ਸਰਕਾਰੀ ਨੌਕਰੀ ਛੱਡ ਕਿਸਾਨ ਬਣੀ ਗੁਰਦੇਵ ਕੌਰ, ਹੁਣ 40 ਲੱਖ ਰੁਪਏ ਕਮਾਈ

ਇੱਕ ਪਾਸੇ ਜਿੱਥੇ ਦੇਸ਼ ਵਿੱਚ ਲਾਗਤ ਕਾਰਨ ਕਿਸਾਨ ਖੇਤੀ ਛੱਡ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇੱਕ ਅਜਿਹੀ ਮਹਿਲਾ ਵੀ ਹੈ ਜਿਹੜੀ ਸਰਕਾਰੀ ਨੌਕਰੀ ਛੱਡ ਕੇ ਖੇਤੀ ‘ਚੋਂ ਲੱਖਾਂ ਰੁਪਏ ਕਮਾ ਰਹੀ ਹੈ। ਇੰਨਾ ਹੀ ਨਹੀਂ ਇਸ ਨੇ 300 ਔਰਤਾਂ ਨੂੰ ਵੀ ਨੌਕਰੀ ਦਿੱਤੀ ਹੈ।

ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਜ਼ਿਲ੍ਹੇ ਦੀ ਗੁਰਦੇਵ ਕੌਰ ਦਿਓਲ ਦੀ ਸਫਲਤਾ ਬਾਰੇ। ਗੁਰਦੇਵ ਕੌਰ ਦੇ ਸੈਲਫ਼ ਹੈਲਪ ਗਰੁੱਪ ਤੇ ਫਾਰਮਰ ਪ੍ਰੋਡਿਊਸਰ ਆਰਗਨਾਈਜ਼ੇਸ਼ਨ ਨਾਲ ਜੁੜ ਕੇ ਇਲਾਕੇ ਦੀਆਂ ਔਰਤਾਂ ਤੇ ਕਿਸਾਨ ਵੀ ਕਮਾਈ ਕਰ ਰਹੇ ਹਨ।

ਗੁਰਦੇਵ ਕੌਰ ਨੇ ਦੱਸਿਆ ਕਿ ਉਸ ਨੇ ਜ਼ਿੰਦਗੀ ਵਿੱਚ ਕੁਝ ਕਰਨ ਲਈ 2008 ਵਿੱਚ ਸਰਕਾਰੀ ਨੌਕਰੀ ਛੱਡ ਕੇ ਢਾਈ ਏਕੜ ਜ਼ਮੀਨ ਉੱਤੇ ਸਿਰਫ਼ ਪੰਜ ਹਜ਼ਾਰ ਰੁਪਏ ਨਾਲ ਖੇਤੀ ਕਰਨ ਦਾ ਫ਼ੈਸਲਾ ਕੀਤਾ। ਗੁਰਦੇਵ ਕੌਰ ਨੂੰ ਖੇਤੀ ਦਾ ਤਜਰਬਾ ਨਾ ਹੋਣ ਦੇ ਬਾਵਜੂਦ ਉਸ ਨੇ ਲਗਨ ਤੇ ਮਿਹਨਤ ਦਾ ਸਾਥ ਨਾ ਛੱਡਿਆ, ਜਿਸ ਦੀ ਬਦੌਲਤ ਅੱਜ ਉਹ ਖੇਤੀ ਤੇ ਇਸ ਨਾਲ ਜੁੜੇ ਕਾਰੋਬਾਰ ਤੋਂ 40 ਲੱਖ ਰੁਪਏ ਕਮਾ ਰਹੀ ਹੈ।

ਪਿੰਡ ਇਆਲ਼ੀ ਖ਼ੁਰਦ ਦੇ ਦਸਮੇਸ਼ ਨਗਰ ਦੀ ਰਹਿਣ ਵਾਲੀ ਗੁਰਦੇਵ ਕੌਰ ਚਾਹੁੰਦੀ ਤਾਂ ਉਹ ਆਰਾਮ ਦੀ ਜ਼ਿੰਦਗੀ ਜੀ ਸਕਦੀ ਸੀ ਪਰ ਉਸ ਨੇ ਨੌਕਰੀ ਛੱਡ ਸੰਘਰਸ਼ ਦੀ ਜ਼ਿੰਦਗੀ ਚੁਣੀ। ਐਮਏ ਬੀਐਡ ਕਰਕੇ ਸਰਕਾਰੀ ਸਕੂਲ ਵਿੱਚ ਹਿਸਾਬ ਦੀ ਅਧਿਆਪਕਾ ਵਜੋਂ ਇੱਕ ਸਾਲ ਨੌਕਰੀ ਕੀਤੀ। ਜਦੋਂ ਉਸ ਨੇ ਨੌਕਰੀ ਛੱਡੀ ਤਾਂ ਉਸ ਦੀ ਪਰਿਵਾਰ ਦੀ ਆਰਥਿਕ ਹਾਲਤ ਡਾਵਾਂਡੋਲ ਹੋ ਗਈ ਸੀ ਪਰ ਉਸ ਨੇ ਹੌਸਲੇ ਦਾ ਸਾਥ ਨਾ ਛੱਡਿਆ।

