ਆਖਿਰ ਕਿਉਂ ਠੱਗੇ ਹੋਏ ਮਹਿਸੂਸ ਕਰਨ ਲੱਗੇ ਨੇ ਪੰਜਾਬ ਦੇ ਗੰਨਾ ਉਤਪਾਦਕ

ਪੰਜਾਬ ਦੇ ਗੰਨਾ ਕਿਸਾਨ ਠੱਗੇ-ਠੱਗੇ ਮਹਿਸੂਸ ਕਰ ਰਹੇ ਹਨ | ਪਿਛਲੇ ਮਹੀਨੇ 5 ਦਸੰਬਰ ਨੂੰ ਫਗਵਾੜਾ ਵਿਖੇ ਹਾਈਵੇ ਜਾਮ ਕਰਕੇ ਬੈਠੇ ਗੰਨਾ ਉਤਪਾਦਕਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਗੰਨੇ ਦੀ ਪਿਛਲੇ ਸਾਲ ਦੀ ਅਦਾਇਗੀ ਵੀ ਜਲਦੀ ਕਰ ਦਿੱਤੀ ਜਾਵੇਗੀ ਤੇ ਸਰਕਾਰ ਮਿੱਲਾਂ ਦੇ ਕਰਜ਼ੇ ਦੇ ਵਿਆਜ ਦਾ 65 ਕਰੋੜ ਰੁਪਏ ਦੇਵੇਗੀ, ਨਿੱਜੀ ਗੰਨਾ ਮਿੱਲਾਂ ਤੁਰੰਤ ਪਿੜਾਈ ਦਾ ਕੰਮ ਸ਼ੁਰੂ ਕਰਨਗੀਆਂ  ਪਰ ਇਕ ਮਹੀਨਾ ਬੀਤ ਗਿਆ ਹੈ, ਨਾ ਸਰਕਾਰ ਨੇ 65 ਕਰੋੜ ਰੁਪਏ ਜਾਰੀ ਕੀਤੇ ਹਨ, ਨਾ ਨਿੱਜੀ ਖੰਡ ਮਿੱਲਾਂ ਨੇ ਇਕ ਵੀ ਪੈਸਾ ਗੰਨਾ ਕਿਸਾਨਾਂ ਨੂੰ ਬਕਾਏ ਦਾ ਦਿੱਤਾ ਹੈ | ਗੰਨਾ ਮਿੱਲਾਂ ਨੇ ਪਿੜਾਈ ਤਾਂ ਸ਼ੁਰੂ ਕਰ ਦਿੱਤੀ ਹੈ, ਪਰ ਨਵੇਂ ਖਰੀਦੇ ਜਾ ਰਹੇ ਗੰਨੇ ਦੀ ਅਦਾਇਗੀ ਕੋਈ ਨਹੀਂ ਕੀਤੀ ਜਾ ਰਹੀ |

ਉਪਰੋਂ ਹਾਲਤ ਇਹ ਹੈ ਕਿ 40-50 ਹਜ਼ਾਰ ਰੁਪਏ ਗੰਨੇ ਦੀ ਫ਼ਸਲ ਉੱਪਰ ਖ਼ਰਚ ਕੇ ਕਿਸਾਨ ਗੰਨਾ ਮਿੱਲਾਂ ‘ਚ ਸੁੱਟ ਕੇ ਖ਼ਾਲੀ ਹੱਥ ਘਰਾਂ ਨੂੰ ਪਰਤ ਰਹੇ ਹਨ | ਗੰਨਾ ਕਾਸ਼ਤਕਾਰਾਂ ਦਾ 200 ਕਰੋੜ ਰੁਪਏ ਦਾ ਪਿਛਲੇ ਸਾਲ ਦਾ ਨਿੱਜੀ ਮਿੱਲਾਂ ਵੱਲ ਬਕਾਇਆ ਹੈ, ਮਿੱਲ ਮਾਲਕਾਂ ਦਾ ਕਹਿਣਾ ਹੈ ਕਿ ਪਿਛਲੀ ਖੰਡ ਦਾ ਸਟਾਕ ਪਹਿਲਾਂ ਪਿਆ ਹੈ ਤੇ ਨਵੀਂ ਖੰਡ ਵੀ ਆ ਰਹੀ ਹੈ, ਪਰ ਅੱਗੋਂ ਸਰਕਾਰ ਚੁੱਕ ਨਹੀਂ ਰਹੀ ਜਿਸ ਕਾਰਨ ਨਵੇਂ ਖਰੀਦੇ ਗੰਨੇ ਦੀ ਰਕਮ ਦੇਣੀ ਮੁਸ਼ਕਿਲ ਹੈ |  ਮਿੱਲ ਮਾਲਕਾਂ ਦਾ ਕਹਿਣਾ ਹੈ ਕਿ ਨਵੇਂ ਖ਼ਰੀਦੇ ਗੰਨੇ ਦੀ ਅਦਾਇਗੀ ਮਾਰਚ ਤੋਂ ਬਾਅਦ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ |

ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਕਿਸਾਨਾਂ ਦਾ ਪਿਛਲੇ ਸਾਲ ਦਾ ਬਕਾਇਆ ਅਜੇ ਵੀ ਨਿੱਜੀ ਤੇ ਸਹਿਕਾਰੀ ਮਿੱਲਾਂ ਵੱਲ 300 ਕਰੋੜ ਰੁਪਏ ਦੇ ਕਰੀਬ ਖੜ੍ਹਾ ਹੈ ਤੇ ਪਿਛਲੇ ਡੇਢ ਮਹੀਨੇ ‘ਚ 500 ਕਰੋੜ ਦੇ ਮੁੱਲ ਦਾ ਨਵਾਂ ਗੰਨਾ ਖਰੀਦਿਆ ਜਾ ਚੁੱਕਾ ਹੈ ਤੇ ਇਸ ਗੰਨੇ ਦੀ ਵੀ ਕੋਈ ਅਦਾਇਗੀ ਨਹੀਂ ਕੀਤੀ ਜਾ ਰਹੀ | ਉਨ੍ਹਾਂ ਕਿਹਾ ਕਿ ਸਰਕਾਰ ਪਿਛਲੇ ਬਕਾਏ ਸਮੇਤ ਅਦਾਇਗੀ ਜਾਰੀ ਕਰੇ ਨਹੀਂ ਤਾਂ ਕਿਸਾਨ ਮੁੜ ਸੜਕਾਂ ਉੱਪਰ ਉਤਰਨ ਲਈ ਮਜ਼ਬੂਰ ਹੋਣਗੇ |