ਇਸ ਮਹੀਨੇ ਵਿੱਚ ਕੀਤੀ ਜਾ ਸਕਦੀ ਹੈ ਇਹਨਾਂ ਸਿਆਲੂ ਸਬਜ਼ੀਆਂ ਦੀ ਕਾਸ਼ਤ

ਜੇਕਰ ਸਬਜ਼ੀਆਂ ਦੀ ਬਿਜਾਈ ਨਹੀਂ ਕੀਤੀ ਤਾਂ ਹੁਣ ਵੀ ਕੁਝ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਮਟਰ ਸਰਦੀਆਂ ਦੀ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਸਬਜ਼ੀ ਹੈ। ਜੇ ਕੁਝ ਥਾਂ ਵਿਹਲੀ ਹੈ ਤਾਂ ਉੱਥੇ ਮਟਰ ਜ਼ਰੂਰ ਬੀਜੋ। ਹੁਣ ਦੀ ਬਿਜਾਈ ਲਈ ਪੰਜਾਬ 89 ਅਤੇ ਮਿੱਠੀ ਫਲੀ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਇੱਕ ਏਕੜ ਲਈ 30 ਕਿਲੋ ਬੀਜ ਦੀ ਲੋੜ ਪੈਂਦੀ ਹੈ। ਬਿਜਾਈ ਸਮੇਂ ਲਾਈਨਾਂ ਵਿਚਕਾਰ 30 ਅਤੇ ਬੂਟਿਆਂ ਵਿਚਕਾਰ 10 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ।

ਬੀਜਣ ਤੋਂ ਪਹਿਲਾਂ ਬੀਜ ਨੂੰ ਰਾਈਜੋਬੀਅਮ ਦਾ ਟੀਕਾ ਜ਼ਰੂਰ ਲਗਾ ਲੈਣਾ ਚਾਹੀਦਾ ਹੈ। ਜੇ ਹੋ ਸਕੇ ਤਾਂ ਖੇਤ ਤਿਆਰ ਕਰਨ ਤੋਂ ਪਹਿਲਾਂ ਅੱਠ ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਮਟਰ ਭਾਵੇਂ ਧਰਤੀ ਦੀ ਉਪਜਾਊ ਸ਼ਕਤੀ ਨੂੰ ਚੰਗਾ ਬਣਾਉਂਦੇ ਹਨ ਪਰ ਬੀਜਣ ਸਮੇਂ 45 ਕਿਲੋ ਯੂਰੀਆ ਅਤੇ 155 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਪਾਈ ਜਾਵੇ। ਨਦੀਨਾਂ ਨੂੰ ਰੋਕਣ ਲਈ ਗੋਡੀ ਜ਼ਰੂਰ ਕਰੋ। ਬਿਜਾਈ ਤੋਂ ਤਿੰਨ ਮਹੀਨਿਆਂ ਪਿੱਛੋਂ ਪਹਿਲੀ ਤੁੜਾਈ ਕੀਤੀ ਜਾ ਸਕਦੀ ਹੈ।

ਗੋਭੀ ਦੀ ਪਿਛੇਤੀ ਕਾਸ਼ਤ

ਗੋਭੀ ਦੀ ਪਿਛੇਤੀ ਲੁਆਈ ਵੀ ਹੁਣ ਕੀਤੀ ਜਾ ਸਕਦੀ ਹੈ। ਜੇ ਪੂਸਾ ਸਨੋਬਾਲ-1 ਅਤੇ ਪੂਸਾ ਸਨੋਬਾਲ ਕੇ-1 ਕਿਸਮਾਂ ਦੀ ਪਨੀਰੀ ਮਿਲ ਸਕੇ ਤਾਂ ਵਧੀਆ ਹੈ। ਗੋਭੀ ਕੋਈ 100 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇੱਕ ਏਕੜ ਪਿੱਛੋਂ 90 ਕੁਇੰਟਲ ਝਾੜ ਪ੍ਰਾਪਤ ਹੋ ਸਕਦਾ ਹੈ। ਗਾਜਰ ਅਤੇ ਮੂਲੀ ਦੀ ਬਿਜਾਈ ਵੀ ਅਜੇ ਕੀਤੀ ਜਾ ਸਕਦੀ ਹੈ। ਪੰਜਾਬ ਕੈਰਟ ਰੈੱਡ, ਪੰਜਾਬ ਬਲੈਕ ਬਿਊਟੀ ਅਤੇ ਪੀ ਸੀ-34 ਗਾਜਰ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਹੁਣ ਮੂਲੀ ਦੀ ਜਪਾਨੀ ਵਾਈਟ ਕਿਸਮ ਬੀਜਣੀ ਚਾਹੀਦੀ ਹੈ। ਸ਼ਲਗਮ ਦੀ ਐਲ-1 ਕਿਸਮ ਦੀ ਬਿਜਾਈ ਕਰੋ।