ਗੁਰਦੇਵ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਦੋ ਮਹੀਨਿਆਂ ਦੀ ਸਬਜ਼ੀਆਂ ਉਗਾਉਣ ਤੇ ਅਨਾਜ ਨਾਲ ਬਣੇ ਪਦਾਰਥਾਂ ਦੀ ਮਾਰਕੀਟ ਦੀ ਟਰੇਨਿੰਗ ਲਈ। ਇਸ ਨਾਲ ਉਨ੍ਹਾਂ ਨੇ ਮਧੂ ਮੱਖੀ ਪਾਲਨ ਦੀ ਵੀ ਟ੍ਰੇਨਿੰਗ ਲਈ। ਇਸ ਮਗਰੋਂ ਉਨ੍ਹਾਂ ਨੇ ਆਪਣੇ ਖੇਤ ਵਿੱਚ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਰਗੈਨਿਕ ਚੌਲ ਦੀ ਪੈਦਾਵਾਰ ਵੀ ਸ਼ੁਰੂ ਕੀਤੀ।

ਫਿਰ ਉਨ੍ਹਾਂ ਨੇ 15 ਔਰਤਾਂ ਦੇ ਸੈੱਲਫ਼ ਹੈਲਪ ਗਰੁੱਪ ਬਣਾ ਕੇ ਰਸੋਈ ਨਾਲ ਜੁੜੇ ਤਮਾਮ ਪਦਾਰਥ ਬਣਾਉਣੇ ਸ਼ੁਰੂ ਕੀਤੇ ਤੇ ਖ਼ੁਦ ਹੀ ਉਸ ਦੀ ਮੰਡੀਕਰਨ ਕੀਤੀ। ਇੱਕ ਸਮੇਂ ਬਾਅਦ ਉਸ ਨੂੰ ਤੇ ਉਸ ਨਾਲ ਜੁੜੀਆਂ ਮਹਿਲਾਵਾਂ ਨੂੰ ਚੰਗੀ ਕਮਾਈ ਹੋਣ ਲੱਗੀ। ਹੁਣ ਹਾਲਤ ਇਹ ਹੈ ਕਿ ਉਸ ਦੀ ਸੈੱਲਫ਼ ਹੈਲਪ ਗਰੁੱਪ ਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਨਾਲ 300 ਤੋਂ ਵੱਧ ਔਰਤਾਂ ਜੁੜੀਆਂ ਹੋਈਆਂ ਹਨ। ਜਿਹੜੀਆਂ ਮਹੀਨਾਵਾਰ ਘਰ ਬੈਠੀਆਂ 25 ਹਜ਼ਾਰ ਰੁਪਏ ਕਮਾਈ ਕਰ ਰਹੀਆਂ ਹਨ।

ਗੁਰਦੇਵ ਕੌਰ ਨੂੰ ਖੇਤੀ ਲਈ ਕਈ ਸਨਮਾਨ ਮਿਲੇ ਹੋਏ ਹਨ। 2009 ਵਿੱਚ ਉਸ ਨੂੰ ਪੀਏਯੂ ਵੱਲੋਂ ਸੂਬਾ ਪੱਧਰੀ ਮੇਲੇ ਵਿੱਚ ਜਗਬੀਰ ਕੌਰ ਐਵਾਰਡ ਨਾਲ ਸਨਮਾਨਤ ਕੀਤਾ। 2010 ਵਿੱਚ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਸਟੇਟ ਐਵਾਰਡ ਦਾ ਸਨਮਾਨ ਮਿਲਿਆ। 2011 ਵਿੱਚ ਨਬਾਰਡ ਵੱਲੋਂ ਸੈੱਲਫ਼ ਹੈਲਪ ਗਰੁੱਪ ਲਈ ਸਟੇਟ ਐਵਾਰਡ ਮਿਲ ਚੁੱਕਿਆ ਹੈ।