ਵੱਧ ਪੈਦਾਵਾਰ ਲੈਣ ਲਈ ਇਸ ਤਰ੍ਹਾਂ ਕਰੋ ਟਮਾਟਰ ਦੀ ਖੇਤੀ

ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਟਮਾਟਰ ਦੀ ਖੇਤੀ ਬਾਰੇ। ਮੀਹਂ ਦੇ ਮੌਸਮ ਵਿਚ ਵੀ ਟਮਾਟਰ ਦੀ ਫਸਲ ਨੂੰ ਚਿਟੀ ਮੱਖੀ ਰਾਹੀਂ ਫੈਲਣ ਵਾਲੇ ਵਿਸ਼ਾਣੂੰ ਰੋਗ ਦੇ ਹਮਲੇ ਕਰਕੇ ਕਿਸਾਨਾਂ ਨੂੰ ਇਸ ਦੀ ਕਾਸ਼ਤ ਕਰਨ ਵਿਚ ਦਿੱਕਤ ਆਉਂਦੀ ਹੈ ਅਤੇ ਕਈ ਵਾਰ ਇਹ ਰੋਗ ਫਸਲ ਪੂਰੀ ਤਰਾਂ ਤਬਾਹ ਕਰ ਦਿੰਦਾ ਹੈ। ਪੀਏਯੂ ਲੁਧਿਆਣਾ ਵੱਲੋਂ ਟਮਾਟਰ ਦੀ ਨਵੀਂ ਕਿਸਮ ਪੰਜਾਬ ਵਰਖਾ ਬਹਾਰ-4 ਦੀ ਸਿਫਾਰਿਸ਼ ਕੀਤੀ ਗਈ ਹੈ ਜਿਸ ਨਾਲ ਪੰਜਾਬ ਦੇ ਕਿਸਾਨ ਹੁਣ ਬਰਸਾਤ ਰੁੱਤ ਵਿਚ ਵੀ ਟਮਾਟਰ ਦੀ ਕਾਸ਼ਤ ਕਰ ਸਕਦੇ ਹਨ। ਆਓ ਜਾਂਦੇ ਹਾਂ ਕਾਸ਼ਤ ਦੇ ਢੰਗ…

ਬੀਜ: ਟਮਾਟਰ ਦੀ ਕਾਸ਼ਤ ਲਈ ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 100 ਗ੍ਰਾਮ ਬੀਜ ਕਾਫ਼ੀ ਹੈ। ਏਕੜ ਲਈ ਪਨੀਰੀ ਦੋ ਮਰਲੇ (50 ਵਰਗ ਮੀਟਰ) ਦੀਆਂ ਕਿਆਰੀਆਂ ਵਿਚ ਕਾਫ਼ੀ ਹੁੰਦੀ ਹੈ। ਉਸਤੋਂ ਬਾਅਦ ਪੰਜਾਬ ਵਰਖਾ ਬਹਾਰ-4 ਬਿਜਾਈ ਅੱਧ ਅਗਸਤ ਵਿਚ ਪਨੀਰੀ ਪੁੱਟ ਕੇ ਖੇਤ ਵਿਚ ਲਾ ਦਿਉ। ਇੱਕ ਥਾਂ ਪਨੀਰੀ ਦੇ ਦੋ ਬੂਟੇ ਲਾਉ।

ਪਨੀਰੀ ਤਿਆਰ ਕਰਨ ਦਾ ਤਰੀਕਾ : ਪਨੀਰੀ ਤਿਆਰ ਕਰਨ ਲਈ 1.5 ਮੀਟਰ ਚੌੜੀਆਂ ਅਤੇ 20 ਸੈਂਟੀਮੀਟਰ ਉਚੀਆਂ ਕਿਆਰੀਆਂ ਬਣਾਉ। ਕਿਆਰੀਆਂ ਬਣਾਉਣ ਤੋਂ ਪਹਿਲਾਂ 10 ਕੁਇੰਟਲ ਗਲੀ-ਸੜੀ ਰੂੜੀ ਜ਼ਮੀਨ ਵਿਚ ਮਿਲਾ ਲੈਣੀ ਚਾਹੀਦੀ ਹੈ ਅਤੇ ਕਿਆਰੀਆਂ ਨੂੰ ਬਿਜਾਈ ਤੋਂ ਘੱਟੋ-ਘੱਟ 10 ਦਿਨ ਪਹਿਲਾਂ ਪਾਣੀ ਦਿਓ। ਕਿਆਰੀਆਂ 1.5-2.0 ਪ੍ਰਤੀਸ਼ਤ ਫਾਰਮਲੀਨ ਦੇ ਘੋਲ ਨਾਲ 4-5 ਲਿਟਰ ਪਾਣੀ ਪ੍ਰਤੀ ਵਰਗ ਮੀਟਰ ਨਾਲ ਗੜੁੱਚ ਕਰੋ। ਕਿਆਰੀਆਂ ਨੂੰ ਪਲਾਸਟਿਕ ਦੀ ਚਾਦਰ ਨਾਲ 24 ਘੰਟੇ ਤੱਕ ਢਕ ਦਿਓ।

