ਨਕਲੀ ਬੀਜ ਵੇਚ ਕੇ ਕਿਸਾਨਾਂ ਦੀ ਕਮਾਈ ਲੁੱਟਣ ਵਾਲੇ ਵਪਾਰੀਆਂ ਦੀਆਂ ਅਦਾਲਤ ਵਲੋਂ ਜਮਾਨਤਾਂ ਰੱਦ

ਨਕਲੀ ਬੀਜ ਵੇਚਣ ਵਾਲੇ ਉਹ ਵਪਾਰੀ ਹਨ ਜੋ ਅਸਿੱਧੇ ਰੂਪ ਵਿਚ ਕਿਸਾਨ ਦੀ ਖ਼ੁਦਕੁਸ਼ੀ ਲਈ ਜੁੰਮੇਵਾਰ ਹਨ ਅਜਿਹੇ ਲੋਕਾਂ ਨੂੰ ਜਰੂਰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਵੀ ਕਿਸੇ ਦਾ ਕਿਸਾਨਾਂ ਦੀ ਹੱਡ ਚੀਰਵੀਂ ਕਮਾਈ ਲੁੱਟਣ ਦਾ ਹੋਂਸਲਾ ਨਾ ਬਣ ਸਕੇ ।

ਸ਼ਇਦ ਅਦਾਲਤ ਵੀ ਇਹ ਗੱਲ ਸਮਝ ਗਈ ਹੈ ਇਸ ਲਈ ਕਿਸਾਨਾਂ ਨਾਲ ਧੋਖਾਧੜੀ ਕਰਨ ਵਾਲੇ 8 ਵਪਾਰੀਆਂ ਨੂੰ ਅਦਾਲਤ ਨੇ ਜਮਾਨਤ ਦੇਣ ਤੋਂ ਮਨਾ ਕਰ ਦਿੱਤਾ ।

ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਨਰਮੇ ਦਾ ਨਕਲੀ ਬੀਜ ਵੇਚਣ ਵਾਲੇ 8 ਵਪਾਰੀਆਂ ਦੀਆਂ ਅਗਾਉਂ ਜ਼ਮਾਨਤਾਂ ਵਧੀਕ ਸੈਸ਼ਨ ਜੱਜ ਸ੍ਰੀ ਲਛਮਣ ਸਿੰਘ ਦੀ ਅਦਾਲਤ ਨੇ ਰੱਦ ਕਰ ਦਿੱਤੀਆਂ ਹਨ | ਕੁਝ ਦਿਨ ਪਹਿਲਾ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਨਰਮੇ ਦਾ ਨਕਲੀ ਬੀਟੀ ਬੀਜ ਵੇਚਣ ਦੀਆਂ ਕਿਸਾਨਾਂ ਨੇ ਸ਼ਿਕਾਇਤਾਂ ਕੀਤੀਆਂ ਸਨ, ਜਿਸ ਆਧਾਰ ‘ਤੇ 3 ਅਬੋਹਰ, 1 ਖੂਈਆ ਸਰਵਰ, 3 ਅਰਨੀਵਾਲਾ ਅਤੇ 1 ਫ਼ਾਜ਼ਿਲਕਾ ਵਿਖੇ ਦਰਜ ਕੀਤਾ ਗਿਆ ਸੀ |

ਜਿਸ ‘ਤੇ ਪੁਲਿਸ ਨੇ ਸੁਨੀਲ ਕੁਮਾਰ, ਨਿਰਵੈ ਕੁਮਾਰ, ਵਿਜੇ ਕੁਮਾਰ ਪੇੜੀਵਾਲ ਅਬੋਹਰ, ਗੁਰਪ੍ਰੀਤ ਸਿੰਘ ਖੁਈਆ ਸਰਵਰ, ਮਨੋਜ ਕੁਮਾਰ, ਗੁਲਸ਼ਨ ਕੁਮਾਰ, ਰਾਜੇਸ਼ ਕੁਮਾਰ ਅਰਨੀਵਾਲਾ ਅਤੇ ਰਵਿੰਦਰ ਕੁਮਾਰ ਫ਼ਾਜ਼ਿਲਕਾ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕਰਕੇ ਜਿੱਥੇ ਨਕਲੀ ਬੀਜ ਬਰਾਮਦ ਕੀਤਾ, ਉਥੇ ਹੀ ਇਨ੍ਹਾਂ ਖਿਲਾਫ਼ ਸੀਡ ਐਕਟ ਦੀਆਂ ਧਰਾਵਾਂ ਤੋਂ 420, 120 ਬੀ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਸੀ |

ਪੁਲਿਸ ਨੇ ਜਾਂਚ ਤੋਂ ਬਾਅਦ ਬੀਤੇ ਦਿਨੀਂ ਉਕਤ ਕਥਿਤ ਦੋਸ਼ੀਆਂ ਖਿਲਾਫ ਧਾਰਾਵਾਂ ਵਿਚ ਵਾਧਾ ਕਰਦਿਆਂ 465, 468, 471 ਦਾ ਵਾਧਾ ਕੀਤਾ ਸੀ | ਉਕਤ ਕਥਿਤ ਦੋਸ਼ੀਆਂ ਵੱਲੋਂ ਆਪਣੀ ਗਿ੍ਫ਼ਤਾਰੀ ਤੋਂ ਬਚਣ ਲਈ ਫ਼ਾਜ਼ਿਲਕਾ ਜ਼ਿਲ੍ਹਾ ਸੈਸ਼ਨ ਕੋਰਟ ਵਿਖੇ ਅਗਾਉ ਜ਼ਮਾਨਤ ਦੀਆਂ ਅਰਜ਼ੀਆਂ ਲਗਾਈਆਂ ਸਨ |

ਅੱਜ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਵਧੀਕ ਸੈਸ਼ਨ ਜੱਜ ਸ੍ਰੀ ਲਛਮਣ ਸਿੰਘ ਨੇ ਉਕਤ 8 ਵਪਾਰੀਆਂ ਦੀਆਂ ਅਗਾਉ ਜ਼ਮਾਨਤਾਂ ਰੱਦ ਕਰ ਦਿੱਤੀਆਂ ਹਨ |