ਆਲੂਆਂ ਤੋਂ ਬਾਅਦ ਹੁਣ ਟਮਾਟਰਾਂ ਨੇ ਵੀ ਰਗੜੇ ਕਿਸਾਨ,

ਆਰਥਕ ਮੰਦਹਾਲੀ ਨਾਲ ਜੂਝ ਰਿਹਾ ਪੰਜਾਬ ਦਾ ਕਿਸਾਨ ਆਲੂਆਂ ਤੋਂ ਬਾਅਦ ਹੁਣ ਟਮਾਟਰਾਂ ਕਾਰਨ ਮੰਦੀ ਦੀ ਮਾਰ ਹੇਠ ਹੈ। ਹਾਲਾਤ ਇਹ ਹਨ ਕਿ ਆਪਣੇ ਹੱਥੀਂ ਹਜ਼ਾਰਾਂ ਰੁਪਏ ਖਰਚ ਕੇ ਖੇਤਾਂ ਵਿਚ ਉਗਾਈ ਟਮਾਟਰਾਂ ਦੀ ਫਸਲ ਨੂੰ ਵਾਹ ਕੇ ਨਸ਼ਟ ਕਰਨ ਕਰਨ ਲਈ ਮਜਬੂਰ ਹੋ ਗਿਆ ਹੈ। ਮੰਡੀ ਵਿਚ ਇਸ ਵਕਤ ਇਸ ਦਾ ਰੇਟ 2 ਤੋਂ 3 ਰੁਪਏ ਕਿਲੋ ਹੈ। ਇਸ ਰੇਟ ਨਾਲ ਕਿਸਾਨ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ।

ਕੁੱਝ ਮਹੀਨੇ ਪਹਿਲਾਂ 250-300 ਵਿਚ ਵਿਕਣ ਵਾਲਾ ਕਰੇਟ ਹੁਣ 60 ਰੁਪਏ ਵਿਚ ਹੀ ਵਿਕ ਰਿਹਾ ਹੈ। ਮਾਲਵਾ ਦੀ ਪ੍ਰਮੁੱਖ ਵੱਡੀ ਸਬਜ਼ੀ ਮੰਡੀ ਸਨੌਰ ਵਿਚ ਕਈ ਜ਼ਿਲਿਆਂ ਤੋਂ ਟਮਾਟਰਾਂ ਸਮੇਤ ਹੋਰ ਸਬਜ਼ੀਆਂ ਆਉਂਦੀਆਂ ਹਨ। ਮੰਡੀ ਵਿਚ ਇਸ ਸਮੇਂ ਟਮਾਟਰ ਦੀ ਫਸਲ ਦਾ ਬੇਹੱਦ ਮਾੜਾ ਹਾਲ ਹੈ। 10 ਦਿਨ ਪਹਿਲਾਂ ਤਾਂ ਟਮਾਟਰ ਇੱਥੇ 1 ਰੁਪਏ ਕਿਲੋ ਹੀ ਵਿਕ ਰਿਹਾ ਸੀ। ਹੁਣ ਇਸ ਦੀ ਕੀਮਤ 2 ਤੋਂ 3 ਰੁਪਏ ਕਿਲੋ ਮਿਲ ਰਹੀ ਹੈ। ਇਸ ਸਥਿਤੀ ਵਿਚ ਕਿਸਾਨ ਕੋਲ ਹੱਥੀਂ ਬੀਜੀ ਫਸਲ ਆਪ ਨਸ਼ਟ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ।

ਸਨੌਰ ਦੇ ਕਿਸਾਨ ਕਾਕਾ ਸਿੰਘ ਨੇ ਦੱਸਿਆ ਸਬਜ਼ੀ ਮੰਡੀ ਵਿਚ ਟਮਾਟਰ ਦਾ ਰੇਟ ਘੱਟ ਹੋਣ ਅਤੇ ਖਰਚਾ ਵੱਧ ਆਉਣ ਕਾਰਨ ਉਹ ਬਹੁਤ ਉਦਾਸ ਹੈ। ਇਸ ਵਾਰ ਟਮਾਟਰ ਦੀ ਫਸਲ ਬਹੁਤ ਵਧੀਆ ਹੋਈ ਸੀ। ਰੇਟ ਨਾ ਹੋਣ ਕਾਰਨ ਮੰਡੀ ਤੋਂ ਵਾਪਸ ਆਉਂਦਿਆਂ ਹੀ ਉਸ ਨੇ ਟਮਾਟਰ ਭੇਡਾਂ-ਬੱਕਰੀਆਂ ਹਵਾਲੇ ਕਰ ਦਿੱਤੇ। ਕਿਸਾਨ ਨੇ ਦੱਸਿਆ ਇਹ ਜ਼ਮੀਨ ਉਸ ਨੇ ਠੇਕੇ ‘ਤੇ ਲਈ ਹੋਈ ਹੈ।

ਟਮਾਟਰਾਂ ਤੋੜਨ ਲਈ ਵੀ ਨਹੀਂ ਹਨ ਪੇਸੈ : ਕਰਨੈਲ ਸਿੰਘ

ਕਿਸਾਨ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਸਾਡੇ ਹਾਲਾਤ ਇਹ ਹੋ ਚੁੱਕੇ ਹਨ ਕਿ ਟਮਾਟਰਾਂ ਨੂੰ ਤੋੜਨ ਲਈ ਵੀ ਪੈਸੇ ਨਹੀਂ ਹਨ। ਇਸ ਲਈ ਬਹੁਤੇ ਕਿਸਾਨਾਂ ਨੂੰ ਇਸ ਫਸਲ ਨੂੰ ਸਪਰੇਅ ਰਾਹੀਂ ਖਤਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਕਿਸਾਨ ਖਤਮ ਹੋ ਰਿਹਾ ਹੈ। ਉਸ ਦੇ ਰੋਜ਼ਗਾਰ ਅਤੇ ਪਰਿਵਾਰਾਂ ਵੱਲ ਕਿਸੇ ਵੱਲੋਂ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ।