕ ਗਿਆ ਹੈ| ਪੱਕੇ ਹੋਣ ਦਾ ਪਤਾ ਫ਼ਲ ਨੂੰ ਥਪਥਪਾ ਕੇ ਵੀ ਲੱਗ ਜਾਂਦਾ ਹੈ|

ਜੇਕਰ ਪੂਰੀ ਅਵਾਜ ਆਵੇ ਤਾਂ ਸਮਝੋ ਫਲ ਪਕ ਗਿਆ ਹੈ | ਪੱਕੇ ਫ਼ਲ ਦਾ ਜਿਹੜਾ ਪਾਸਾ ਧਰਤੀ ਨਾਲ ਲਗਿਆ ਹੁੰਦਾ ਹੈ ਉਹ ਪੀਲਾ ਪੈ ਜਾਂਦਾ ਹੈ | ਇਸ ਵਾਰ ਕੁਝ ਰਕਬੇ ਵਿਚ ਖਰਬੂਜੇ ਅਤੇ ਤਰਬੂਜ ਦੀ ਬਿਜਾਈ ਕਰੋ | ਤਾਜ਼ੇ ਅਤੇ ਮਿੱਠੇ ਫਲ ਖਾਵੋ ਇਸ ਵਾਰ ਦੇ ਤਜਰਬੇ ਪਿਛੋਂ ਅਗਲੇ ਨਾਲ ਸਾਲ ਰਕਬੇ ਵਿਚ ਵਾਧਾ ਕੀਤਾ ਜਾ ਸਕਦਾ ਹੈ |