ਹੁਣ ਬੈਂਗਣਾ ਅਤੇ ਟਮਾਟਰਾਂ ਦੀ ਅਗਲੀ ਫ਼ਸਲ ਲਈ ਪਨੀਰੀ ਬੀਜਣ ਦਾ ਢੁੱਕਵਾਂ ਸਮਾਂ ਹੈ। ਜੇ ਪਨੀਰੀ ਤਿਆਰ ਹੈ ਤਾਂ ਉਸ ਨੂੰ ਪੁੱਟ ਕੇ ਵੀ ਹੁਣ ਖੇਤ ਵਿੱਚ ਲਗਾਇਆ ਜਾ ਸਕਦਾ ਹੈ। ਪੰਜਾਬ ਨੀਲਮ, ਪੀ ਬੀ ਐਚ ਆਰ-41, ਪੀ ਬੀ ਐਚ ਆਰ-42 ਅਤੇ ਬੀ ਐਚ-2 ਗੋਲ ਬੈਂਗਣਾਂ ਦੀਆਂ ਸਿਫ਼ਾਰਸ਼ ਕੀਤੀਆਂ ਗਈਆਂ ਕਿਸਮਾਂ ਹਨ। ਪੀ ਬੀ ਐਚ-4, ਪੀ ਬੀ ਐੱਚ ਅੇਲ-52 ਅਤੇ ਪੰਜਾਬ ਸਦਾ ਬਹਾਰ ਲੰਬੇ ਬੈਂਗਣਾਂ ਦੀਆਂ ਕਿਸਮਾਂ ਹਨ। ਪੀ ਬੀ ਐਚ-3 ਤੇ ਪੰਜਾਬ ਨਗੀਨਾ ਬੈਂਗਣੀ ਦੀਆਂ ਕਿਸਮਾਂ ਹਨ। ਸਭ ਤੋਂ ਵੱਧ ਉਪਜ ਦੋਗਲੀ ਕਿਸਮ ਪੀ ਬੀ ਐਚ-4 ਤੋਂ ਕੋਈ 270 ਕੁਇੰਟਲ ਪ੍ਰਤੀ ਏਕੜ ਪ੍ਰਾਪਤ ਹੋ ਜਾਂਦੀ ਹੈ। ਅਗਲੀ ਫ਼ਸਲ ਲਈ ਵੀ ਹੁਣ ਪਨੀਰੀ ਬੀਜ ਲੈਣੀ ਚਾਹੀਦੀ ਹੈ।

ਟਮਾਟਰਾਂ ਦੀ ਪਨੀਰੀ ਤਿਆਰ ਕਰਨ ਦਾ ਢੰਗ

ਟਮਾਟਰਾਂ ਦੀ ਅਗਲੀ ਫ਼ਸਲ ਲਈ ਪਨੀਰੀ ਹੁਣ ਬੀਜੀ ਜਾ ਸਕਦੀ ਹੈ। ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਕੇਵਲ 100 ਗ੍ਰਾਮ ਬੀਜ ਅਤੇ ਦੋ ਮਰਲੇ ਧਰਤੀ ਚਾਹੀਦੀ ਹੈ। ਜੇਕਰ ਪਨੀਰੀ ਤਿਆਰ ਹੈ ਤਾਂ ਉਸ ਨੂੰ ਹੁਣ ਪੁੱਟ ਕੇ ਖੇਤ ਵਿੱਚ ਲਗਾਇਆ ਜਾ ਸਕਦਾ ਹੈ। ਪੰਜਾਬ ਗੌਰਵ, ਪੰਜਾਬ ਸਰਤਾਜ, ਪੰਜਾਬ ਰੈਡ ਚੈਰੀ ਅਤੇ ਪੰਜਾਬ ਛੁਆਰਾ ਕਿਸਮਾਂ ਦੀ ਬਿਜਾਈ ਦਾ ਯਤਨ ਕਰੋ। ਇਨ੍ਹਾਂ ਤੋਂ 300 ਕੁਇੰਟਲ ਤੋਂ ਵੀ ਵੱਧ ਪ੍ਰਤੀ ਏਕੜ ਟਮਾਟਰ ਪ੍ਰਾਪਤ ਹੋ ਜਾਂਦੇ ਹਨ। ਦੋਵਾਂ ਫ਼ਸਲਾਂ ਲਈ ਖੇਤ ਤਿਆਰ ਕਰਨ ਤੋਂ ਪਹਿਲਾਂ 11 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਬੂਟੇ ਲਗਾਉਣ ਸਮੇਂ 55 ਕਿਲੋ ਯੂਰੀਆ, 155 ਕਿਲੋ ਸੁਪਰਫਾਸਫੇਟ ਅਤੇ 45 ਕਿਲੋ ਮਿਊਰੇਟ ਆਫ ਪੋਟਾਸ਼ ਵੀ ਪ੍ਰਤੀ ਏਕੜ ਪਾਈ ਜਾਵੇ। ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰੋ।

