ਵਧੇਰੇ ਮੁਨਾਫਾ ਲੈਣ ਲਈ ਕਰੋ ਹਾੜੀ ਦੀ ਰੁੱਤ ਵਿੱਚ ਇਨ੍ਹਾਂ ਦਾਲਾਂ ਅਤੇ ਸਬਜ਼ੀਆਂ ਦੀ ਕਾਸ਼ਤ

ਛੋਟੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਵੱਧ ਝਾੜ ਦੇਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਵੱਲ ਧਿਆਨ ਦੇਣ।

ਪਿਆਜ਼ ਇੱਕ ਅਜਿਹੀ ਹੀ ਫ਼ਸਲ ਹੈ। ਇਸ ਦਾ ਇੱਕ ਏਕੜ ਵਿੱਚੋਂ 150 ਕੁਇੰਟਲ ਤੱਕ ਝਾੜ ਪ੍ਰਾਪਤ ਹੋ ਜਾਂਦਾ ਹੈ ਤੇ ਇਹ ਫ਼ਸਲ ਤਿਆਰ ਹੋਣ ਵਿੱਚ ਕੇਵਲ ਚਾਰ ਮਹੀਨੇ ਲੈਂਦੀ ਹੈ। ਸਿਆਲੂ ਫ਼ਸਲ ਦੀ ਲੁਆਈ ਲਈ ਪਨੀਰੀ ਬੀਜਣ ਦਾ ਇਹ ਢੁੱਕਵਾਂ ਸਮਾਂ ਹੈ। ਇੱਕ ਏਕੜ ਦੀ ਪਨੀਰੀ ਤਿਆਰ ਕਰਨ ਵਾਸਤੇ ਪੰਜ ਕਿਲੋ ਬੀਜ ਦੀ ਲੋੜ ਪੈਂਦੀ ਹੈ। ਇਸ ਨੂੰ ਕੋਈ ਅੱਠ ਮਰਲੇ ਥਾਂ ਵਿੱਚ ਬੀਜਿਆ ਜਾ ਸਕਦਾ ਹੈ। ਇਸ ਮੌਸਮ ਵਿੱਚ ਕਾਸ਼ਤ ਲਈ ਪੀਆਰਓ-6, ਪੰਜਾਬ ਵਾਈਟ ਅਤੇ ਪੰਜਾਬ ਨਰੋਆ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ।

ਗੋਭੀ ਦੀ ਪਿਛੇਤੀ ਫ਼ਸਲ ਲਈ ਵੀ ਪਨੀਰੀ ਪੁੱਟ ਕੇ ਖੇਤ ਵਿੱਚ ਲਗਾਈ ਜਾ ਸਕਦੀ ਹੈ।ਪੂਸਾ ਸਨੋਬਾਲ-1 ਅਤੇ ਪੂਸਾ ਸਨੋਬਾਲ ਕੇ-1 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਸੋਏ ਅਤੇ ਸੌਂਫ ਛੋਟੀਆਂ ਫ਼ਸਲਾਂ ਹਨ ਪਰ ਇਨ੍ਹਾਂ ਦੀ ਵਰਤੋਂ ਹਰੇਕ ਘਰ ਵਿੱਚ ਕੀਤੀ ਜਾਂਦੀ ਹੈ। ਸੋਏ ਦਾ ਦੋ ਕਿਲੋ ਅਤੇ ਸੋਂਫ਼ ਦਾ ਚਾਰ ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 45 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ। ਬਿਜਾਈ ਚੰਗੀ ਵੱਤਰ ਵਾਲੀ ਧਰਤੀ ਵਿੱਚ ਕਰਨੀ ਚਾਹੀਦੀ ਹੈ। ਪਹਿਲਾ ਪਾਣੀ ਬਿਜਾਈ ਤੋਂ 15 ਕੁ ਦਿਨਾਂ ਪਿਛੋਂ ਦੇਣ ਦੀ ਲੋੜ ਪੈਂਦੀ ਹੈ।ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਹੁਣ ਸ਼ੁਰੂ ਹੋ ਗਈ ਹੈ। ਜੇ ਜੌਂ, ਛੋਲੇ ਤੇ ਮਸਰ ਆਦਿ ਬੀਜਣੇ ਹਨ ਤਾਂ ਇਨ੍ਹਾਂ ਦੀ ਬਿਜਾਈ ਪਹਿਲਾਂ ਕਰ ਲਵੋ ਕਿਉਂਕਿ ਅਗਲੇ ਹਫ਼ਤੇ ਕਣਕ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ।

