ਹੁਣ ਨਹੀਂ ਪੀਣਾ ਪਵੇਗਾ ਭਿਣ-ਭਿਣ ਕਰਦੀਆਂ ਮੱਖੀਆਂ ਵਾਲਾ ‘ਗੰਨੇ ਦਾ ਜੂਸ’

October 11, 2017

ਗੰਨੇ ਦਾ ਜੂਸ ਪੀਣ ਦੇ ਸ਼ੌਕੀਨ ਲੋਕਾਂ ਲਈ ਖੁਸ਼ਖਬਰੀ ਹੈ। ਹੁਣ ਰੇਹੜੀ-ਫੜ੍ਹੀਆਂ ‘ਤੇ ਮੱਖੀਆਂ ਅਤੇ ਬਿਨਾਂ ਸਾਫ-ਸਫਾਈ ਦੇ ਵਿਕ ਰਹੇ ਗੰਨੇ ਦੇ ਜੂਸ ਦੀ ਜਗ੍ਹਾ ਬੋਤਲ ਬੰਦ ਜੂਸ ਮਿਲੇਗਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ. ਏ. ਯੂ.) ਦੇ ‘ਡਿਪਾਰਟਮੈਂਟ ਆਫ ਫੂਡ ਸਾਇੰਸ ਐਂਡ ਤਕਨਾਲੋਜੀ’ ਮਹਿਕਮੇ ਨੇ ਬਿਨਾ ਕਿਸੇ ਕੈਮੀਕਲ ਕੁਦਰਤੀ ਕੀਟਾਣੂ ਰਹਿਤ ਗੰਨੇ ਦਾ ਜੂਸ ਤਿਆਰ ਕੀਤਾ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਸਧਾਰਨ ਤਾਪਮਾਨ ‘ਚ ਇਕ ਸਾਲ ਤੱਕ ਘਰ ‘ਚ ਰੱਖਿਆ ਜਾ ਸਕਦਾ ਹੈ ਅਤੇ ਫਰਿੱਜ ‘ਚ ਠੰਡਾ ਕਰਨ ਤੋਂ ਬਾਅਦ ਪੀਤਾ ਜਾ ਸਕਦਾ ਹੈ।

ਸੂਬੇ ‘ਚ ਪਹਿਲੀ ਵਾਰ 12 ਅਕਤੂਬਰ ਨੂੰ ਯੂਨੀਵਰਸਿਟੀ ਵਲੋਂ ਲਾਏ ਜਾ ਰਹੇ ਇਕ ਦਿਨਾ ‘ਫੂਡ ਇੰਡਸਟਰੀ ਐਂਡ ਕ੍ਰਾਫਟ’ ਮੇਲੇ ‘ਚ ਬੋਤਲ ਬੰਦ ਗੰਨੇ ਦੇ ਜੂਸ ਦੇ ਨਾਲ-ਨਾਲ ਇਸ ਤਕਨਾਲੋਜੀ ਨੂੰ ਵੀ ਖਰੀਦਿਆ ਜਾ ਸਕਦਾ ਹੈ। ਡਿਪਾਰਟਮੈਂਟ ਆਫ ਫੂਡ ਸਾਇੰਸ ਐਂਡ ਤਕਨਾਲੋਜੀ ਦੀ ਮੁਖੀ ਪੂਨਮ ਸਚਦੇਵਾ ਨੇ ਦੱਸਿਆ ਕਿ ਦੇਸ਼ ‘ਚ ਸਿਰਫ ਪੀ. ਏ. ਯੂ. ਨੇ ਹੀ ਰਿਸਰਚ ਕਰਕੇ ਪਹਿਲੀ ਵਾਰ ਇਕ ਸਾਲ ਤੱਕ ਸਟੋਰ ਕਰਕੇ ਗੰਨੇ ਦਾ ਜੂਸ ਰੱਖਣ ਦੀ ਵਿਧੀ ਤਿਆਰ ਕੀਤੀ ਹੈ। ਇਸ ਤੋਂ ਪਹਿਲਾਂ ਗੰਨੇ ਦੇ ਜੂਸ ‘ਤੇ 2 ਸੂਬਿਆਂ ਨੇ ਰਿਸਰਚ ਕੀਤੀ ਸੀ, ਜੋ ਸਿਰਫ 2 ਤੋਂਮ 3 ਮਹੀਨਿਆਂ ਤੱਕ ਹੀ ਸਟੋਰ ਕੀਤਾ ਜਾ ਸਕਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਗੰਨੇ ਨੂੰ ਪੂਰੀ ਤਰ੍ਹਾਂ ਧੋ ਕੇ ਥਰਮਲ ਪ੍ਰੋਸੈੱਸ ਰਾਹੀਂ ਜੂਸ ਗਰਮ ਕੀਤਾ ਗਿਆ। ਇਸ ‘ਚ ਕੁਦਰਤੀ ਅਦਰਕ, ਨਿੰਬੂ, ਪੁਦੀਨਾ ਪਾਇਆ ਗਿਆ। ਫਿਰ ਇਸ ਨੂੰ ਤਕਨੀਕੀ ਵਿਧੀ ਨਾਲ ਕੀਟਾਣੂ ਰਹਿਤ ਕਰਕੇ ਬੋਤਲ ‘ਚ ਬੰਦ ਕੀਤਾ ਗਿਆ। ਜੂਸ ਦਾ ਸਭ ਤੋਂ ਵੱਡਾ ਫਾਇਦ ਇਹ ਹੈ ਕਿ ਇਹ ਹਾਈਜੀਨਕ ਹੈ।