ਬਾਅਦ ਵਿਚ ਦਿਨ ਵਿਚ ਇਕ ਵਾਰ 4-5 ਦਿਨ ਤੱਕ ਕਿਆਰੀਆਂ ਦੀ ਮਿੱਟੀ ਪਲਟਾਓ ਤਾਂ ਕਿ ਫਾਰਮਲੀਨ ਦਾ ਅਸਰ ਖ਼ਤਮ ਹੋ ਜਾਵੇ। ਬੀਜ ਦੀ ਸੋਧ ਲਈ 3 ਗ੍ਰਾਮ ਕੈਪਟਾਨ/ਥੀਰਮ ਦਵਾਈ ਪ੍ਰਤੀ ਕਿਲੋ ਬੀਜ ਪਿੱਛੇ ਲਾਓ। ਬੀਜ 1-2 ਸੈਂਟੀਮੀਟਰ ਡੂੰਘਾਈ ਤੇ ਕਤਾਰਾਂ ਵਿਚ 5 ਸੈਂਟੀਮੀਟਰ ਦੀ ਵਿੱਥ ਤੇ ਬੀਜੋ। ਪਨੀਰੀ ਦੇ ਪੁੰਗਰਨ ਤੋਂ 5-7 ਦਿਨ ਬਾਅਦ ਕੈਪਟਾਨ/ਥੀਰਮ ਦਵਾਈ (4 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਘੋਲ ਨਾਲ ਗੜੁੱਚ ਕਰੋ।

7-10 ਦਿਨ ਬਾਅਦ ਇਸ ਨੂੰ ਫਿਰ ਦੁਹਰਾਓ। ਪਨੀਰੀ ਨੂੰ ਟਰੇਆਂ ਵਿਚ ਵੀ ਤਿਆਰ ਕੀਤਾ ਜਾ ਸਕਦਾ ਹੈ। ਬਿਜਾਈ ਤੋਂ ਤਕਰੀਬਨ 3-4 ਹਫਤਿਆਂ ਬਾਅਦ ਪਨੀਰੀ ਖੇਤ ਵਿਚ ਲਗਾਉਣ ਲਈ ਤਿਆਰ ਹੋ ਜਾਦੀਂ ਹੈ। ਪੰਜਾਬ ਵਰਖਾ ਬਹਾਰ-4 ਦੀ ਪਨੀਰੀ ਖੇਤ ਵਿਚ ਲਗਾਉਣ ਸਮੇਂ ਕਤਾਰਾਂ ਵਿਚਕਾਰ ਫ਼ਾਸਲਾ 120 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਹੋਣਾ ਚਾਹੀਦਾ ਹੈ।

