ਕਿਸਾਨਾਂ ਲਈ ਵੀ ਮੁਸੀਬਤ ਬਣੀ ਸਮੌਗ, ਫ਼ਸਲਾਂ ਨੂੰ ਇਹ ਨੁਕਸਾਨ ਹੋਣ ਦਾ ਡਰ

ਧੁੰਦ ਅਤੇ ਧੂੰਏਂ ਦੇ ਗੁਬਾਰ ਦੇ ਸੁਮੇਲ ਨਾਲ ਬਣੀ ਸੰਘਣੀ ਸਮੌਗ (ਧੁੰਆਂਖੇ ਹੋਏ ਧੂੰਏਂ) ਕਾਰਨ ਅਜਿਹਾ ਮੌਸਮ ਬਣ ਗਿਆ ਹੈ, ਜੋ ਖੇਤਾਂ ਨੂੰ ਵੱਤਰ ਨਹੀਂ ਆਉਣ ਦੇ ਰਿਹਾ। ਵੱਖੋ ਵੱਖਰੇ ਖੇਤਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਜਿਨ੍ਹਾਂ ਕਿਸਾਨਾਂ ਨੇ ਝੋਨੇ ਦੀ ਅਗੇਤੀ ਕਟਾਈ ਕਰ ਕੇ ਖੇਤਾਂ ਦੀ ਸਿੰਜਾਈ ਕੀਤੀ ਸੀ, ਉਹ ਖੇਤ ਧੁੱਪ ਨਾ ਚਮਕਣ ਕਾਰਨ ਖ਼ੁਸ਼ਕ ਨਹੀਂ ਹੋ ਰਹੇ ਜਿਸ ਕਾਰਨ ਇਨ੍ਹਾਂ ਦੀ ਵਹਾਈ ਸੰਭਵ ਨਹੀਂ।

ਅਮਲੋਹ ਬਲਾਕ ਦੇ ਪਿੰਡ ਧਰਮਗੜ੍ਹ ਦੇ ਕੌਮੀ ਪੁਰਸਕਾਰ ਜੇਤੂ ਕਿਸਾਨ ਬਲਵੀਰ ਸਿੰਘ ਜੜੀਆਂ ਨੇ ਦੱਸਿਆ ਕਿ ਉਸ ਨੇ ਅਕਤੂਬਰ ਦੇ ਪਹਿਲੇ ਹਫ਼ਤੇ ਕੁਝ ਖੇਤਾਂ ਵਿੱਚੋਂ ਝੋਨਾ ਕੱਟ ਕੇ ਇਨ੍ਹਾਂ ਖੇਤਾਂ ਦੀ ਰੌਣੀ ਇਸ ਆਸ ਨਾਲ ਕੀਤੀ ਸੀ ਕਿ ਹਫ਼ਤੇ ਦਸ ਦਿਨ ’ਚ ਵੱਤਰ ਆ ਜਾਣਗੇ, ਪਰ ਪਿਛਲੇ ਦਿਨਾਂ ’ਚ ਧੁੰਦ ਪੈਣ ਅਤੇ ਹਵਾ ਨਾ ਚੱਲਣ ਕਾਰਨ ਨਮੀ ਦੇ ਚਲਦਿਆਂ ਖੇਤ ਵਾਹੁਣਯੋਗ ਨਹੀਂ ਹੋਏ।

ਪਟਿਆਲਾ ਜ਼ਿਲ੍ਹੇ ਦੇ ਪਿੰਡ ਕੂਕਾ ਦੇ ਕਿਸਾਨ ਦਲਵੀਰ ਸਿੰਘ ਨੇ ਦੱਸਿਆ ਕਿ ਆਲੂ ਦੀ ਬਿਜਾਈ ਲਈ 10 ਏਕੜ ਖੇਤਾਂ ਨੂੰ ਇਹ ਸੋਚ ਕੇ ਸਿੰਜਿਆ ਸੀ ਕਿ ਇਹ ਖੇਤ ਬਾਕੀ ਦੀ ਬਿਜਾਈ ਕਰਦੇ ਵੱਤਰ ਆ ਜਾਣਗੇ, ਪਰ 25 ਦਿਨ ਮਗਰੋਂ ਵੀ ਉਹੀ ਹਾਲ ਹੈ। ਇਹੋ ਹਾਲ ਦਰਜਨਾਂ ਹੋਰ ਕਿਸਾਨਾਂ ਦਾ ਹੈ। ਧੁੰਦ ਕਾਰਨ ਸਿਰਫ਼ ਅਗਲੀਆਂ ਫ਼ਸਲਾਂ ਦੀ ਬਿਜਾਈ ਹੀ ਲੇਟ ਨਹੀਂ ਹੋ ਰਹੀ, ਸਗੋਂ ਕਿਸਾਨਾਂ ਨੇ ਜਿਹੜੀਆਂ ਫ਼ਸਲਾਂ ਬੀਜੀਆਂ ਹਨ ਉਨ੍ਹਾਂ ਦਾ ਵੀ ਸਹੀ ਤਰੀਕੇ ਨਾਲ ਵਿਕਾਸ ਨਹੀਂ ਹੋ ਰਿਹਾ।

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੋਜਾਰਥੀ ਡਾ. ਅਹੂਜਾ ਨੇ ਕਿਹਾ ਕਿ ਧੁੱਪ ਨਾ ਨਿਕਲਣ ਕਾਰਨ ਬੂਟਿਆਂ ਵਿੱਚ ਫੋਟੋਸਿੰਥੈਸਿਸ ਦੀ ਪ੍ਰਕਿਰਿਆ ਰੁਕ ਗਈ ਹੈ ਜਿਸ ਦਾ ਸਿੱਧਾ ਅਸਰ ਝਾੜ ਉੱਪਰ ਪੈ ਸਕਦਾ ਹੈ। ਕੇਂਦਰੀ ਆਲੂ ਖੋਜ ਸਟੇਸ਼ਨ ਬਾਦਸ਼ਾਹਪੁਰ ਦੇ ਵਿਗਿਆਨੀ ਡਾ. ਪ੍ਰਿੰਸ ਮੁਤਾਬਕ ਮੌਜੂਦਾ ਮੌਸਮੀ ਹਾਲਾਤ ਵਿੱਚ ਆਲੂਆਂ ਉੱਪਰ ਉੱਲੀ ਰੋਗ ਦਾ ਭਿਆਨਕ ਹਮਲਾ ਹੋ ਸਕਦਾ ਹੈ।