ਪੰਜਾਬ ਵਿੱਚ ਜੌਂ ਦੀ ਕਾਸ਼ਤ ਲਈ ਪੀਐੱਲ 807, ਡੀਡਬਲਯੂਆਰਯੂਬੀ 52 ਅਤੇ ਪੀਐੱਲ 426 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇੱਕ ਏਕੜ ਵਿੱਚ 35 ਕਿਲੋ ਬੀਜ ਦੀ ਲੋੜ ਪੈਂਦੀ ਹੈ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 22.5 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਬੀਜਣ ਤੋਂ ਪਹਿਲਾਂ ਬੀਜ ਨੂੰ ਵੀਟਾਵੈਕਸ ਜਾਂ ਰੈਕਸਿਲ 2 ਡੀ ਐਸ ਨਾਲ ਸੋਧ ਲੈਣਾ ਚਾਹੀਦਾ ਹੈ। ਇੱਕ ਕਿਲੋ ਬੀਜ ਲਈ ਡੇਢ ਗ੍ਰਾਮ ਜ਼ਹਿਰ ਵਰਤੋ। ਪਹਿਲਾ ਪਾਣੀ ਦੇਣ ਪਿੱਛੋਂ ਇੱਕ ਗੋਡੀ ਕਰ ਦੇਣੀ ਚਾਹੀਦੀ ਹੈ।

ਛੋਲੇ ਅਤੇ ਮਸਰ ਹਾੜ੍ਹੀ ਦੀਆਂ ਮੁੱਖ ਦਾਲਾਂ ਹਨ। ਇਹ ਸਾਰੀਆਂ ਧਰਤੀ ਦੀ ਸਿਹਤ ਵਿੱਚ ਸੁਧਾਰ ਕਰਦੀਆਂ ਹਨ। ਇਨ੍ਹਾਂ ਦੀ ਬਿਜਾਈ ਲਈ ਵੀ ਹੁਣ ਢੁੱਕਵਾਂ ਸਮਾਂ ਹੈ।ਛੋਲੇ ਦੋ ਪ੍ਰਕਾਰ ਦੇ ਹੁੰਦੇ ਹਨ; ਕਾਬਲੀ ਛੋਲੇ ਅਤੇ ਦੇਸੀ ਛੋਲੇ। ਦੇਸੀ ਛੋਲਿਆਂ ਦੀਆਂ ਪੀਬੀਜੀ 7, ਪੀਬੀਜੀ 5, ਜੀਪੀਐੱਫ 2 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਕੋਸ਼ਿਸ਼ ਕਰੋ ਕਿ ਪੀਬੀਜੀ-7 ਕਿਸਮ ਬੀਜੀ ਜਾਵੇ ਇਸ ਦਾ ਕੋਈ ਅੱਠ ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਹੋ ਜਾਂਦਾ ਹੈ। ਇੱਕ ਏਕੜ ਵਿੱਚ 17 ਕਿਲੋ ਬੀਜ ਦੀ ਲੋੜ ਹੈ। ਐੱਲ 552, ਕਾਬਲੀ ਛੋਲਿਆਂ ਦੀਆਂ ਸਿਫ਼ਾਰਸ਼ ਕੀਤੀ ਕਿਸਮ ਹੈ।

ਇੱਕ ਏਕੜ ਲਈ 37 ਕਿਲੋ ਬੀਜ ਚਾਹੀਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾਂ ਬਾਵਿਸਟਨ ਜ਼ਹਿਰ ਨਾਲ ਸੋਧ ਲਵੋ। ਇੱਕ ਕਿਲੋ ਬੀਜ ਲਈ ਤਿੰਨ ਗ੍ਰਾਮ ਜ਼ਹਿਰ ਵਰਤੋ। ਬੀਜ ਨੂੰ ਇੱਕ ਪੈਕੇਟ ਮੀਜ਼ੋਰਾਈਜ਼ੋਬੀਅਮ ਅਤੇ ਇੱਕ ਪੈਕੇਟ ਰੀਜੋਬੈਕਟੀਰੀਅਮ ਨਾਲ ਸੋਧ ਲਵੋ। ਇਹ ਜੈਵਿਕ ਖਾਦਾਂ ਝਾੜ ਵਿੱਚ ਵਾਧਾ ਕਰਦੀਆਂ ਹਨ। ਮਹੀਨੇ ਪਿਛੋਂ ਇੱਕ ਗੋਡੀ ਜ਼ਰੂਰ ਕਰਨੀ ਚਾਹੀਦੀ ਹੈ।

ਮਸਰਾਂ ਦੀ ਦਾਲ ਵੀ ਹਰੇਕ ਪੰਜਾਬੀ ਘਰ ਵਿੱਚ ਵਰਤੀ ਜਾਂਦੀ ਹੈ, ਪਰ ਇਸ ਦੀ ਖੇਤੀ ਮਸਾਂ ਇੱਕ ਹਜ਼ਾਰ ਹੈਕਟੇਅਰ ਵਿੱਚ ਹੀ ਹੁੰਦੀ ਹੈ। ਘਰ ਦੀ ਵਰਤੋਂ ਲਈ ਕੁਝ ਰਕਬੇ ਵਿੱਚ ਇਸ ਦੀ ਕਾਸ਼ਤ ਕਰ ਲੈਣੀ ਚਾਹੀਦੀ ਹੈ। ਐੱਲਐੱਲ 931 ਅਤੇ ਐੱਲਐੱਲ 699 ਉੱਨਤ ਕਿਸਮਾਂ ਹਨ। ਇਨ੍ਹਾਂ ਤੋਂ ਪੰਜ ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਕੀਤਾ ਜਾ ਸਕਦਾ ਹੈ।.