ਖਾਦ : 10 ਟਨ ਗਲੀ ਸੜੀ ਰੂੜੀ ਅਤੇ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ), 25 ਕਿਲੋ ਫ਼ਾਸਫੋਰਸ (155 ਕਿਲੋ ਸੁਪਰ ਫ਼ਾਸਫੇਟ) ਅਤੇ 25 ਕਿਲੋ ਪੋਟਾਸ਼ (45 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਬੂਟੇ ਲਾਉਣ ਤੋਂ ਪਹਿਲਾਂ ਪਾਉਣ ਦੀ ਲੋੜ ਹੈ। ਇਹ ਖਾਦ ਲਾਈਨਾਂ ਵਿਚ ਬੂਟੇ ਲਾਉਣ ਦੀ ਥਾਂ ਤੇ ਇੱਕ ਪਾਸੇ 15 ਸੈਂਟੀਮੀਟਰ ਦੂਰੀ ‘ਤੇ ਪਾ ਕੇ ਖਾਲੀ ਬਣਾ ਦਿਓ।  ਇਕ ਮਹੀਨੇ ਪਿਛੋਂ 35 ਕਿਲੋ ਨਾਈਟ੍ਰੋਜਨ (75 ਕਿਲੋ ਯੂਰੀਆ) ਪਾਓ। ਪਰ ਇਹ ਧਿਆਨ ਰੱਖੋ ਕਿ ਖਾਦ ਬੂਟਿਆਂ ਦੇ ਮੁੱਢਾਂ ਨਾਲ ਨਾ ਲੱਗੇ। ਖਾਦ ਮਿੱਟੀ ਵਿਚ ਮਿਲਾ ਦਿਓ ਤੇ ਫੇਰ ਬੂਟਿਆਂ ਨੂੰ ਮਿੱਟੀ ਚੜ੍ਹਾ ਦਿਓ। ਰੇਤਲੀਆਂ ਜ਼ਮੀਨਾਂ ਵਿਚ ਖਾਦ ਤਿੰਨ ਕਿਸ਼ਤਾਂ ਵਿਚ ਪਾਓ। ਭਾਰੀਆਂ ਜ਼ਮੀਨਾਂ ਵਿਚ ਨਾਈਟ੍ਰੋਜਨ ਵਾਲੀ ਖਾਦ ਦੀ ਮਾਤਰਾ ਘਟਾ ਦਿਓ।

ਪਾਣੀ : ਫਸਲ ਨੂੰ ਪਹਿਲਾ ਪਾਣੀ ਪਨੀਰੀ ਖੇਤ ਵਿਚ ਲਾਉਣ ਤੋਂ ਤੁਰੰਤ ਬਾਅਦ ਲਾਓ। ਗਰਮੀਆਂ ਵਿਚ ਬਾਅਦ ਵਾਲੀ ਸਿੰਚਾਈ 6-7 ਦਿਨ ਬਾਅਦ ਅਤੇ ਸਰਦੀਆਂ ਵਿਚ 10-15 ਦਿਨ ਬਾਅਦ ਕਰੋ।

ਤੁੜਾਈ : ਇਸਦੀ ਤੁੜਾਈ ਮੰਡੀ ਤੋਂ ਫ਼ਾਸਲੇ ਦੇ ਮੁਤਾਬਕ ਕਰਨੀ ਜਰੂਰੀ ਹੈ। ਕਿਉਂਕਿ ਦੂਰ ਦੀਆਂ ਮੰਡੀਆਂ ਲਈ ਪੱਕਿਆ ਹੋਇਆ ਹਰਾ ਫ਼ਲ ਤੋੜਨਾ ਹੈ, ਅਤੇ ਨੇੜੇ ਲਈ ਲਾਲ ਰੰਗ ਵਿਚ ਤਬਦੀਲ ਹੋ ਰਿਹਾ ਫ਼ਲ ਤੋੜੋ। ਇਹ ਕਿਸਮ ਨਵੰਬਰ ਮਹੀਨੇ ਵਿਚ ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਸਰਦੀ ਦੇ ਮਹੀਨਿਆਂ ਵਿਚ ਫਲ ਨਹੀਂ ਪੱਕਦਾ ਜਾਂ ਉਸਦਾ ਰੰਗ ਲਾਲ ਨਹੀਂ ਹੁੰਦਾ। ਇਨ੍ਹਾਂ ਹਾਲਾਤਾਂ ਵਿਚ ਬਿਮਾਰੀ ਅਤੇ ਦਾਗ ਰਹਿਤ ਹਲਕੇ ਤੋਂ ਪੀਲੇ ਟਮਾਟਰ ਅਖ਼ਬਾਰ ਲਗੇ ਪਲਾਸਟਿਕ ਕਰੇਟਾਂ ਵਿਚ ਪੈਕ ਕਰਕੇ ਹਵਾਦਾਰ ਪੌਲੀ ਹਾਊਸ ਵਿਚ ਜਾਂ ਰਾਈਪਨਿੰਗ ਚੈਂਬਰ (200 ਸੈਂਟੀਗ੍ਰੇਡ ਅਤੇ 85 ਤੋਂ 95% ਨਮੀ) ਵਿਚ ਰੱਖ ਕੇ 7-10 ਦਿਨਾਂ ਵਿਚ ਪੱਕ ਜਾਂਦੇ ਹਨ। ਇਸ ਤਰ੍ਹਾਂ ਫਲ ਦਾ ਰੰਗ ਅਤੇ ਮਿਆਰ ਚੰਗਾ ਬਣਦਾ ਹੈ।