ਦਰਸ਼ਨ ਸਿੰਘ ਦਾ ਜੁਗਾੜ, ਇੱਕ ਏਕੜ ‘ਚੋਂ ਡੇਢ ਏਕੜ ਦੀ ਫਸਲ

ਰਾਮਪੁਰਾ ਦਾ ਕਿਸਾਨ ਦਰਸ਼ਨ ਸਿੰਘ ਇੱਕ ਏਕੜ ‘ਚੋਂ ਡੇਢ ਏਕੜ ਦੀ ਆਲੂ ਦੀ ਫ਼ਸਲ ਲੈ ਰਿਹਾ ਹੈ। ਇਸ ਕਾਰਨਾਮੇ ਪਿੱਛੇ ਉਸ ਨੇ ਦੂਸਰੇ ਕਿਸਾਨਾਂ ਤੋਂ ਹਟਕੇ ਖੇਤੀ ਦੀ ਇੱਕ ਖ਼ਾਸ ਕਾਢ ਕੱਢੀ ਹੈ। ਆਮ ਤੌਰ ਤੇ ਆਲੂ ਦੀ ਖੇਤੀ ਲਈ 26 ਇੰਚ ਦੀ ਲਾਈਨ ਹੁੰਦੀ ਹੈ ਪਰ ਦਰਸ਼ਨ ਨੇ ਦੋ ਲਾਈਨ ਵਿੱਚ 52 ਇੰਚ ਦਾ ਇੱਕ ਬੈੱਡ ਤਿਆਰ ਕੀਤਾ ਤੇ ਉਸ ਉੱਤੇ ਤਿੰਨ ਲਾਈਨਾਂ ਦੀ ਬਿਜਾਈ ਸ਼ੁਰੂ ਕਰ ਦਿੱਤੀ।

ਉਸ ਨੇ ਦੋ ਲਾਈਨਾਂ ਦੀ ਤਾਂ ਮਸ਼ੀਨ ਨਾਲ ਬਿਜਾਈ ਕਰ ਦਿੱਤੀ ਤੇ ਇੱਕ ਲਾਈਨ ਵਿੱਚ ਹੱਥ ਨਾਲ ਬਿਜਾਈ ਕੀਤੀ। ਇਸ ਦੀ ਸਫਲਤਾ ਤੋਂ ਬਾਅਦ ਦਰਸ਼ਨ ਨੇ ਤਾਂ ਆਪਣੇ ਤਰੀਕੇ ਦੀ ਬਿਜਾਈ ਦੇ ਹਿਸਾਬ ਦੀ ਮਸ਼ੀਨ ਵੀ ਤਿਆਰ ਕਰਵਾ ਲਈ। ਇਸ ਤਕਨੀਕ ਸਦਕਾ ਹੀ ਉਹ ਇੱਕ ਏਕੜ ਵਿੱਚੋਂ ਡੇਢ ਏਕੜ ਦੀ ਕਮਾਈ ਕਰ ਲੈਂਦਾ ਹੈ।

ਇੰਨਾ ਹੀ ਨਹੀਂ ਦਰਸ਼ਨ ਸਿੰਘ ਨੇ ਪਿਛਲੇ 6 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ। ਉਹ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਖਾਦ ਬਣਾ ਦਿੰਦਾ ਹੈ ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਣ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ। ਉਹ ਪਰਾਲੀ ਨੂੰ ਅੱਗ ਨਾ ਲਾਉਣ ਕਾਰਨ ਅਣਗਿਣਤ ਮਿੱਤਰ-ਕੀੜਿਆਂ ਦਾ ਵੀ ਬਚਾਅ ਕਰ ਲੈਂਦਾ ਹੈ।

ਇਹ ਅਗਾਂਹਵਧੂ ਕਿਸਾਨ ਸਾਲ ਵਿੱਚ ਤਿੰਨ ਫ਼ਸਲਾਂ ਝੋਨਾ, ਆਲੂ ਤੇ ਮੱਕੀ ਲੈਂਦਾ ਹੈ। ਦਰਸ਼ਨ ਦੀ ਹੁਸ਼ਿਆਰੀ ਦੇ ਚਰਚੇ ਸਿਰਫ਼ ਪਿੰਡ ਵਿੱਚ ਹੀ ਨਹੀਂ ਬਲਕਿ ਦੂਜੇ ਸੂਬਿਆਂ ਵਿੱਚ ਹੁੰਦੇ ਹਨ। ਉਸ ਨੂੰ ਖੇਤੀ ਕਾਰਨ ਪੰਜਾਬ ਸਮੇਤ ਦੂਜੇ ਸੂਬਿਆਂ ਤੋਂ ਕਈ ਐਵਾਰਡ ਮਿਲ ਚੁੱਕੇ ਹਨ।