ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਾਂ ਖੇਤੀ ਉਪਜ ਖਰੀਦਣਾ ਮੰਨਿਆ ਜਾਵੇਗਾ ਅਪਰਾਧ

June 8, 2017

ਹੁਣ ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਾਂ ਖੇਤੀ ਉਪਜ ਖਰੀਦਣਾ ਅਪਰਾਧ ਮੰਨਿਆ ਜਾਵੇਗਾ ਇਹ ਘੋਸ਼ਣਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਪਣਾ 28 ਘੰਟੇ ਦਾ ਵਰਤ ਖ਼ਤਮ ਕਰਨ ਤੋਂ ਪਹਿਲਾਂ ਕੀਤੀ ਇਸਦੇ ਨਾਲ ਹੀ ਕਿਸਾਨਾਂ ਲਈ ਕਈ ਕਦਮਾਂ ਦਾ ਐਲਾਨ ਕੀਤਾ |

ਇਥੇ ਵਰਤ ਵਾਲੀ ਥਾਂ ਦੁਸਹਿਰਾ ਗਰਾਊਾਡ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਐਲਾਨੇ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ ‘ਤੇ ਖਰੀਦੀ ਕੋਈ ਵੀ ਖੇਤੀ ਉਪਜ ਨੂੰ ਮੱਧ ਪ੍ਰਦੇਸ਼ ਵਿਚ ਅਪਰਾਧਿਕ ਕਾਰਵਾਈ ਮੰਨਿਆ ਜਾਵੇਗਾ | ਵਰਤ ਤੋੜਨ ਤੋਂ ਪਹਿਲਾਂ ਸ੍ਰੀ ਚੌਹਾਨ ਨੇ ਲੋਕਾਂ ਨੂੰ ਉਨ੍ਹਾਂ ਤੱਤਾਂ ਨੂੰ ਅਲੱਗ ਥਲੱਗ ਕਰਨ ਦੀ ਅਪੀਲ ਕੀਤੀ ਜਿਹੜੇ ਗੜਬੜ ਫੈਲਾ ਰਹੇ ਹਨ |

ਗੌਰਤਲਬ ਹੈ ਕਿ 6 ਜੂਨ ਨੂੰ ਪੁਲਿਸ ਵਿਰੋਧ ਕਰ ਰਹੇ ਕਿਸਾਨਾਂ ਉੱਪਰ ਗੋਲੀ ਚਲਾਏ ਜਾਣ ਕਾਰਨ 6 ਕਿਸਾਨਾਂ ਦੀ ਮੌਤ ਹੋ ਗਈ ਸੀ | ਹੁਣ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾ ਮੰਨੇ ਜਾਣ ਤੇ ਹਾਲਾਤਾਂ ਵਿੱਚ ਸੁਧਾਰ ਆ ਰਿਹਾ ਹੈ |

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਖੇਤੀ ਵਾਲੀ ਜ਼ਮੀਨ ਕਿਸਾਨ ਦੀ ਸਹਿਮਤੀ ਹਾਸਲ ਕਰਨ ਪਿੱਛੋਂ ਪ੍ਰਾਪਤ ਕੀਤੀ ਜਾਵੇਗੀ | ਸ੍ਰੀ ਚੌਹਾਨ ਨੇ ਕਿਹਾ ਕਿ ਉਨ੍ਹਾਂ ਨੇ 2002 ਵਿਚ ਪੇਸ਼ ਕੀਤੀ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਪੜ੍ਹੀ ਹੈ ਅਤੇ ਇਸ ਦੀਆਂ ਸਿਫਾਰਸ਼ਾਂ ਦੇ ਆਧਾਰ ‘ਤੇ ਕਈ ਫ਼ੈਸਲੇ ਲਏ ਹਨ | ਸੂਬਾ ਸਰਕਾਰ ਸਾਰੀਆਂ ਮਿਊਾਸਪਲ ਕਮੇਟੀਆਂ ਦੇ ਅੰਦਰ ਆਉਂਦੇ ਇਲਾਕਿਆਂ ਵਿਚ ‘ਕਿਸਾਨ ਬਾਜ਼ਾਰ’ ਸਥਾਪਤ ਕਰੇਗੀ

ਮੁੱਖ ਮੰਤਰੀ ਕਿਹਾ ਕਿ ਅਸੀਂ ਸੂਬੇ ਵਿਚ ਦੁੱਧ ਦੀ ਖਰੀਦ ਲਈ ਅਮੁੱਲ ਡਾਇਰੀ ਕੋਆਪਰੇਟਿਵ ਪ੍ਰਣਾਲੀ ਆਪਣਾਵਾਂਗੇ | ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਹਰੇਕ ਸਾਲ ਖਸਰਾ (ਜ਼ਮੀਨੀ ਦਸਤਾਵੇਜ਼) ਦੀ ਕਾਪੀ ਕਿਸਾਨਾਂ ਦੇ ਘਰ ਮੁਫਤ ਭੇਜੀ ਜਾਵੇਗੀ | ਹੁਣ ਕਿਸਾਨਾਂ ਨੂੰ ਖਸਰਾ ਦੀ ਕਾਪੀ ਲੈਣ ਲਈ ਦਫ਼ਤਰਾਂ ‘ਚ ਜਾਣ ਦੀ ਲੋੜ ਨਹੀਂ |

ਸ੍ਰੀ ਚੌਹਾਨ ਨੇ ਅੱਗੇ ਇਹ ਵੀ ਐਲਾਨ ਕੀਤਾ ਕਿ ਖੇਤੀਬਾੜੀ ਜ਼ਮੀਨ ਦੀ ਬਿਹਤਰ ਅਤੇ ਮੁਨਾਫਾਯੋਗ ਵਰਤੋਂ ਨੂੰ ਯਕੀਨੀ ਬਣਾਉਣ ਲਈ ਸੂਬਾ ਜ਼ਮੀਨ ਵਰਤੋਂ ਸਲਾਹਕਾਰ ਸੇਵਾ ਦੀ ਸਥਾਪਨਾ ਕੀਤੀ ਜਾਵੇਗੀ | ਉਨ੍ਹਾਂ ਇਹ ਗੱਲ ਮੁੜ ਦੁਹਰਾਈ ਕਿ ਸਰਕਾਰ ਖੇਤੀ ਵਸਤਾਂ ਨੂੰ ਘੱਟੋ ਘੱਟ ਸਮਰਥਨ ਮੁੱਲ ‘ਤੇ ਖਰੀਦਣ ਲਈ 1000 ਕਰੋੜ ਰੁਪਏ ਦਾ ਪਰਾਈਸ ਸਟੈਬਲਾਈਜ਼ੇਸ਼ਨ ਫੰਡ ਕਾਇਮ ਕਰ ਰਹੀ ਹੈ |