ਮਿਰਚਾਂ ਦੀ ਪਨੀਰੀ ਬੀਜਣ ਲਈ ਵੀ ਹੁਣ ਢੁੱਕਵਾਂ ਸਮਾਂ ਹੈ। ਪੰਜਾਬ ਵਿੱਚ ਕਾਸ਼ਤ ਲਈ ਪੰਜਾਬ ਸੰਧੂਰੀ, ਪੰਜਾਬ ਤੇਜ, ਪੰਜਾਬ ਸੁਰਖ ਤੇ ਪੰਜਾਬ ਗੁੱਛੇਦਾਰ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਸੀ ਐਚ-27, ਸੀ ਐਚ-3 ਅਤੇ ਸੀ ਐਚ-1 ਦੋਗਲੀਆਂ ਕਿਸਮਾਂ ਹਨ। ਦੋਗਲੀਆਂ ਕਿਸਮਾਂ 100 ਕੁਇੰਟਲ ਪ੍ਰਤੀ ਏਕੜ ਝਾੜ ਦੇ ਦਿੰਦੀਆਂ ਹਨ। ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ 200 ਗ੍ਰਾਮ ਬੀਜ ਤੇ ਇੱਕ ਮਰਲਾ ਥਾਂ ਕਾਫ਼ੀ ਹੈ। ਪਨੀਰੀ ਨੂੰ ਠੰਢ ਤੋਂ ਬਚਾਉਣਾ ਜ਼ਰੂਰੀ ਹੈ।

ਪਿਆਜ਼ ਦੀ ਪਨੀਰੀ ਤਿਆਰ ਕਰਨ ਦਾ ਢੰਗ

ਪਿਆਜ਼ ਇੱਕ ਹੋਰ ਰੋਕੜੀ ਫ਼ਸਲ ਹੈ। ਜਿਹੜੀ ਕੇਵਲ ਚਾਰ ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇੱਕ ਏਕੜ ਵਿੱਚੋਂ 100 ਕੁਇੰਟਲ ਤੋਂ ਵੱਧ ਝਾੜ ਪ੍ਰਤੀ ਏਕੜ ਦਿੰਦੀ ਹੈ। ਪਿਆਜ਼ ਦੀ ਪਨੀਰੀ ਜੇਕਰ ਨਹੀਂ ਬੀਜੀ ਤਾਂ ਹੁਣ ਬੀਜ ਦੇਵੋ। ਪੰਜਾਬ ਵਿੱਚ ਕਾਸ਼ਤ ਲਈ ਪੀ ਆਰ ਓ-6, ਪੰਜਾਬ ਵਾਈਟ ਅਤੇ ਪੰਜਾਬ ਨਰੋਆ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਪੰਜ ਕਿਲੋ ਬੀਜ ਅਤੇ ਅੱਠ ਮਰਲੇ ਧਰਤੀ ਚਾਹੀਦੀ ਹੈ। ਬਿਜਾਈ 15 ਤੋਂ 20 ਸੈਂਟੀਮੀਟਰ ਉੱਚੀਆਂ ਕਿਆਰੀਆਂ ਤਿਆਰ ਕਰਕੇ ਕਰਨੀ ਚਾਹੀਦੀ ਹੈ। ਇਹ ਪਨੀਰੀ ਜਨਵਰੀ ਮਹੀਨੇ ਪੁੱਟ ਕੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇਗੀ। ਸਬਜ਼ੀਆਂ ਦੀ ਪਨੀਰੀ ਤਿਆਰ ਕਰਕੇ ਵੇਚਣ ਨਾਲ ਵੀ ਚੰਗੇ ਪੈਸੇ ਕਮਾਏ ਜਾ ਸਕਦੇ ਹਨ।